ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਨਵਾਂ ਕਿਸਾਨ ਰੱਖਿਆ ਕਾਨੂੰਨ 2020 ਲਿਆਂਦਾ ਜਾਵੇ : ਬੀਰ ਦਵਿੰਦਰ ਸਿੰਘ


ਐਸ ਏ ਐਸ ਨਗਰ, 14 ਅਕਤੂਬਰ (ਸ.ਬ.) ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਸ੍ਰ. ਬੀਰ ਦਵਿੰਦਰ ਸਿੰਘ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ  ਹੈ ਕਿ ਕਿਸਾਨ ਵਿਰੋਧੀ ਤਿੰਨੇ  ਕਾਨੂੰਨਾਂ ਨੂੰ ਰੱਦ ਕਰਨ ਲਈ ਸੰਸਦ ਦਾ ਵਿਸ਼ੇਸ ਇਜਲਾਸ ਬੁਲਾ            ਕੇ ਨਵਾਂ ਕਿਸਾਨ ਰੱਖਿਆ ਕਾਨੂੰਨ 2020 ਲਿਆਂਦਾ ਜਾਵੇ| 
ਇੱਥੇ ਜਾਰੀ ਇਕ ਬਿਆਨ ਵਿੱਚ ਸ੍ਰ. ਬੀਰਦਵਿੰਦਰ ਸਿੰਘ ਨੇ ਕਿਹਾ ਕਿ ਖੇਤੀ ਵਿਰੋਧੀ ਤਿੰਨੇ ਕਾਨੂੰਨਾਂ ਦਾ                 ਕੇਵਲ ਇੱਕੋ-ਇੱਕ ਹੱਲ ਇਹ  ਹੈ ਕਿ ਕਿਸਾਨ ਵਿਰੋਧੀ ਤਿੰਨੇ  ਕਾਨੂੰਨਾਂ ਨੂੰ ਰੱਦ ਕਰਨ ਲਈ, ਤੁਰੰਤ ਭਾਰਤੀ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਇਆ  ਜਾਵੇ, ਜਿਸ ਵਿੱਚ ਇੱਕ ਨਵਾਂ ਕਿਸਾਨ ਰੱਖਿਆ ਕਾਨੂੰਨ 2020 ਲਿਆਂਦਾ ਜਾਵੇ ਅਤੇ ਇਸ ਕਾਨੂੰਨ ਰਾਹੀਂ (ਜਿਸਦਾ ਖਰੜਾ ਸਮੂਹ ਕਿਸਾਨ             ਜੱਥੇਬੰਦੀਆਂ ਦੀ ਸਹਿਮਤੀ ਅਤੇ ਮਨਜ਼ੂਰੀ ਨਾਲ ਤਿਆਰ ਕੀਤਾ         ਜਾਵੇ) ਸੰਸਦ ਵੱਲੋਂ  ਪਹਿਲਾਂ ਪਾਸ ਕੀਤੇ ਤਿੰਨੇ ਕਾਨੂੰਨਾਂ ਦੇ ਮਾਰੂ ਪ੍ਰਭਾਵਾਂ ਨੂੰ ਰੱਦ ਕੀਤਾ ਜਾਵੇ ਅਤੇ ਕਿਸਾਨਾਂ ਦੀਆਂ ਫਸਲਾਂ ਦੇ ਮੰਡੀਕਰਨ ਅਤੇ ਘੱਟੋ-ਘੱਟ ਖਰੀਦ ਮੁੱਲ ਦੇ ਪੁਖਤਾ ਕਾਨੂੰਨੀ ਪੇਸ਼ਬੰਦੀਆਂ ਕੀਤੀਆਂ ਜਾਣ| 
ਉਹਨਾਂ ਕਿਹਾ ਕਿ ਖੇਤੀ ਕਾਨੂੰਨਾ ਖਿਲਾਫ  ਅੰਦੋਲਨ ਦਰਮਿਆਨ ਕਿਸਾਨ ਜੱਥੇਬੰਦੀਆਂ ਦੀ ਮੁਕਮੰਲ ਏਕਤਾ ਹੀ, ਉਨ੍ਹਾਂ ਦੇ ਅੰਦੋਲਨ ਦੀ ਮੁਕੰਮਲ ਜਿੱਤ ਦੀ ਜਾਮਨ ਬਣੇਗੀ| ਉਹਨਾਂ ਕਿਹਾ ਕਿ  ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋ ਦਿੱਲੀ ਵਿੱਚ  ਅੱਜ ਭਾਰਤ ਸਰਕਾਰ ਦੇ ਖੇਤੀ ਸਕੱਤਰ ਸੰਜੇ ਅਗਰਵਾਲ ਨਾਲ ਹੋਈ ਮੀਟਿੰਗ ਵਿੱਚ ਜੋ ਦ੍ਰਿਸ਼ਟੀਕੋਣ ਸਾਂਝੇ ਤੌਰ ਤੇ ਅਪਣਾਇਆ ਗਿਆ ਹੈ, ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਉਸ ਦਾ  ਸਮੱਰਥਨ ਕਰਦਾ ਹੈ| 
ਉਹਨਾਂ ਕਿਹਾ ਕਿ ਕਿਸਾਨ ਅੰਦੋਲਨ ਦਾ ਮਸਲਾ ਕੋਈ ਮਾਮੂਲੀ ਪ੍ਰਸ਼ਾਸਨਿਕ ਮਾਮਲਾ ਨਹੀਂ ਸਗੋਂ ਸਮੁੱਚੀ ਕਿਸਾਨੀ ਦੇ ਜੀਵਨ ਦੇ ਬਚਾਅ ਲਈ ਜ਼ਿੰਦਗੀ ਮੌਤ ਦਾ ਸਵਾਲ ਹੈ| ਪੰਜਾਬ ਦਾ ਕਿਸਾਨ ਇਸ ਡੂੰਘੀ ਸਾਜਿਸ਼ ਦੀਆਂ ਸਾਰੀਆਂ ਤੰਦਾਂ ਨੂੰ ਚੰਗੀ ਤਰ੍ਹਾਂ ਸਮਝ ਚੁੱਕਾ ਹੈ ਅਤੇ ਹੁਣ ਭਾਰਤ ਸਰਕਾਰ ਦਾ ਕੋਈ ਵੀ ਛਲਾਵਾ ਕਿਸਾਨ ਅੰਦੋਲਨ ਨੂੰ ਲੀਹੋਂ ਲਾਹੁਣ ਦੇ ਕੋਝੇ ਯਤਨਾਂ ਵਿੱਚ ਕਾਮਯਾਬ ਨਹੀਂ ਹੋਵੇਗਾ|

Leave a Reply

Your email address will not be published. Required fields are marked *