ਤਿੰਨ ਤਲਾਕ ਦੇ ਮੁੱਦੇ ਤੇ ਮਜਹਬੀ ਨਹੀਂ ਬਲਕਿ ਸਮਾਜਿਕ ਨਜਰੀਆ ਅਪਣਾਉਣ ਦੀ ਲੋੜ : ਡਾ. ਨਾਹਿਦ ਸ਼ੇਖ

ਐਸ. ਏ. ਐਸ. ਨਗਰ, 21 ਅਪ੍ਰੈਲ (ਸ.ਬ.) ਤਿੰਨ ਤਲਾਕ ਦੇ ਮੁੱਦੇ ਨੂੰ ਮਜਹਬੀ ਨਜਰੀਏ ਨਾਲ ਨਹੀਂ ਵੇਖਿਆ ਜਾਣਾ ਚਾਹੀਦਾ ਕਿਉਂਕਿ ਇਹ ਇੱਕ ਸਮਾਜਿਕ ਸਮੱਸਿਆ ਹੈ ਕਿਉਂਕਿ ਇਸਦੇ ਰਾਹੀਂ ਮੁਸਲਿਮ ਔਰਤਾਂ ਨੂੰ ਭਾਰੀ ਮਾਨਸਿਕ ਅਤੇ ਆਰਥਿਕ ਅਤਿਆਚਾਰ ਕੀਤਾ ਜਾਂਦਾ ਹੈ| ਇਹ ਕਹਿਣਾ ਹੈ ਭਾਰਤੀ ਜਨਤਾ ਪਾਰਟੀ ਦੇ ਘੱਟ ਗਿਣਤੀ ਮੋਰਚੇ ਦੀ ਕੌਮੀ ਜਰਨਲ ਸਕੱਤਰ ਡਾ. ਨਾਹਿਦ ਸ਼ੇਖ ਦਾ ਜਿਹਨਾਂ ਵਲੋਂ ਤਿੰਨ ਤਲਾਕ ਦੇ ਖਾਤਮੇ ਲਈ  ਦੇਸ਼ ਭਰ ਵਿੱਚ ਮੁਸਲਿਮ ਮਹਿਲਾਵਾਂ ਵਿੱਚ ਚੇਤਨਾ ਮੁਹਿੰਮ ਚਲਾਈ ਜਾ ਰਹੀ ਹੈ| ਡਾ. ਨਾਹਿਤ ਸ਼ੇਖ ਅੱਜ ਇੱਥੇ ਸਥਾਨਕ ਫੇਜ਼ – 9 ਵਿੱਚ ਭਾਜਪਾ ਦੇ ਘੱਟਗਿਣਤੀ ਮੋਰਚੇ ਦੇ ਸਾਬਕਾ ਸੂਬਾ ਪ੍ਰਧਾਨ ਸ੍ਰੀ ਜਾਵੈਦ ਅਸਲਮ ਦੀ ਰਿਹਾਇਸ਼ ਤੇ ਸਥਾਨਕ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ|
ਡਾ. ਸ਼ੇਖ ਨੇ ਕਿਹਾ ਕਿ ਭਾਵੇਂ ਇੱਕ ਸ਼ੌਹਰ (ਪਤੀ) ਵੱਲੋਂ ਤਿੰਨ ਤਲਾਕ ਕਹਿ ਕੇ ਕਿਸੇ ਮਹਿਲਾ ਨੂੰ ਵਿਚਾਲੇ  ਛੱਡ  ਦੇਣਾ ਬਹੁਤ ਆਸਾਨ ਹੋ ਸਕਦਾ ਹੈ ਪਰੰਤੂ ਇਕ ਬਾਪ ਦੇ ਨਜਰੀਏ ਨਾਲ ਵੇਖੀਏ ਤਾਂ ਕੋਈ ਵੀ ਮਰਦ ਇਸਨੂੰ ਜਾਇਜ ਨਹੀਂ ਮੰਨ ਸਕਦਾ ਕਿਉਂਕਿ ਕੋਈ ਵੀ ਪਿਤਾ ਆਪਣੀ ਲੜਕੀ ਤੇ ਇਸ ਤਰੀਕੇ ਦਾ ਅੱਤਿਆਚਾਰ ਹੁੰਦਾ ਨਹੀਂ ਦੇਖ ਸਕਦਾ| ਉਸਨੇ ਕਿਹਾ ਕਿ ਹੁਣ ਮੁਸਲਿਮ ਔਰਤਾਂ ਨੂੰ ਤਿੰਨ ਤਲਾਕ ਦੇ ਨਾਮ ਤੇ ਪ੍ਰਤਾੜ੍ਰਿਤ ਕੀਤਾ ਜਾਂਦਾ ਰਿਹਾ ਹੈ ਅਤੇ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਮੁਸਲਿਮ ਸਮਾਜ ਦੀਆਂ ਮਹਿਲਾਵਾਂ ਖੁੱਲ ਕੇ ਇਸ ਸਮਾਜਿਕ ਬੁਰਾਈ ਦੇ ਖਿਲਾਫ ਆਵਾਜ਼ ਬੁਲੰਦ ਕਰਨ ਲਈ ਅੱਗੇ ਆਈਆਂ ਹਨ ਉਹਨਾਂ ਕਿਹਾ ਕਿ ਕਿਸੇ ਵਿਅਕਤੀ ਵਲੋਂ ਆਪਣੀ ਪਤਨੀ ਨੂੰ ਜਬਾਨੀ ਤੌਰ ਤੇ ਤਿੰਨ  ਵਾਰ ਤਲਾਕ ਕਹਿ ਕੇ ਉਸਨੂੰ ਛੱਡ ਦੇਣ ਦਾ ਇਹ ਅਮਲ ਅੋਰਤ ਨੂੰ ਪੂਰੀ ਜਿੰਦਗੀ ਰੋਣ ਲਈ ਮਜਬੂਰ ਕਰ ਦਿੰਦਾ ਹੈ ਅਤੇ ਉਸਦੀ ਬਾਂਹ ਫੜਣ ਲਈ ਕੋਈ ਅੱਗੇ ਨਹੀਂ ਆਉਂਦਾ|
ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ ਦੇਸ਼ ਭਰ ਵਿੱਚ ਬੇਟੀ ਬਚਾਉ, ਬੇਟੀ ਪੜਾਉ ਅਭਿਆਨ ਚਲਾਇਆ ਜਾ ਰਿਹਾ ਹੈ ਅਤੇ ਇਸ ਵਾਸਤੇ ਭਾਜਪਾ ਘੱਟ ਗਿਣਤੀ ਮੋਰਚਾ ਵੱਲੋਂ ਵਿਸ਼ੇਸ਼ ਤੋਰ ਤੇ ਮੁਸਲਿਮ ਮਹਿਲਾਵਾ ਵਿੱਚ ਚੇਤਨਾ ਲਿਆਉਣ ਲਈ ਕੰਮ ਕੀਤਾ ਜਾ ਰਿਹਾ ਹੈ ਉਹਨਾਂ ਕਿਹਾ ਕਿ ਸਿਰਫ ਮਹਿਲਾਵਾਂ ਹੀ ਨਹੀਂ ਬਲਕਿ ਸਾਨੂੰ ਮੁਸਲਿਮ ਨੋਜਵਾਨਾਂ ਨੂੰ ਵੀ ਜਾਗਰੂਕ ਕਰਨਾ ਪਵੇਗਾ ਅਤੇ ਉਹਨਾਂ ਨੂੰ ਸਮਝਾਉਣਾ ਪਵੇਗਾ ਕਿ ਤਿੰਨ ਤਲਾਕ ਦਾ ਇਹ ਰਿਵਾਜ ਉਹਨਾਂ ਦੀਆਂ ਭੈਣਾਂ ਅਤੇ  ਬੇਟੀਆਂ ਲਈ ਕਿੰਨਾ ਮਾਰੂ ਸਿੱਧ ਹੋ ਸਕਦਾ ਹੈ|  ਉਹਨਾਂ ਕਿਹਾ ਕਿ ਅੱਜ ਕੱਲ ਤਾਂ ਇੰਟਰਨੈਟ ਅਤੇ ਵਟਸ ਅਪ ਤੇ ਹੀ ਤਿੰਨ ਵਾਰ ਤਲਾਕ ਲਿਖ ਕੇ ਤਲਾਕ ਹੋਇਆ ਮੰਨ ਲੈਂਦੇ ਹਨ|
ਇਹ ਪੁੱਛਣ ਤੇ ਕਿ ਭਾਜਪਾ ਵੱਲੋਂ ਯੂ.ਪੀ ਚੋਣਾਂ ਤੋਂ ਐਨ ਪਹਿਲਾਂ ਤਿੰਨ ਤਲਾਕ ਦਾ ਮੁੱਦਾ ਚੁੱਕ ਕੇ ਮੁਸਲਿਮ ਅੋਰਤਾਂ ਦੀਆਂ ਵੋਟਾਂ ਤਾ ਹਾਸਿਲ ਕਰ ਲਈਆਂ ਪਰ ਕੀ ਭਾਜਪਾ ਵਾਕਈ ਇਸ ਪ੍ਰਥਾ ਨੂੰ ਖਤਮ ਕਰੇਗੀ ਉਹਨਾਂ ਕਿਹਾ ਕਿ ਸਰਕਾਰ ਵੱਲੋਂ ਪਿਛਲੇ ਢਾਈ ਸਾਲਾਂ ਤੋਂ ਤਿੰਨ ਤਲਾਕ ਦੇ ਮੁੱਦੇ ਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਨੂੰ ਪੂਰੀ ਆਸ ਹੈ ਕਿ ਆਉਣ ਵਾਲੇ ਸਮੇਂ ਵਿੱਚ ਹਿੰਦੋਸਤਾਨ ਦੀਆਂ ਮੁਸਲਿਮ ਮਹਿਲਾਵਾਂ ਨੂੰ ਇਸਤੋਂ ਮੁਕਤੀ ਮਿਲ ਜਾਵੇਗੀ ਉਹਨਾਂ ਕਿਹਾ ਕਿ ਬਦਲਾਵ ਵਿੱਚ ਥੋੜਾ ਸਮਾਂ ਜਰੂਰ ਲੱਗਦਾ ਹੈ ਪਰ ਇਹ ਮੁੱਦਾ ਵੀ ਸਮੇਂ ਦੇ ਨਾਲ ਹੱਲ ਹੋ ਜਾਵੇਗਾ|
ਇਹ ਪੁੱਛਣ ਤੇ ਕਿ ਦੇਸ਼ ਵਿੱਚ  ਸਮੇਂ ਸਮੇਂ ਤੇ ਕੱਟੜਵਾਦੀ ਹਿਦੂ    ਜਥੇਬੰਦੀਆਂ (ਜਿਹਨਾਂ ਨੂੰ ਭਾਰਤੀ ਜਨਤਾ ਪਾਰਟੀ ਦਾ ਸਹਿਯੋਗੀ ਮੰਨਿਆ ਜਾਂਦਾ ਹੈ) ਦੇ ਕਾਰਕੁੰਨਾ ਵੱਲੋਂ ਘੱਟ ਗਿਣਤੀ ਭਾਈਚਾਰਿਆਂ ਬਾਰੇ ਕੀਤੀਆਂ ਜਾਂਦੀਆਂ ਟਿੱਪਣੀਆਂ ਅਤੇ ਕਈ ਵਾਰ ਕੀਤੇ ਜਾਂਦੇ ਹਿੰਸਕ ਹਮਲਿਆਂ ਬਾਰੇ ਉਹ ਕੀ ਕਹਿਣਗੇ, ਉਹਨਾਂ ਕਿਹਾ ਕਿ ਭਾਜਪਾ ਦੀ ਵਿਚਾਰਧਾਰਾ ਰਾਸ਼ਟਰਵਾਦੀ ਹੈ ਅਤੇ ਇਹ ਸਰਵ ਧਰਮ ਸਦਭਾਵ ਦੀ ਨੀਤੀ ਤੇ ਕੰਮ ਕਰਦੀ ਹੈ| ਉਹਨਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਉਹਨਾਂ ਨੂੰ ਵੀ ਵਿਚਲਿਤ ਕਰਦੀਆ ਹਨ ਅਤੇ ਅਜਿਹੇ ਵਿਅਕਤੀ ਭਾਜਪਾ ਦੇ ਸਹਿਯੋਗੀ ਨਹੀਂ ਹੁੰਦੇ| ਉਹਨਾਂ ਦੱਸਿਆ ਕਿ ਉਹਨਾਂ ਵਲੋਂ ਦੇਸ਼ ਭਰ ਵਿੱਚ ਮੁਸਲਿਮ ਮਹਿਲਾਵਾਂ ਨੂੰ ਜਾਗਰੂਕ ਕਰਨ ਲਈ ਵੱਖ ਵੱਖ ਸੂਬਿਆਂ ਦਾ ਦੌਰਾ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਦਾ ਪੰਜਾਬ ਵਿੱਚ ਲੁਧਿਆਣਾ, ਹੁਸ਼ਿਆਰਪੁਰ ਅਤੇ ਹੋਰਾਂ ਥਾਵਾਂ ਤੇ ਜਾਣ ਦਾ ਵੀ ਪ੍ਰੋਗਰਾਮ ਹੈ| ਇਸ ਤੋਂ ਪਹਿਲਾਂ ਡਾ. ਸ਼ੇਖ ਦਾ ਇੱਥੇ ਪਹੁੰਚਣ ਤੇ ਭਾਜਪਾ ਆਗੂਆਂ ਵਲੋਂ ਸੁਆਗਤ ਕੀਤਾ ਗਿਆ| ਇਸ ਮੌਕੇ  ਕੌਂਸਲਰ ਸ੍ਰੀ ਅਰੁਣ ਸ਼ਰਮਾ, ਜਾਵੇਦ ਅਸਲਮ, ਅਸਲਮ ਸੋਹੇਲ , ਨੀਨਾ ਕਟਾਰੀਆ, ਸੀਮਾ ਤਿਆਗੀ, ਦਲਜੀਤ ਕੌਰ, ਵਿਕਰਮਜੀਤ ਸਿੰਘ ਅਤੇ ਹੋਰ ਵਰਕਰ ਹਾਜਿਰ ਸਨ|

Leave a Reply

Your email address will not be published. Required fields are marked *