ਤਿੰਨ ਰਾਜਾਂ ਦੀਆਂ ਵਿਧਾਨਸਭਾ ਚੋਣਾਂ ਦੇ ਨਤੀਜੇ ਐਨ ਡੀ ਏ ਦੇ ਹੱਕ ਵਿੱਚ

ਤਿੰਨ ਰਾਜਾਂ ਦੀਆਂ ਵਿਧਾਨਸਭਾ ਚੋਣਾਂ ਦੇ ਨਤੀਜੇ ਐਨ ਡੀ ਏ ਦੇ ਹੱਕ ਵਿੱਚ
ਤ੍ਰਿਪੁਰਾ ਅਤੇ ਨਾਗਾਲੈਂਡ ਵਿੱਚ ਭਾਜਪਾ ਦੀ ਸਰਕਾਰ ਬਣਨੀ ਤੈਅ, ਮੇਘਾਲਿਆ ਵਿੱਚ ਕਾਂਗਰਸ ਸਭ ਤੋਂ ਵੱਡੀ ਪਾਰਟੀ
ਨਵੀਂ ਦਿੱਲੀ, 3 ਮਾਰਚ (ਸ਼ਬ ਅੱਜ ਆਏ ਤਿੰਨ ਰਾਜਾਂ ਦੀਆਂ ਵਿਧਾਨਸਭਾ ਚੋਣਾਂ ਦੇ ਨਤੀਜਿਆਂ ਵਿੱਚ ਭਾਜਪਾ ਅਤੇ ਉਸਦੀਆਂ ਸਹਿਯੋਗੀ ਪਾਰਟੀਆਂ ਨੂੰ ਤ੍ਰਿਪੁਰਾ ਅਤੇ ਨਾਗਾਲੈਂਡ ਵਿੱਚ ਸਪਸ਼ਟ ਬਹੁਮਤ ਹਾਸਿਲ ਹੋ ਗਿਆ ਹੈ ਜਦੋਂਕਿ ਕਾਂਗਰਸ ਮੇਘਾਲਿਆ ਵਿੱਚ ਸਭ ਤੋਂ ਵੱਡੀ ਪਾਰਟੀ ਬਣ ਕੇ ਆਪਣਾ ਕਿਲਾ ਬਚਾਉਣ ਦੀ ਦੌੜ ਵਿੱਚ ਬਣੀ ਹੋਈ ਹੈ। ਹਾਲਾਂਕਿ ਭਾਜਪਾ ਇੱਥੇ ਵੀ ਯੂ ਡੀ ਪੀ ਅਤੇ ਐਨ ਪੀ ਪੀ ਦੇ ਨਾਲ ਮਿਲ ਕੇ ਸਰਕਾਰ ਬਣਾਉਣ ਦੀ ਕੋਸ਼ਿਸ਼ ਵਿੱਚ ਹੈ ਅਤੇ ਜੇਕਰ ਅਜਿਹਾ ਹੋ ਜਾਂਦਾ ਹੈ ਤਾਂ ਉੱਤਰ ਪੂਰਵੀ ਰਾਜਾਂ ਵਿੱਚ ਇਹ ਭਾਜਪਾ ਲਈ ਵੱਡੀ ਪ੍ਰਾਪਤੀ ਹੋਵੇਗੀ।
ਤ੍ਰਿਪੁਰਾ ਵਿੱਚ ਖੱਬੇਪੱਖੀਆਂ ਦਾ 25 ਸਾਲਾਂ ਤੋਂ ਚਲਦਾ ਆ ਰਿਹਾ ਰਾਜ ਖਤਮ ਹੋ ਗਿਆ ਹੈ ਅਤੇ ਭਾਜਪਾ ਨੂੰ ਇੱਥੇ ਸਪਸ਼ਟ ਬਹੁਮਤ ਮਿਲ ਗਿਆ ਹੈ। ਭਾਜਪਾ ਅਤੇ ਉਸਦੀ ਸਹਿਯੋਗੀ ਪਾਰਟੀ ਇੰਡੀਅਨ ਪੀਪਲਜ ਫਰੰਟ ਆਫ ਤ੍ਰਿਪੁਰਾ ਨੂੰ 60 ਮੈਂਬਰੀ ਵਿਧਾਨਸਭਾ ਵਿੱਚ ਦੋ ਤਿਹਾਈ ਬਹੁਮਤ 43 ਸੀਟਾਂ ਮਿਲਣ ਦੀ ਸੰਭਾਵਨਾ ਹੈ ਜਦੋਂਕਿ ਇੱਥੋਂ ਕਾਂਗਰਸ ਇੱਕ ਵੀ ਸੀਟ ਹਾਸਿਲ ਨਹੀਂ ਕਰ ਪਾਈ ਹੈ। ਲੈਫਟ ਨੂੰ ਇੱਥੇ 16 ਸੀਟਾਂ ਮਿਲਦੀਆਂ ਦਿਖ ਰਹੀਆਂ ਹਨ।
ਨਾਗਾਲੈਂਡ ਵਿੱਚ ਭਾਜਪਾ ਅਤੇ ਉਸਦੀ ਸਹਿਯੋਗੀ ਪਾਰਟੀ ਐਨ ਡੀ ਪੀ ਪੀ ਨੂੰ ਸਪਸ਼ਟ ਬਹੁਮਤ ਮਿਲਣ ਦੇ ਆਸਾਰ ਹਨ। ਇਹਨਾਂ ਨੂੰ 60 ਮੈਂਬਰੀ ਵਿਧਾਨਸਭਾ ਵਿੱਚ 33 ਸੀਟਾਂ ਮਿਲਦੀਆਂ ਦਿਖ ਰਹੀਆਂ ਹਨ ਜਦੋਂਕਿ ਉੱਥੇ ਨਾਗਾ ਪੀਪਲਜ਼ ਫਰੰਟ ਨੇ ਆਪਣੀ ਸ਼ੁਰੂਆਤੀ ਬੜ੍ਹਤ ਗਵਾ ਦਿੱਤੀ ਹੈ। ਉਸਨੂੰ 24 ਸੀਟਾਂ ਮਿਲਣ ਦੇ ਆਸਾਰ ਹਨ। ਕਾਂਗਰਸ ਨੂੰ ਇੱਥੇ ਵੀ ਕੋਈ ਸੀਟ ਨਹੀਂ ਮਿਲੀ ਹੈ।
ਮੇਘਾਲਿਆ ਵਿੱਚ ਕਾਂਗਰਸ ਪਾਰਟੀ ਦੀ ਹਾਲਤ ਕੁੱਝ ਬਿਹਤਰ ਹੈ ਅਤੇ ਉਹ ਇੱਥੇ ਆਪਣੀ ਪਿਛਲੇ 10 ਸਾਲਾਂ ਤੋਂ ਚਲਦੀ ਆ ਰਹੀ ਸੱਤਾ ਨੂੰ ਬਚਾਉਣ ਲਈ ਜੂਝ ਰਹੀ ਹੈ। ਖਬਰ ਲਿਖੇ ਜਾਣ ਤਕ ਮੇਘਾਲਿਆ ਵਿੱਚ ਕਾਂਗਰਸ ਪਾਰਟੀ ਨੂੰ 24 ਸੀਟਾਂ ਮਿਲਦੀਆਂ ਦਿਖ ਰਹੀਆਂ ਸਨ ਜਦੋਂਕਿ ਭਾਜਪਾ ਨੂੰ ਸਿਰਫ 2 ਸੀਟਾਂ ਤੇ ਜਿੱਤ ਹਾਸਿਲ ਹੋਈ ਸੀ।
ਹਾਲਾਕਿ ਭਾਜਪਾ ਵਲੋਂ ਉੱਥੇ ਐਨ ਪੀ ਪੀ, ਯੂ ਡੀ ਪੀ ਅਤੇ ਹੋਰਨਾਂ ਅਜਾਦ ਵਿਧਾਇਕਾਂ ਨੂੰ ਨਾਲ ਲੈ ਕੇ ਕਾਂਗਰਸ ਨੂੰ ਸੱਤਾ ਤੋਂ ਦੂਰ ਰੱਖਣ ਲਈ ਯਤਨ ਆਰੰਭ ਦਿੱਤੇ ਗਏ ਹਨ। ਇਸ ਦੌਰਾਨ ਕਾਂਗਰਸ ਪਾਰਟੀ ਵਲੋਂ ਵੀ ਆਪਣੇ ਵਿਧਾਇਕਾਂ ਨੂੰ ਸੰਭਾਲ ਕੇ ਰੱਖਣ ਅਤੇ ਰਾਜ ਵਿੰਚ ਆਪਣੀ ਸੱਤਾ ਬਚਾਉਣ ਲਈ ਆਪਣੀ ਸੀਨੀਅਰ ਲੀਡਰਸ਼ਿਪ ਨੂੰ ਮੇਘਾਲਿਆ ਭੇਜੇ ਜਾਣ ਦੀਆਂ ਖਬਰਾਂ ਹਨ।

Leave a Reply

Your email address will not be published. Required fields are marked *