ਤੀਆਂ ਮੌਕੇ ਮੁਟਿਆਰਾਂ ਨੇ ਰਵਾਇਤੀ ਬੋਲੀਆਂ ਪਾ ਕੇ ਆਪਣੇ ਪੰਜਾਬੀ ਅਮੀਰ ਵਿਰਸੇ ਨੂੰ ਸੰਭਾਲਣ ਦਾ ਦਿੱਤਾ ਸੁਨੇਹਾ

ਐਸ.ਏ.ਐਸ ਨਗਰ, 23 ਅਗਸਤ (ਸ.ਬ.) ਭਾਈਚਾਰਕ ਸਾਂਝ ਦਾ ਪ੍ਰਤੀਕ ਤੀਆਂ ਦਾ ਤਿਉਹਾਰ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸੈਕਟਰ -78 ਵਿਖੇ ਪੂਰੀ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ| ਇਸ ਮੌਕੇ ਨਵ ਵਿਆਹੀਆਂ ਲੜਕੀਆਂ ਅਤੇ ਹੋਰ ਮੁਟਿਆਰਾਂ ਨੇ ਇੱਕਠੀਆਂ ਹੋ ਕੇ ਪੀਂਘਾਂ ਝੂਟੀਆਂ ਅਤੇ ਰਵਾਇਤੀ ਪੰਜਾਬੀ ਗਿੱਧਾ, ਬੋਲੀਆਂ ਤੇ ਕਿੱਕਲੀ ਪਾ ਕੇ ਮਾਹੌਲ ਨੂੰ ਰੰਗੀਨ ਬਣਾਇਆ|
ਲੜਕੀਆਂ ਲਈ ਜਿੱਥੇ ਪੀਘਾਂ ਪਾਉਣ ਲਈ ਝੂਲਾ ਖਿੱਚ ਦਾ ਕੇਂਦਰ ਸੀ ਉਥੇ ਨਾਲ ਹੀ ਪ੍ਰੋਗਰਾਮ ਵਿੱਚ ਹੱਥਾਂ ਤੇ ਮੁਫਤ ਮਹਿੰਦੀ ਲਗਾਉਣ ਅਤੇ ਬਾਹਵਾਂ ਵਿੱਚ ਚੂੜੀਆਂ ਭਰਵਾਉਣ ਦਾ ਉਪਰਾਲਾ ਵੀ ਮੁਟਿਆਰਾਂ ਲਈ ਮੁੱਖ ਆਕਰਸ਼ਨ ਰਿਹਾ| ਇਸ ਮੌਕੇ ਇੱਕਠੀਆਂ ਹੋਈਆਂ ਮਹਿਲਾਵਾਂ ਨੇ ਇਕ ਦੂਜੇ ਨੂੰ ਤੀਆਂ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਅਤੇ ਸਾਰਿਆਂ ਦੇ ਪੇਕੇ ਅਤੇ ਸਹੁਰੇ ਪਰਿਵਾਰਾਂ ਦੀ ਸੁਖ-ਸ਼ਾਂਤੀ ਦੀ ਕਾਮਨਾ ਵੀ ਕੀਤੀ|
ਪ੍ਰੋਗਰਾਮ ਵਿੱਚ ਸ਼ਾਮਲ ਮੁਟਿਆਰਾਂ ਦਾ ਕਹਿਣਾ ਸੀ ਕਿ ਇੱਕਠੇ ਹੋ ਕੇ ਤਿਉਹਾਰ ਮਨਾਉਣ ਨਾਲ ਜਿਥੇ ਆਪਸੀ ਸਾਂਝ ਵਧਦੀ ਹੈ ਉਥੇ ਆਪਣੇ ਪੰਜਾਬੀ ਅਮੀਰ ਵਿਰਸੇ ਨੂੰ ਵੀ ਸੰਭਾਲਣ ਦਾ ਸੁਨੇਹਾ ਮਿਲਦਾ ਹੈ| ਤੀਆਂ ਦੇ ਇਸ ਪ੍ਰੋਗਰਾਮ ਨੂੰ ਸਫਲ ਕਰਨ ਵਿੱਚ ਸ਼ਹਿਰੀ ਪਤਵੰਤਿਆਂ ਨੇ ਵੀ ਆਪਣਾ ਸਹਿਯੋਗ ਦਿੱਤਾ ਅਤੇ ਮਿਸ਼ਨ ਤੰਦਰੁਸਤ ਪੰਜਾਬ ਤੇ ਘਰ ਘਰ ਹਰਿਆਲੀ ਮੁਹਿੰਮ ਤਹਿਤ ਜਿਲ੍ਹਾ ਜੰਗਲਾਤ ਦਫਤਰ ਵੱਲੋਂ ਬੂਟੇ ਵੀ ਵੰਡੇ ਗਏ|
ਇਸ ਮੌਕੇ ਕਿਸਾਨ ਹਿੱਤ ਬਚਾਓ ਕਮੇਟੀ ਪੰਜਾਬ ਦੇ ਵਾਇਸ ਚੇਅਰਮੈਨ ਠੇਕੇਦਾਰ ਸ. ਜਸਮੇਰ ਸਿੰਘ ਸੁਹਾਣਾ ਨੇ ਕਿਹਾ ਕਿ ਤੀਆਂ ਦੇ ਤਿਉਹਾਰ ਮੌਕੇ ਮੁਟਿਆਰਾਂ ਵੱਲੋਂ ਇੱਕਠੀਆਂ ਹੋ ਕੇ ਪੀਘਾਂ ਝੂਟਣਾ ਅਤੇ ਗਿੱਧਾ ਪਾਉਣਾ ਪੰਜਾਬ ਦੇ ਅਮੀਰ ਸਭਿਆਚਰਕ ਵਿਰਸੇ ਦਾ ਪ੍ਰਤੱਖ ਸਬੂਤ ਹੁੰਦਾ ਹੈ| ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਅਤੇ ਘਰ ਘਰ ਹਰਿਆਲੀ ਮੁਹਿੰਮ ਨੂੰ ਸਫਲ ਕਰਨ ਲਈ ਸਾਂਝੀਆਂ ਥਾਵਾਂ ਅਤੇ ਸੜਕਾਂ ਦੀ ਬਰਮਾਂ ਤੋਂ ਇਲਾਵਾ ਸਾਨੂੰ ਆਪਣੀ ਨਿੱਜੀ ਜ਼ਮੀਨ ਵਿੱਚ ਵੀ ਫਲ ਅਤੇ ਛਾਂ ਦਾਰ ਪੌਦੇ ਲਗਾਉਣੇ ਚਾਹੀਦੇ ਹਨ| ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਸਰਕਾਰ ਦੀ ਇਸ ਮੁਹਿੰਮ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਸਰਕਾਰ ਦੇ ਬਾਗਬਾਨੀ ਵਿਭਾਗ ਦੇ ਮਾਹਿਰਾਂ ਦੀ ਸਲਾਹ ਨਾਲ ਆਪਣੀ ਜ਼ਮੀਨ ਵਿੱਚ ਇਸ ਸੀਜ਼ਨ ਦੌਰਾਨ ਕਰੀਬ 900 ਬੂਟੇ ਲਗਾਏ ਹਨ| ਪ੍ਰੋਗਰਾਮ ਵਿੱਚ ਸ਼ਾਮਲ ਸਮਾਜ ਸੇਵੀ ਨੱਛਤਰ ਸਿੰਘ ਨੇ ਦੱਸਿਆ ਕਿ ਉਸ ਨੇ ਵੀ ਘਰ ਘਰ ਹਰਿਆਲੀ ਮਿਸ਼ਨ ਤੋਂ ਪ੍ਰਭਾਵਿਤ ਹੋ ਕੇ ਆਪਣੀ ਨਿੱਜੀ ਜ਼ਮੀਨ ਵਿੱਚ ਕਰੀਬ 400 ਬੂਟੇ ਲਗਾਏ ਹਨ|

Leave a Reply

Your email address will not be published. Required fields are marked *