ਤੁਰਕੀ ਵਿਚ ਹੋਇਆ ਲੋਕਤੰਤਰ ਤੇ ਹਮਲਾ, ਭਾਰਤੀਆਂ ਨੂੰ ਘਰੋਂ ਨਾ ਨਿਕਲਣ ਦੀ ਸਲਾਹ

ਅੰਕਾਰਾ, 16 ਜੁਲਾਈ (ਸ.ਬ.) ਤੁਰਕੀ ਵਿਚ ਅੱਧੀ ਰਾਤ ਨੂੰ ਫੌਜ ਦੇ ਇਕ ਧੜੇ ਨੇ ਤਖਤਾ ਪਲਟਨ ਦੀ ਕੋਸ਼ਿਸ਼ ਕੀਤੀ ਹੈ| ਰਾਜਧਾਨੀ ਅੰਕਾਰਾ ਅਤੇ ਇਸਤਾਂਬੁਲ ਵਿਚ ਸੜਕਾਂ ਤੇ ਟੈਂਕਾਂ, ਹੈਲੀਕਾਪਰਾਂ ਨਾਲ ਹਮਲਾ ਵੀ ਕੀਤਾ ਗਿਆ| ਇਸ ਵਿਚ 17 ਪੁਲੀਸ ਵਾਲਿਆਂ ਦੀ ਮੌਤ ਹੋ ਚੁੱਕੀ ਹੈ| ਹਾਲਾਂਕਿ ਰਾਸ਼ਟਰਪਤੀ ਰਿਸੇਪ ਤਈਪ ਅਰਦੋਗਨ ਨੇ ਦਾਅਵਾ ਕੀਤਾ ਹੈ ਕਿ ਫੌਜ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਹੈ ਪਰ ਦੂਜੇ ਪਾਸੇ ਫੌਜ ਨੇ ਸੱਤਾ ਤੇ ਕਬਜ਼ਾ ਕਰਨ ਦਾ ਦਾਅਵਾ ਕੀਤਾ ਹੈ| ਤੁਰਕੀ ਦੀ ਫੌਜ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਸੱਤਾ ਤੇ ਕਬਜ਼ਾ ਕਰ ਲਿਆ ਹੈ| ਤੁਰਕੀ ਵਿਚ ਫਿਲਹਾਲ ਸੰਕਟ ਦੀ ਸਥਿਤੀ ਪੈਦਾ ਹੋ ਗਈ ਹੈ ਕਿਉਂਕਿ ਫੌਜ ਅਤੇ ਸਰਕਾਰ ਦੋਵੇਂ ਇਕ-ਦੂਜੇ ਦੇ ਦਾਆਵਿਆਂ ਨੂੰ ਗਲਤ ਦੱਸ ਰਹੇ ਹਨ| ਜਿਸ ਸਮੇਂ ਫੌਜ ਨੇ ਹਮਲੇ ਸ਼ੁਰੂ ਕੀਤੇ, ਉਸ ਵੇਲੇ ਰਾਸ਼ਟਰਪਤੀ ਅਰਦੋਗਨ ਛੁੱਟੀਆਂ ਮਨਾ ਰਹੇ ਸਨ ਪਰ ਉਹ ਤੁਰੰਤ ਇਸਤਾਂਬੁਲ ਵਾਪਸ ਆਏ ਅਤੇ ਐਲਾਨ ਕੀਤਾ ਕਿ ਫੌਜ ਦੇ ਕਬਜ਼ੇ ਵਿਚੋਂ ਜਲਦੀ ਹੀ ਦੇਸ਼ ਨੂੰ ਕੱਢ ਲਿਆ ਜਾਵੇਗਾ|
ਰਾਸ਼ਟਰਪਤੀ ਨੇ ਕਿਹਾ ਕਿ ਤਖਤਾਪਲਟ ਦੀ ਇਹ ਕੋਸ਼ਿਸ਼ ਦੇਸ਼ ਧਰੋਹ ਹੈ ਅਤੇ ਜਿਹੜਾ ਵੀ ਇਸ ਲਈ ਜਿੰਮੇਵਾਰ ਹੈ ਉਸ ਨੂੰ ਭਾਰੀ ਕੀਮਤ ਅਦਾ ਕਰਨੀ ਹੋਵੇਗੀ| ਹਾਲਾਂਕਿ ਰਾਸ਼ਟਰਪਤੀ ਨੇ ਇਹ ਵੀ ਦੱਸਿਆ ਕਿ ਜਿਨ੍ਹਾਂ ਫੌਜੀ ਅਧਿਕਾਰੀਆਂ ਨੇ ਇਹ ਕੀਤਾ ਹੈ, ਉਨ੍ਹਾਂ ਦੀ ਗ੍ਰਿਫਤਾਰੀ ਜਾਰੀ ਹੈ|
ਹੁਣ ਤਕ ਮਿਲੀ ਜਾਣਕਾਰੀ ਮੁਤਾਬਕ ਤੁਰਕੀ ਵਿਚ ਫੌਜ ਵੱਲੋਂ ਤਖਤਾਪਲਟ ਦੀ ਕੋਸ਼ਿਸ਼ ਵਿਚ 60 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 336 ਲੋਕ ਗ੍ਰਿਫਤਾਰ ਕੀਤੇ ਗਏ ਹਨ|

Leave a Reply

Your email address will not be published. Required fields are marked *