ਤੁਰਕੀ ਵਿੱਚ ਆਈ ਸਿਆਸੀ ਤਬਦੀਲੀ

ਪਿਛਲੇ 15 ਸਾਲਾਂ ਤੋਂ ਤੁਰਕੀ ਦੀ ਸੱਤਾ ਤੇ ਸਥਾਪਿਤ ਰਾਸ਼ਟਰਪਤੀ ਰੇਚੇਪ ਤਈਪ ਏਰਦੋਆਨ ਅਗਲੇ ਕੁੱਝ ਸਾਲਾਂ ਤੱਕ ਸੱਤਾ ਵਿੱਚ ਬਣੇ ਰਹਿਣਗੇ| ਜਸਟਿਸ ਐਂਡ ਡਿਵੈਲਪਮੈਂਟ ਪਾਰਟੀ ਦੇ ਏਰਦੋਆਨ ਨੇ ਦੁਬਾਰਾ ਰਾਸ਼ਟਰਪਤੀ ਅਹੁਦੇ ਤੇ ਜਿੱਤ ਹਾਸਲ ਕਰਦੇ ਹੋਏ ਆਪਣੇ ਨਜਦੀਕੀ ਵਿਰੋਧੀ ਰਿਪਬਲਿਕਨ ਪੀਪਲਸ ਪਾਰਟੀ ਦੇ ਮੁਹੱਰਮ ਇੰਸ ਨੂੰ ਹਰਾ ਦਿੱਤਾ ਹੈ| ਆਪਣੀ ਪਾਰਟੀ ਦੀ ਕਮਜੋਰ ਹਾਲਤ ਏਰਦੋਆਨ ਨੂੰ ਪਹਿਲਾਂ ਤੋਂ ਪਤਾ ਸੀ,ਜਦੋਂ ਉਹ ਗਠਜੋੜ ਵਿੱਚ ਗਏ| ਇਸ ਗਠਜੋੜ ਦੀ ਤਾਕਤ ਨਾਲ ਹੀ ਰਾਸ਼ਟਰਪਤੀ ਚੋਣਾਂ ਵਿੱਚ ਉਨ੍ਹਾਂ ਨੂੰ 52.5 ਫੀਸਦੀ ਵੋਟਾਂ ਮਿਲੀਆਂ| 31. 7 ਫੀਸਦੀ ਵੋਟਾਂ ਮੁਹੱਰਮ ਇੰਸ ਨੂੰ ਮਿਲੀਆਂ ਹਨ, ਜਿਨ੍ਹਾਂ ਨੇ ਰਾਸ਼ਟਰਪਤੀ ਬਣਦੇ ਹੀ ਐਮਰਜੈਂਸੀ ਹਟਾਉਣ ਦਾ ਵਾਅਦਾ ਕੀਤਾ ਸੀ| ਇਸ ਤੋਂ ਬਾਅਦ ਹੋਈ ਸੰਸਦੀ ਚੋਣ ਦੇ ਨਤੀਜੇ ਆਉਣੇ ਅਜੇ ਬਾਕੀ ਹਨ|
ਆਪਣੇ ਗਠਜੋੜ ਨੂੰ ਪੂਰਨ ਬਹੁਮਤ ਦਿਵਾਉਣਾ ਏਰਦੋਆਨ ਲਈ ਸ਼ਾਇਦ ਓਨਾ ਆਸਾਨ ਨਾ ਹੋਵੇ, ਜਿੰਨਾ ਸਮੇਂ ਤੋਂ ਪਹਿਲਾਂ ਚੋਣ ਕਰਵਾਉਂਦੇ ਸਮੇਂ ਉਨ੍ਹਾਂ ਨੇ ਸੋਚਿਆ ਹੋਵੇਗਾ| ਪੂਰਬ – ਪੱਛਮ ਦਾ ਪੁੱਲ ਮੰਨੇ ਜਾਣ ਵਾਲੇ ਇਸ ਦੇਸ਼ ਦੀ ਜਨਤਾ ਵਿੱਚ ਇੰਨਾ ਤਿੱਖਾ ਵਿਭਾਜਨ ਪਹਿਲੀ ਵਾਰ ਹੀ ਦੇਖਣ ਨੂੰ ਮਿਲਿਆ ਹੈ| ਇੱਕ ਪਾਸੇ ਏਰਦੋਆਨ ਦੇ ਸਮਰਥਕ ਖੜੇ ਦਿਖੇ, ਦੂਜੇ ਪਾਸੇ ਪਿਛਲੇ ਦੋ ਸਾਲ ਤੋਂ ਲੱਗੀ ਐਮਰਜੈਂਸੀ, ਅਦਾਲਤਾਂ ਦੀ ਮਨਮਰਜ਼ੀ ਅਤੇ ਮਹਿੰਗਾਈ ਦਾ ਮੁੱਦਾ ਚੁੱਕਣ ਵਾਲੇ ਉਨ੍ਹਾਂ ਦੇ ਵਿਰੋਧੀ| ਏਰਦੋਆਨ ਦੇ ਦੁਬਾਰਾ ਰਾਸ਼ਟਰਪਤੀ ਬਨਣ ਤੋਂ ਬਾਅਦ ਦੇਸ਼ ਵਿੱਚ ਨਵਾਂ ਸੰਵਿਧਾਨ ਵੀ ਲਾਗੂ ਹੋਣਾ ਹੈ, ਜਿਸ ਵਿੱਚ ਮਨੁੱਖੀ ਅਧਿਕਾਰ ਅਤੇ ਬੁਨਿਆਦੀ ਸਤੰਤਰਤਾ ਨੂੰ ਛੱਡ ਕੇ ਬਾਕੀ ਸਭ ਕੁੱਝ ਬਦਲ ਦੇਣ ਦਾ ਅਧਿਕਾਰ ਰਾਸ਼ਟਰਪਤੀ ਨੂੰ ਹੋਵੇਗਾ, ਬਸ਼ਰਤੇ ਸੰਸਦ ਉਸ ਬਾਰੇ ਕੋਈ ਨਵਾਂ ਕਾਨੂੰਨ ਨਾ ਪਾਸ ਕਰ ਦੇਵੇ| ਇਸ ਦੇ ਨਾਲ ਹੀ ਤੁਰਕੀ ਵਿੱਚ ਹੁਣ ਕੋਈ ਪ੍ਰਧਾਨ ਮੰਤਰੀ ਨਹੀਂ ਹੋਵੇਗਾ, ਰਾਸ਼ਟਰਪਤੀ ਖੁਦ ਆਪਣੀ ਕੈਬਨਿਟ ਬਣਾਵੇਗਾ| ਆਪਣੇ ਸ਼ਾਸਨਕਾਲ ਵਿੱਚ ਏਰਦੋਆਨ ਆਪਣੇ ਗੁਆਂਢੀਆਂ ਤੋਂ ਪੁਰਾਣੇ ਆਟੋਮਨ ਸਾਮਰਾਜ ਦੇ ਕਿਸੇ ਸੁਲਤਾਨ ਵਰਗਾ ਹੀ ਵਿਵਹਾਰ ਕਰਦੇ ਰਹੇ ਹਨ| ਕਦੇ ਉਹ ਫੌਜ ਲੈ ਕੇ ਸੀਰੀਆ ਅਤੇ ਇਰਾਕ ਵਿੱਚ ਵੜ ਜਾਂਦੇ ਹਨ ਤਾਂ ਕਦੇ ਰੂਸ ਨਾਲ ਲੜਨ ਲੱਗਦੇ ਹਨ| ਹਾਲਾਂਕਿ ਉਨ੍ਹਾਂ ਦੇ ਸਮਰਥਕ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਪਸੰਦ ਵੀ ਇਸ ਲਈ ਕਰਦੇ ਹਨ| ਪਰੰਤੂ ਅਜੇ ਤੁਰਕੀ ਦੀ ਸਭ ਤੋਂ ਵੱਡੀ ਸਮੱਸਿਆ ਮਹਿੰਗਾਈ ਅਤੇ ਬੇਰੁਜਗਾਰੀ ਹੈ ਅਤੇ ਕੰਮ ਕਾਜ ਲਈ ਕਰਜ ਮਿਲਣਾ ਵੀ ਮੁਸ਼ਕਿਲ ਹੈ|
ਰਾਸ਼ਟਰਪਤੀ ਚੋਣ ਵਿੱਚ ਏਰਦੋਆਨ ਨੇ ਕਿਹਾ ਸੀ ਕਿ ਤੁਰਕੀ ਦੀ ਤਰੱਕੀ ਦਾ ਨਮੂਨਾ ਇਹ ਹੈ ਕਿ ਅੱਜ ਘਰ – ਘਰ ਵਿੱਚ ਫਰਿਜ ਹੈ| ਪਰੰਤੂ ਮਾਮਲੇ ਦਾ ਦੂਜਾ ਪਹਿਲੂ ਇਹ ਹੈ ਕਿ ਉਥੇ ਦੀ ਮੁਦਰਾ ਦੇ ਲਗਾਤਾਰ ਡਿਗਦੇ ਪੱਧਰ ਅਤੇ ਮਹਿੰਗਾਈ ਦਰ ਵਿੱਚ ਲਗਾਤਾਰ ਵਾਧੇ ਦੇ ਚਲਦੇ ਜਿਆਦਾਤਰ ਫਰਿਜ ਖਾਲੀ ਪਏ ਹਨ| ਉਨ੍ਹਾਂ ਵਰਗਾ ਪ੍ਰਭਾਵਸ਼ਾਲੀ ਨੇਤਾ ਅਗਲੇ ਪੰਜ ਸਾਲ ਵਿੱਚ ਇਨ੍ਹਾਂ ਫਰਿਜਾਂ ਨੂੰ ਭਰ ਸਕੇ ਤਾਂ ਮੰਨੀਏ ਕਿ ਉਸ ਵਿੱਚ ਕੁੱਝ ਗੱਲ ਹੈ |
ਮਨੋਜ ਤਿਵਾਰੀ

Leave a Reply

Your email address will not be published. Required fields are marked *