ਤੁਲਸੀ ਗਬਾਰਡ ਸਾਲ 2018 ਦੀ ਵਿਸ਼ਵ ਹਿੰਦੂ ਕਾਂਗਰਸ ਦੀ ਪ੍ਰਧਾਨ  ਨਾਮਜਦ

ਵਾਸ਼ਿੰਗਟਨ, 9 ਨਵੰਬਰ (ਸ.ਬ.) ਅਮਰੀਕੀ ਕਾਂਗਰਸ ਵਿਚ ਪਹਿਲੀ ਹਿੰਦੂ ਸੰਸਦ ਮੈਂਬਰ ਤੁਲਸੀ ਗਬਾਰਡ ਨੂੰ ਅਗਲੇ ਸਾਲ ਸ਼ਿਕਾਗੋ ਵਿਚ ਹੋਣ ਵਾਲੀ ਵਿਸ਼ਵ ਹਿੰਦੂ ਕਾਂਗਰਸ (ਡਬਲਊ. ਐਚ. ਸੀ.) ਦੀ ਪ੍ਰਧਾਨ ਨਾਮਜਦ ਕੀਤਾ ਗਿਆ ਹੈ| ਇਸ ਮਹਾਸਮਾਰੋਹ ਦੇ ਆਯੋਜਕਾਂ ਨੇ ਅੱਜ ਇਸ ਗੱਲ ਦਾ ਐਲਾਨ ਕੀਤਾ| ਹਰ ਚਾਰ ਸਾਲ ਵਿਚ ਇਕ ਵਾਰੀ ਆਯੋਜਿਤ ਹੋਣ ਵਾਲੀ ਡਬਲਊ. ਐਚ. ਸੀ. ਅਜਿਹਾ ਗਲੋਬਲ ਮੰਚ ਹੈ, ਜਿੱਥੇ ਹਿੰਦੂ ਇਕ-ਦੂਜੇ ਨਾਲ ਜੁੜਦੇ ਹਨ, ਵਿਚਾਰ ਸਾਂਝੇ ਕਰਦੇ ਹਨ ਅਤੇ ਇਕ-ਦੂਜੇ ਨੂੰ ਪ੍ਰੇਰਿਤ ਕਰਦੇ ਹਨ| ਵਰਲਡ ਹਿੰਦੂ ਫਾਊਂਡੇਸ਼ਨ ਨੇ ਪਹਿਲੀ ਕਾਂਗਰਸ ਸਾਲ 2014 ਵਿਚ ਨਵੀਂ ਦਿੱਲੀ ਵਿਚ ਆਯੋਜਿਤ ਕੀਤੀ ਸੀ| ਦੂਜੀ ਡਬਲਊ. ਐਚ. ਸੀ. ਅਗਲੇ ਸਾਲ 7 ਤੋਂ 9 ਸਤੰਬਰ ਨੂੰ ਸ਼ਿਕਾਗੋ ਦੇ ਇਲੀਨੋਇਸ ਵਿਚ ਹੋਵੇਗੀ|
36 ਸਾਲਾ ਤੁਲਸੀ ਨੇ ਕਿਹਾ ਕਿ ਦੁਨੀਆ ਭਰ ਦੇ ਹਿੰਦੂ ”ਇਕਜੁੱਟ ਹੋਣਗੇ, ਵਿਚਾਰ ਸਾਂਝੇ ਕਰਨਗੇ ਅਤੇ ਇਕ-ਦੂਜੇ ਨੂੰ ਪ੍ਰੇਰਿਤ ਕਰਨਗੇ| ਇਸ ਤਰ੍ਹਾਂ ਸਾਡੇ ਆਲੇ-ਦੁਆਲੇ ਦੇ ਭਾਈਚਾਰੇ ਨੂੰ ਸਕਾਰਾਤਮਕ ਤਰੀਕੇ ਨਾਲ ਪ੍ਰਭਾਵਿਤ ਕਰਨ ਦੇ ਤਰੀਕਿਆਂ ਦੀ ਖੋਜ ਕੀਤੀ ਜਾ ਸਕੇਗੀ| ਹਵਾਈ ਤੋਂ ਤਿੰਨ ਵਾਰੀ ਕਾਂਗਰਸ ਦੀ ਡੈਮੋਕ੍ਰੇਟਿਕ ਮੈਂਬਰ ਚੁਣੀ ਗਈ ਤੁਲਸੀ ਇਸ ਸਮੇਂ ਹਾਊਸ ਕਾਂਗਰੇਸ਼ਨਲ ਫੋਕਸ ਦੀ ਸਹਿ ਪ੍ਰਧਾਨ ਹੈ| ਤੁਲਸੀ ਨੇ ਆਯੋਜਕਾਂ ਨੂੰ ਇਕ ਵੀਡੀਓ ਸੰਦੇਸ਼ ਵਿਚ ਕਿਹਾ ਕਿ ਦੁਨੀਆ ਭਰ ਵਿਚ ਜੋ ਵੀ ਹੋ ਰਿਹਾ ਹੈ, ਅਜਿਹੀ ਸਥਿਤੀ ਵਿਚ ਪਿਆਰ, ਸ਼ਾਂਤੀ, ਸਨਮਾਨ ਅਤੇ ਏਕਤਾ ਦੇ ਸੰਦੇਸ਼ ਦੀ ਸਖਤ ਜ਼ਰੂਰਤ ਹੈ| ਮੈਂ ਤੁਹਾਡੇ ਨਾਲ ਕੰਮ ਕਰਨ ਅਤੇ ਤੁਹਾਡੇ ਨਾਲ ਜਲਦੀ ਮੁਲਾਕਾਤ ਕਰਨ ਦੀ ਚਾਹਵਾਨ ਹਾਂ|
ਡਬਲਊ. ਐਚ. ਸੀ. ਦੇ ਸਹਿ ਅਯੋਜਕ ਅਭੈ ਅਸਥਾਨਾ ਨੇ ਕਿਹਾ ਕਿ ਆਯੋਜਨ ਕਮੇਟੀ ਇਕ ਪ੍ਰਸਿੱਧ ਨੇਤਾ ਦੀ ਤਲਾਸ਼ ਕਰ ਰਹੀ ਸੀ, ਜੋ ਬਹਾਦੁਰ, ਉਚ ਸਿਧਾਂਤਾ ਵਾਲਾ ਅਤੇ ਪ੍ਰਗਤੀਸ਼ੀਲ ਹੋਵੇ ਅਤੇ ਨਾਲ ਹੀ ਹਿੰਦੂ ਧਰਮ ਦਾ ਪਾਲਨ ਕਰਦਾ ਹੋਵੇ| ਅਸਥਾਨਾ ਨੇ ਕਿਹਾ ਕਿ ਬੇਸ਼ੱਕ ਤੁਲਸੀ ਵਿਚ ਇਹ ਸਾਰੇ ਅਤੇ ਇਸ ਤੋਂ ਕਈ ਗੁਣਾ ਜ਼ਿਆਦਾ ਗੁਣ ਹਨ| ਉਨ੍ਹਾਂ ਨੇ ਕਿਹਾ ਕਿ ਅਸੀਂ ਉਨ੍ਹਾਂ ਨੂੰ ਟੀਮ ਵਿਚ ਸ਼ਾਮਿਲ ਕਰ ਕੇ ਉਤਸ਼ਾਹਿਤ ਹਾਂ ਅਤੇ ਸਫਲ ਵਿਸ਼ਵ ਹਿੰਦੂ ਕਾਂਗਰਸ 2018 ਲਈ ਉਨ੍ਹਾਂ ਨਾਲ ਮਿਲ ਕੇ ਕੰਮ ਕਰਨ ਦੇ ਚਾਹਵਾਨ ਹਾਂ|

Leave a Reply

Your email address will not be published. Required fields are marked *