ਤੇਜ ਰਫਤਾਰ ਸਕੂਲ ਬੱਸਾਂ ਦੇ ਰਹੀਆਂ ਹਨ ਹਾਦਸਿਆਂ ਨੂੰ ਸੱਦਾ

ਐਸ ਏ ਐਸ ਨਗਰ, 11 ਅਗਸਤ (ਸ.ਬ.) ਸ਼ਹਿਰ ਵਿੱਚ ਅਤੇ ਇਸਦੇ ਨੇੜਲੇ ਇਲਾਕਿਆਂ ਵਿੱਚ ਸੜਕਾਂ ਉਪਰ ਫਿਰਦੀਆਂ ਸਕੂਲ ਬੱਸਾਂ ਨੇ ਦਹਿਸ਼ਤ ਫੈਲਾਈ ਹੋਈ ਹੈ| ਹਾਲ ਤਾਂ ਇਹ ਹੈ ਕਿ ਇਹਨਾਂ ਸਕੂਲੀ ਬੱਸਾਂ ਕਾਰਨ ਕਈ ਹਾਦਸੇ ਵੀ ਵਾਪਰ ਚੁੱਕੇ ਹਨ| ਇਸਦੇ ਬਾਵਜੂਦ ਇਹਨਾਂ ਬੱਸਾਂ ਵੱਲੋਂ ਸੜਕਾਂ ਉਪਰ ਪੂਰੀ ਤਰ੍ਹਾਂ ਖੋਰੂ ਪਾਇਆ ਜਾਂਦਾ ਹੈ ਪਰ ਟ੍ਰੈਫਿਕ ਪੁਲੀਸ ਦੇ ਮੁਲਾਜਮ ਇਹਨਾਂ ਬੱਸਾਂ ਵਿਰੁਧ ਕੋਈ ਕਾਰਵਾਈ ਕਰਨ ਦੀ ਥਾਂ ਇਹਨਾਂ ਬੱਸਾਂ ਨੂੰ ਵੇਖ ਕੇ ਆਪਣਾ ਮੂੰਹ ਪਾਸੇ ਕਰ ਲੈਂਦੇ ਹਨ, ਜਿਸ ਕਰਕੇ ਇਹਨਾਂ ਬੱਸਾਂ ਵਾਲਿਆਂ ਦੇ ਹੌਂਸਲੇ ਦਿਨੋਂ ਦਿਨ ਵਧਦੇ ਹੀ ਜਾ ਰਹੇ ਹਨ|
ਸ਼ਹਿਰ ਦੇ ਹਰ ਇਲਾਕੇ ਦੇ ਨਾਲ- ਨਾਲ ਸ਼ਹਿਰ ਦੀਆਂ ਅੰਦਰੂਨੀ ਤੇ ਭੀੜੀਆਂ ਗਲੀਆਂ ਵਿੱਚ ਵੀ ਇਹ ਸਕੂਲ ਬੱਸਾਂ ਜਾਂਦੀਆਂ ਹਨ ਅਤੇ ਬੱਚਿਆਂ ਨੂੰ ਚੜਾਉਂਦੀਆਂ ਅਤੇ ਉਤਾਰਦੀਆਂ ਹਨ| ਤੰਗ ਗਲੀਆਂ ਵਿੱਚ ਇਹਨਾਂ ਬੱਸਾਂ ਕਾਰਨ ਟ੍ਰੈਫਿਕ ਵੀ ਜਾਮ ਹੋ ਜਾਂਦਾ ਹੈ| ਇਸ ਤੋਂ ਇਲਾਵਾ ਜਿਸ ਘਰ ਵਿਚੋਂ ਇਹਨਾਂ ਨੇ ਬੱਚਾ ਸਕੂਲ ਜਾਣ ਲਈ ਬੱਸ ਵਿੱਚ ਚੜਾਉਣਾ ਹੁੰਦਾ ਹੈ, ਉਸ ਘਰ ਦੇ ਅੱਗੇ ਖੜਕੇ ਇਹ ਬੱਸਾਂ ਵਾਲੇ ਉਨੀ ਦੇਰ ਬੱਸਾਂ ਦਾ ਪ੍ਰੈਸ਼ਰ ਹਾਰਨ ਵਜਾਉਂਦੇ ਰਹਿੰਦੇ ਹਨ, ਜਿੰਨੀ ਦੇਰ ਬੱਸ ਵਿੱਚ ਚੜਨ ਵਾਲਾ ਬੱਚਾ ਆਪਣੇ ਘਰ ਵਿਚੋਂ ਨਿਕਲ ਕੇ ਬੱਸ ਵਿੱਚ ਨਹੀਂ ਬੈਠ ਜਾਂਦਾ|
ਇਹਨਾਂ ਸਕੂਲੀ ਬੱਸਾਂ ਨੂੰ ਇਹਨਾਂ ਦੇ ਡਰਾਇਵਰ ਬਹੁਤ ਹੀ ਤੇਜ ਰਫਤਾਰ ਨਾਲ ਚਲਾਉਂਦੇ ਹਨ ਅਤੇ ਇਹ ਸਕੂਲੀ ਬੱਸਾਂ ਦੇ ਡਰਾਇਵਰ ਹਰ ਦਿਨ ਹੀ ਆਪਸ ਵਿੱਚ ਰੇਸਾਂ ਲਾਉਂਦੇ ਰਹਿੰਦੇ ਹਨ| ਇਸ ਤਰ੍ਹਾਂ ਰੇਸਾਂ ਲਗਾ ਕੇ ਇਹ ਡਰਾਇਵਰ ਖੁਦ ਤਾਂ ਆਪਣੀ ਅਤੇ ਬੱਸ ਵਿੱਚ ਸਵਾਰ ਬੱਚਿਆਂ ਦੀ ਜਿੰਦਗੀ ਖਤਰੇ ਵਿੱਚ ਪਾਉਂਦੇ ਹੀ ਹਨ ਸਗੋਂ ਇਹ ਹੋਰਨਾਂ ਲੋਕਾਂ ਦੀ ਵੀ ਜਿੰਦਗੀ ਖਤਰੇ ਵਿੱਚ ਪਾ ਦਿੰਦੇ ਹਨ|
ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਸੜਕਾਂ ਉਪਰ ਖੌਰੂ ਪਾ ਰਹੀਆਂ ਸਕੂਲੀ ਬੱਸਾਂ ਨੂੰ ਨੱਥ ਪਾਈ ਜਾਵੇ ਤਾਂ ਕਿ ਕੋਈ ਹਾਦਸਾ ਨਾ ਵਾਪਰ ਸਕੇ|

Leave a Reply

Your email address will not be published. Required fields are marked *