ਤੇਲ ਕੀਮਤਾਂ ਵਿੱਚ ਵਾਧੇ ਵਿਰੁੱਧ ਫੂਕਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ

ਖਰੜ, 24 ਮਈ (ਸ.ਬ.) ਕੇਂਦਰ ਵਿਚਲੀ ਮੋਦੀ ਸਰਕਾਰ ਵੱਲੋਂ ਬੀਤੇ ਦਿਨੀਂ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਕੀਤੇ ਭਾਰੀ ਵਾਧੇ ਦੇ ਵਿਰੋਧ ਕਾਰਨ ਗੁੱਸੇ ਵਿੱਚ ਆਏ ਲੋਕਾਂ ਵੱਲੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ.ਐਸ.ਡੀ. ਬੀਬੀ ਲਖਵਿੰਦਰ ਕੌਰ ਗਰਚਾ ਦੀ ਅਗਵਾਈ ਵਿੱਚ ਖਰੜ ਵਿਖੇ ਲਾਂਡਰਾਂ-ਖਰੜ ਰੋਡ ਤੇ ਸਥਿਤ ਢਾਬ ਵਾਲੇ ਚੌਂਕ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ|
ਬੀਬੀ ਗਰਚਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਵਿੱਚ ਲੋਕਾਂ ਦੇ ਮਾੜੇ ਦਿਨਾਂ ਦੀ ਸ਼ੁਰੂਆਤ ਕਰ ਦਿੱਤੀ ਹੈ ਜਿਸ ਕਾਰਨ ਹਰੇਕ ਵਰਗ ਤਰਾਹ ਤਰਾਹ ਕਰ ਰਿਹਾ ਹੈ| ਗਰੀਬ ਤੋਂ ਲੈ ਕੇ ਅਮੀਰ ਤੱਕ ਹਰ ਵਿਅਕਤੀ ਇਨ੍ਹਾਂ ਕੀਮਤਾਂ ਵਿਚ ਵਾਧੇ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ| ਉਨ੍ਹਾਂ ਕਿਹਾ ਕਿ ਤੇਲ ਕੀਮਤਾਂ ਵਿੱਚ ਭਾਰੀ ਵਾਧੇ ਨਾਲ ਜਿੱਥੇ ਮਹਿੰਗਾਈ ਹੋਰ ਜ਼ਿਆਦਾ ਵਧੇਗੀ, ਉਥੇ ਹੀ ਕਿਸਾਨੀ ਉਤੇ ਵੀ ਬਹੁਤ ਜ਼ਿਆਦਾ ਮਾੜਾ ਅਸਰ ਪਵੇਗਾ| ਫਸਲਾਂ ਦੇ ਸੀਜ਼ਨ ਵਿੱਚ ਡੀਜ਼ਲ ਕੀਮਤਾਂ ਵਿੱਚ ਵਾਧੇ ਨੇ ਕਿਸਾਨੀ ਦਾ ਵੀ ਕਚੂਮਰ ਕੱਢ ਕੇ ਰੱਖ ਦਿੱਤਾ ਹੈ| ਗੈਸ ਸਿਲੰਡਰ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ| ਅਜਿਹੇ ਵਾਧਿਆਂ ਕਾਰਨ ਰੋਜ਼ਗਾਰ ਦੇ ਵਸੀਲਿਆਂ ਤੇ ਵੀ ਅਸਰ ਪੈ ਰਿਹਾ ਹੈ|
ਬੀਬੀ ਗਰਚਾ ਨੇ ਕਿਹਾ ਕਿ ਮੋਦੀ ਸਰਕਾਰ ‘ਅੱਛੇ ਦਿਨ ਆਉਣਗੇ’ ਵਾਲੇ ਵਾਅਦੇ ਤੇ ਖਰੇ ਉਤਰਦਿਆਂ ਤੇਲ ਤੋਂ ਐਕਸਾਈਜ਼ ਡਿਊਟੀ ਘਟਾ ਕੇ ਲੋਕਾਂ ਨੂੰ ਰਾਹਤ ਦੇਵੇ, ਮਹਿੰਗਾਈ ਘਟਾਵੇ, ਗੈਸ ਸਿਲੰਡਰ ਦੀਆਂ ਕੀਮਤਾਂ ਘਟਾਵੇ|
ਇਸ ਮੌਕੇ ਹਰਜੀਤ ਸਿੰਘ ਗੰਜਾ, ਗੁਰਦੀਪ ਕੌਰ ਸਾਬਕਾ ਕੌਂਸਲਰ, ਕੁਲਵੰਤ ਸਿੰਘ ਸਰਪੰਚ ਤੋਲੇਮਾਜਰਾ, ਪ੍ਰਿਤਪਾਲ ਸਿੰਘ ਢਿੱਲੋਂ ਮਾਡਲ ਟਾਊਨ, ਦੇਸਰਾਜ ਖਰੜ, ਮਨਜੀਤ ਸਿੰਘ ਕੰਬੋਜ਼, ਅਸ਼ੋਕ ਕੋਹਲੀ, ਵਿਸ਼ਾਲ ਬੱਟੂ, ਜਸਪਾਲ ਸਿੰਘ ਐਸ.ਸੀ. ਸੈਲ, ਰਵਿੰਦਰ ਸਿੰਘ ਰਵੀ ਪੈਂਤਪੁਰ, ਅਮਿਤ ਗੌਤਮ, ਜੱਗੂ ਜੰਡਪੁਰ, ਬਲਬੀਰ ਸਿੰਘ ਚੰਦੋਂ, ਦਲਜੀਤ ਸਿੰਘ ਸੈਣੀ, ਬਿੱਟੂ ਪੜੌਲ, ਕੀਰਤ ਸਿੰਘ ਦੇਸੂਮਾਜਰਾ ਸਮੇਤ ਵੱਡੀ ਗਿਣਤੀ ਵਿਚ ਹਾਜ਼ਰ ਲੋਕਾਂ ਨੇ ਮੋਦੀ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਤੇਲ ਕੀਮਤਾਂ ਵਿੱਚ ਵਾਧਾ ਵਾਪਿਸ ਲੈਣ ਦੀ ਮੰਗ ਕੀਤੀ|

Leave a Reply

Your email address will not be published. Required fields are marked *