ਤ੍ਰਿਪੁਰਾ: ਭਾਜਪਾ ਵਰਕਰਾਂ ਨੇ ਬੁਲਡੋਜ਼ਰ ਨਾਲ ਤੋੜੀ ਵਲਾਦਿਮੀਰ ਲੇਨਿਨ ਦੀ ਮੂਰਤੀ

ਤ੍ਰਿਪੁਰਾ, 6 ਮਾਰਚ (ਸ.ਬ.) ਇੱਥੇ ਭਾਜਪਾ ਦੇ ਜਿੱਤਣ ਤੋਂ ਬਾਅਦ ਰਾਜ ਦੇ ਲਗਭਗ ਹਰ ਇਲਾਕੇ ਤੋਂ ਭੰਨ-ਤੋੜ ਅਤੇ ਕੁੱਟਮਾਰ ਦੀ ਖਬਰ ਆ ਰਹੀ ਹੈ| ਸਾਊਥ ਤ੍ਰਿਪੁਰਾ ਜ਼ਿਲੇ ਦੇ ਬੇਲੋਨੀਆ ਸਬ ਡਿਵੀਜ਼ਨਲ ਤੋਂ ਹੈਰਾਨ ਕਰਨ ਵਾਲੀ ਵੀਡੀਓ ਸਾਹਮਣੇ ਆਈ ਹੈ| ਇੱਥੇ ਬੁਲਡੋਜ਼ਰ ਦੀ ਮਦਦ ਨਾਲ ਰੂਸੀ ਕ੍ਰਾਂਤੀ ਦੇ ਨਾਇਕ ਵਲਾਦਿਮੀਰ ਲੇਨਿਨ ਦੀ ਮੂਰਤੀ ਨੂੰ ਢਾਹ ਦਿੱਤਾ ਗਿਆ| ਇਸ ਦੌਰਾਨ ਭਾਰਤ ਮਾਤਾ ਦੀ ਜੈ ਦੇ ਨਾਅਰੇ ਵੀ ਲਗਾਏ ਗਏ| ਦੋਸ਼ ਹੈ ਕਿ ਭਾਜਪਾ ਸਮਰਥਕਾਂ ਨੇ ਬੁਲਡੋਜ਼ਰ ਦੀ ਮਦਦ ਨਾਲ ਰੂਸੀ ਕ੍ਰਾਂਤੀ ਦੇ ਨਾਇਕ ਦੀ ਮੂਰਤੀ ਨੂੰ ਢਾਹ ਦਿੱਤਾ| ਨਾਇਕ ਲੇਨਿਨ ਦੀ ਮੂਰਤੀ ਤੋੜੇ ਜਾਣ ਦੇ ਬਾਅਦ ਤੋਂ ਖੱਬੇ ਪੱਖੀ ਦਲ ਅਤੇ ਉਨ੍ਹਾਂ ਦੇ ਉਮੀਦਵਾਰ ਨਾਰਾਜ਼ ਹਨ| ਜ਼ਿਕਰਯੋਗ ਹੈ ਕਿ ਤ੍ਰਿਪੁਰਾ ਰਾਜ ਵਿੱਚ ਭਾਜਪਾ ਦੀ ਜਿੱਤ ਤੋਂ ਬਾਅਦ ਰਾਜ ਦੇ ਕਈ ਇਲਾਕਿਆਂ ਤੋਂ ਭੰਨ-ਤੋੜ ਅਤੇ ਕੁੱਟਮਾਰ ਦੀਆਂ ਖਬਰਾਂ ਆ ਰਹੀਆਂ ਹਨ| 25 ਸਾਲਾਂ ਤੋਂ ਸੱਤਾ ਵਿੱਚ ਕਾਬਜ਼ ਰਹੀ ਸੀ.ਪੀ.ਆਈ. (ਐਮ) ਦੋਸ਼ ਲੱਗਾ ਰਹੀ ਹੈ ਕਿ ਭਾਜਪਾ-ਆਈ.ਪੀ.ਐਫ.ਟੀ. ਵਰਕਰ ਹਿੰਸਾ ਤੇ ਉਤਾਰੂ ਹੋ ਚੁਕੇ ਹਨ| ਉਹ ਨਾ ਸਿਰਫ ਖੱਬੇ ਪੱਖੀ ਦਫ਼ਤਰਾਂ ਵਿੱਚ ਭੰਨ-ਤੋੜ ਕਰ ਰਹੇ ਹਨ ਸਗੋਂ ਵਰਕਰਾਂ ਦੇ ਘਰ ਤੇ ਵੀ ਹਮਲਾ ਕਰ ਕੇ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਹੇ ਹਨ|
ਇਕ ਨਿਊਜ਼ ਚੈਨਲ ਅਨੁਸਾਰ ਤ੍ਰਿਪੁਰਾ ਦੇ ਐਸ.ਪੀ. ਕਮਲ ਚੱਕਰਵਤੀ (ਪੁਲੀਸ ਕੰਟਰੋਲ) ਨੇ ਜਾਣਕਾਰੀ ਦਿੱਤੀ ਕਿ ਸੋਮਵਾਰ ਦੁਪਹਿਰ ਕਰੀਬ 3.30 ਵਜੇ ਭਾਜਪਾ ਸਮਰਥਕਾਂ ਨੇ ਬੁਲਡੋਜ਼ਰ ਦੀ ਮਦਦ ਨਾਲ ਚੌਰਾਹੇ ਤੇ ਲੱਗੀ ਲੇਨਿਨ ਦੀ ਮੂਰਤੀ ਢਾਹ ਦਿੱਤੀ| ਐੱਸ.ਪੀ. ਅਨੁਸਾਰ ਭਾਜਪਾ ਸਮਰਥਕਾਂ ਨੇ ਬੁਲਡੋਜ਼ਰ ਡਰਾਈਵਰ ਨੂੰ ਸ਼ਰਾਬ ਪਿਲਾ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ| ਫਿਲਹਾਲ ਪੁਲੀਸ ਨੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਅਤੇ ਬੁਲਡੋਜ਼ਰ ਨੂੰ ਸੀਜ ਕਰ ਦਿੱਤਾ ਹੈ| ਮੂਰਤੀ ਤੋੜਨ ਦੀ ਘਟਨਾ ਤੇ ਸੀ.ਪੀ.ਐਮ. ਦੀ ਪ੍ਰਤੀਕ੍ਰਿਆ ਆਈ ਹੈ| ਸੀ.ਪੀ.ਐਮ. ਨੇ ਟਵੀਟ ਕੀਤਾ ਕਿ ਤ੍ਰਿਪੁਰਾ ਵਿੱਚ ਚੋਣਾਂ ਜਿੱਤਣ ਤੋਂ ਬਾਅਦ ਹੋਈ ਹਿੰਸਾ ਪ੍ਰਧਾਨ ਮੰਤਰੀ ਦੇ ਲੋਕਤੰਤਰ ਤੇ ਭਰੋਸੇ ਦੇ ਦਾਅਵੇ ਦਾ ਮਜ਼ਾਕ ਹੈ| ਨਾਲ ਹੀ ਖੱਬੇ ਪੱਖੀ ਉਮੀਦਵਾਰਾਂ ਅਤੇ ਦਫ਼ਤਰਾਂ ਤੇ ਹੋਏ ਹਮਲਿਆਂ ਦੀ ਲਿਸਟ ਜਾਰੀ ਕਰਦੇ ਹੋਏ ਪੀ.ਐਮ. ਨਰਿੰਦਰ ਮੋਦੀ ਅਤੇ ਭਾਜਪਾ ਤੇ ਉਨ੍ਹਾਂ ਦੇ ਵਰਕਰਾਂ ਨੂੰ ਡਰਾਉਣ ਅਤੇ ਉਨ੍ਹਾਂ ਦੇ ਮਨ ਵਿੱਚ ਡਰ ਪੈਦਾ ਕਰਨ ਦਾ ਦੋਸ਼ ਲਗਾਇਆ ਹੈ|

Leave a Reply

Your email address will not be published. Required fields are marked *