ਤੜਕੇ ਤਿੰਨ ਵਜੇ ਸੋਹਾਣਾ ਦੀ ਪਾਣੀ ਵਾਲੀ ਟੈਂਕੀ ਉੱਪਰ ਚੜੇ ਬੇਰੁਜਗਾਰ ਅਧਿਆਪਕਾਂ ਨੇ ਪ੍ਰਸ਼ਾਸ਼ਨ ਨੂੰ ਪਾਈਆਂ ਭਾਜੜਾਂ

ਤੜਕੇ ਤਿੰਨ ਵਜੇ ਸੋਹਾਣਾ ਦੀ ਪਾਣੀ ਵਾਲੀ ਟੈਂਕੀ ਉੱਪਰ ਚੜੇ ਬੇਰੁਜਗਾਰ ਅਧਿਆਪਕਾਂ ਨੇ ਪ੍ਰਸ਼ਾਸ਼ਨ ਨੂੰ ਪਾਈਆਂ ਭਾਜੜਾਂ
ਮੌਕੇ ਤੇ ਪਹੁੰਚੀ ਭਾਰੀ ਪੁਲੀਸ ਫੋਰਸ ਨੇ ਟੈਂਕੀ ਤੋਂ ਜਬਰਦਸਤੀ ਉਤਾਰੇ, ਬੇਰੁਜਗਾਰ ਅਧਿਆਪਕਾਂ ਵਿਰੁੱਧ ਮਾਮਲਾ ਦਰਜ
ਐਸ J ੇ ਐਸ ਨਗਰ, 18 ਜੂਨ (ਸ.ਬ.) ਮੁਹਾਲੀ ਪ੍ਰਸ਼ਾਸਨ ਨੂੰ ਅੱਜ ਸਵੇਰੇ ਕਰੀਬ ਸਾਢੇ ਤਿੰਨ ਵਜੇ ਉਦੋਂ ਭਾਜੜਾਂ ਪੈ ਗਈਆਂ ਜਦੋਂ ਅੱਜ ਸਵੇਰੇ ਤੜਕਸਾਰ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਨੇੜੇ ਸਥਿਤ ਪਾਣੀ ਦੀ ਖਸਤਾਹਾਲ ਟੈਂਕੀ ਉਪਰ ਪੰਜਾਬ ਦੇ ਪੰਜ ਈ ਟੀ ਟੀ ਟੈਟ ਪਾਸ ਬੇਰੁਜਗਾਰ ਅਧਿਆਪਕ ਚੜ੍ਹ ਗਏ ਅਤੇ ਟੈਂਕੀ ਉੱਪਰ ਆਪਣਾ ਬੈਨਰ ਲਗਾ ਕੇ ਪੰਜਾਬ ਸਰਕਾਰ ਵਿਰੁੱਧ ਧਰਨਾ ਸ਼ੁਰੂ ਕਰ ਦਿੱਤਾ| ਟੈਂਕੀ ਤੇ ਚੜ੍ਹਣ ਵਾਲੇ ਇਹਨਾਂ ਬੇਰੁਜਗਾਰ ਅਧਿਆਪਕਾਂ ਵਿੱਚ ਤਿੰਨ ਮਹਿਲਾਵਾਂ ਅਤੇ ਦੋ ਮਰਦ ਸ਼ਾਮਲ ਸਨ, ਜਿਹਨਾਂ ਦੇ ਨਾਮ ਰਵਨੀਤ ਕੌਰ, ਪਰਮਜੀਤ ਕੌਰ, ਮਨਦੀਪ ਕੌਰ, ਬਗੀਚਾ ਸਿੰਘ ਅਤੇ ਅਮਨਦੀਪ ਸਿੰਘ ਦੱਸੇ ਗਏ ਹਨ| ਇਸ ਮੌਕੇ ਇਹਨਾਂ ਦੇ ਨਾਲ ਆਏ ਵੱਡੀ ਗਿਣਤੀ ਬੇਰੁਜਗਾਰ ਅਧਿਆਪਕ ਪਾਣੀ ਵਾਲੀ ਟੈਂਕੀ ਦੇ ਹੇਠਾਂ (ਸੜਕ ਦੇ ਕਿਨਾਰੇ) ਧਰਨਾ ਲਾ ਕੇ ਬੈਠ ਗਏ ਅਤੇ ਪੰਜਾਬ ਸਰਕਾਰ ਵਿਰੁੱਧ ਨਾਰ੍ਹੇਬਾਜੀ ਕਰਨੀ ਸ਼ੁਰੂ ਕਰ ਦਿੱਤੀ|
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਈ ਟੀ ਟੀ ਟੈਟ ਪਾਸ ਬੇਰੁਜਗਾਰ ਅਧਿਆਪਕ ਯੂਨੀਅਨ ਦੇ ਪ੍ਰਧਾਨ ਦੀਪਕ ਕੰਬੋਜ ਨੇ ਕਿਹਾ ਕਿ ਉਹਨਾਂ ਨੇ ਆਪਣਾ ਸੰਘਰਸ਼ ਆਰ ਪਾਰ ਦੀ ਸਥਿਤੀ ਵਿੱਚ ਲੈ ਆਂਦਾ ਹੈ| ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਉਹਨਾਂ ਨੂੰ ਨੌਕਰੀਆਂ ਨਹੀਂ ਮਿਲ ਜਾਂਦੀਆਂ| ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਉਹਨਾਂ ਨੂੰ ਨੌਕਰੀਆਂ ਦੇਣ ਦੀ ਥਾਂ ਲਾਰੇ ਲਾਏ ਜਾ ਰਹੇ ਹਨ ਜਿਸ ਕਰਕੇ ਉਹ ਨੌਕਰੀਆਂ ਲਈ ਦਰ ਦਰ ਭਟਕ ਰਹੇ ਹਨ| ਉਹਨਾਂ ਮੰਗ ਕੀਤੀ ਕਿ ਉਹਨਾਂ ਨੂੰ ਤੁਰੰਤ ਨੌਕਰੀਆਂ ਦਿੱਤੀਆਂ ਜਾਣ|
ਇਸ ਦੌਰਾਨ ਬੇਰੁਜਗਾਰ ਅਧਿਆਪਕਾਂ ਵੱਲੋਂ ਟੈਂਕੀ ਉਪਰ ਚੜ ਜਾਣ ਅਤੇ ਧਰਨਾ ਲਗਾਉਣ ਦੀ ਖਬਰ ਮਿਲਦਿਆਂ ਹੀ ਮੁਹਾਲੀ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ ਅਤੇ ਮੌਕੇ ਤੇ ਪੁਲੀਸ ਅਤੇ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਸਮੇਤ ਵੱਡੀ ਗਿਣਤੀ ਪੁਲੀਸ ਫੋਰਸ ਤੈਨਾਤ ਕਰ ਦਿੱਤੀ ਗਈ| ਪੁਲੀਸ ਫੋਰਸ ਦੀ ਅਗਵਾਈ ਐਸ ਪੀ ਸਿਟੀ ਜਗਜੀਤ ਸਿੰਘ ਜੱਲਾ ਕਰ ਰਹੇ ਸਨ| ਇਹਨਾਂ ਤੋਂ ਇਲਾਵਾ ਸ਼ਹਿਰ ਦੇ ਸਾਰੇ ਡੀ ਐਸ ਪੀ, ਐਸ ਐਚ ਓ ਅਤੇ ਹੋਰ ਪੁਲੀਸ ਫੋਰਸ ਤੈਨਾਤ ਸੀ| ਐਸ ਡੀ ਐਮ ਸ੍ਰੀ ਆਰ ਪੀ ਸਿੰਘ ਵੀ ਮੌਕੇ ਤੇ ਪਹੁੰਚੇ ਹੋਏ ਸਨ ਜਿਨ੍ਹਾਂ ਵੱਲੋਂ ਧਰਨੇ ਉੱਪਰ ਬੈਠੇ ਅਤੇ ਟੈਂਕੀ ਤੇ ਚੜ੍ਹੇ ਅਧਿਆਪਕਾਂ ਨੂੰ ਟੈਂਕੀ ਤੋਂ ਉਤਰਨ ਅਤੇ ਧਰਨਾ ਖਤਮ ਕਰਨ ਦੀ ਅਪੀਲ ਕੀਤੀ ਗਈ ਅਤੇ ਜਦੋਂ ਬੇਰੁਜਗਾਰ ਅਧਿਆਪਕਾਂ ਨੇ ਉਹਨਾਂ ਦੀ ਗੱਲ ਨਾ ਮੰਨੀ ਤਾਂ ਪੁਲੀਸ ਨੇ ਕ੍ਰੇਨ ਦੀ ਮਦਦ ਨਾਲ ਟੈਂਕੀ ਤੇ ਚੜ੍ਹੇ ਅਧਿਆਪਕਾਂ ਨੂੰ ਹੇਠਾਂ ਲਾਹ ਲਿਆ ਅਤੇ ਸਾਰਿਆਂ (ਧਰਨੇ ਤੇ ਬੈਠੇ ਅਧਿਆਪਕਾਂ ਸਮੇਤ) ਨੂੰ ਹਿਰਾਸਤ ਵਿੱਚ ਲੈ ਗਿਆ ਅਤੇ ਇਹਨਾਂ ਨੂੰ ਆਪਣੇ ਨਾਲ ਲੈ ਗਏ| ਪੁਲੀਸ ਦੀ ਇਹ ਕਾਰਵਾਈ ਸਵੇਰੇ 8 ਵਜੇ ਦੇ ਆਸਪਾਸ ਮੁਕੰਮਲ ਹੋ ਗਈ ਸੀ ਅਤੇ ਉੱਥੇ ਹਾਲਾਤ ਆਮ ਵਾਂਗ ਹੋ ਗਏ ਸਨ|
ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਵੱਲੋਂ ਇਹਨਾਂ ਧਰਨਾਕਾਰੀ ਅਧਿਆਪਕਾਂ ਖਿਲਾਫ ਸੋਹਾਣਾ ਥਾਣਾ ਵਿਖੇ ਆਈ ਪੀ ਸੀ ਦੀ ਧਾਰਾ 188, 283,309,517 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ| ਕੁੱਲ 70 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ, ਜਿਹਨਾਂ ਵਿਚੋਂ 64 ਨੂੰ ਨਾਮਜਦ ਕੀਤਾ ਗਿਆ ਹੈ ਜਦੋਂਕਿ 6 ਅਣਪਛਾਤੇ ਹਨ|
ਸੰਪਰਕ ਕਰਨ ਤੇ ਐਸ ਪੀ ਸਿਟੀ ਜਗਜੀਤ ਸਿੰਘ ਜੱਲਾ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਅਮਨ ਕਾਨੂੰਨ ਦੀ ਹਾਲਤ ਨੂੰ ਬਹਾਲ ਰੱਖਣ ਲਈ ਅਣਅਧਿਕਾਰਤ ਤਰੀਕੇ ਨਾਲ ਦਿੱਤੇ ਜਾ ਰਹੇ ਧਰਨੇ ਨੂੰ ਖਤਮ ਕਰਵਾਇਆ ਗਿਆ ਹੈ ਅਤੇ ਧਰਨਾਕਾਰੀਆਂ ਦੇ ਖਿਲਾਫ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਗਈ ਹੈ| ਉਹਨਾਂ ਕਿਹਾ ਕਿ ਐਸ ਡੀ ਐਮ ਮੁਹਾਲੀ (ਕਾਰਜਕਾਰੀ ਮੈਜਿਸਟ੍ਰੇਟ) ਦੀ ਸਲਾਹ ਅਨੁਸਾਰ ਇਸ ਪੂਰੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ|

Leave a Reply

Your email address will not be published. Required fields are marked *