ਤੰਬਾਕੂਨੋਸ਼ੀ ਦੇ ਸਾਮਾਨ ਦੀ ਅਣ ਅਧਿਕਾਰਤ ਤਰੀਕੇ ਨਾਲ ਹੁੰਦੀ ਵਿਕਰੀ ਤੇ ਸਖਤੀ ਨਾਲ ਰੋਕ ਲਗਾਏ ਪ੍ਰਸ਼ਾਸ਼ਨ

ਦੇਸ਼ ਦੇ ਕਾਨੂੰਨ ਅਨੁਸਾਰ ਜਨਤਕ ਥਾਵਾਂ ਤੇ ਕੀਤੀ ਜਾਣ ਵਾਲੀ ਸਿਗਰਟਨੋਸ਼ੀ ਦੀ ਕਾਰਵਾਈ ਭਾਵੇਂ ਇੱਕ ਸਜਾਯੋਗ ਅਪਰਾਧ ਦੇ ਦਾਇਰੇ ਹੇਠ ਆਉਂਦੀ ਹੈ ਪਰੰਤੂ ਸਾਡੇ ਸ਼ਹਿਰ ਅਤੇ ਇਸਦੇ ਆਸਪਾਸ ਦੇ ਖੇਤਰ ਵਿੱਚ ਇਹ ਕਾਰਵਾਈ ਅਕਸਰ ਨਜਰ ਆ ਜਾਂਦੀ ਹੈ| ਸ਼ਹਿਰ ਦੀਆਂ ਮਾਰਕੀਟਾਂ ਦੀਆਂ ਪਾਰਿਕੰਗਾਂ ਵਿੱਚ ਲੋਕਾਂ ਨੂੰ ਸਿਗਰੇਟ ਬੀੜੀ ਦੇ ਕਸ਼ ਲਗਾਉਂਦਿਆਂ ਆਮ ਵੇਖਿਆ ਜਾ ਸਕਦਾ ਹੈ ਅਤੇ ਜਨਤਕ ਥਾਵਾਂ ਤੇ ਕਾਨੂੰਨ ਦੀ ਉਲੰਘਣਾ ਕਰਕੇ ਕੀਤੀ ਜਾਣ ਵਾਲੀ ਇਸ ਕਾਰਵਾਈ ਤੇ ਰੋਕ ਲਗਾਉਣ ਲਈ ਪ੍ਰਸ਼ਾਸ਼ਨ ਵਲੋਂ ਸਿਵਾਏ ਕਾਗਜੀ ਬਿਆਨਬਾਜੀ ਦੇ ਹੋਰ ਕੁੱਝ ਵੀ ਨਹੀਂ ਕੀਤਾ ਜਾਂਦਾ|
ਸ਼ਹਿਰ ਵਿੱਚ ਜਨਤਕ ਥਾਵਾਂ ਤੇ ਕੀਤੀ ਜਾਣ ਵਾਲੀ ਸਿਗਰਟਨੋਸ਼ੀ ਦੀ ਇਸ ਕਾਰਵਾਈ ਤੇ ਕਾਬੂ ਕਰਨ ਲਈ ਜਰੂਰੀ ਹੈ ਕਿ ਇਸ ਸੰਬੰਧੀ ਥਾਂ ਥਾਂ ਤੇ ਅਣਅਧਿਕਾਰਤ ਤੌਰ ਤੇ ਚਲਦੀਆਂ ਤੰਬਾਕੂਨੋਸ਼ੀ ਦਾ ਸਮਾਨ ਵੇਚਣ ਵਾਲੀਆਂ ਫੜੀਆਂ ਤੇ ਕਾਬੂ ਕੀਤਾ ਜਾਵੇ| ਸਾਡੇ ਸ਼ਹਿਰ ਦੀਆਂ ਮੁੱਖ ਸੜਕਾਂ ਦੇ ਕਿਨਾਰੇ ਅਤੇ ਮਾਰਕੀਟਾਂ ਦੀਆਂ ਪਾਰਿਕੰਗਾਂ ਵਿੱਚ ਹੁਣੇ ਵੀ ਲੁਕਵੇਂ ਢੰਗ ਨਾਲ  ਸਿਗਰਟ, ਬੀੜੀ, ਜਰਦਾ ਅਤੇ ਤੰਬਾਕੂ ਦਾ ਅਜਿਹਾ ਹੋਰ ਸਾਜੋ ਸਾਮਾਨ ਵੇਚਿਆ ਜਾਂਦਾ ਹੈ| ਮਾਰਕੀਟਾਂ ਵਿੱਚ ਨਾਜਾਇਜ ਕਬਜੇ ਕਰਕੇ ਬੈਠੇ ਚਾਹ ਵਾਲਿਆਂ ਜਾਂ ਹੋਰ ਛੁਟਪੁਟ ਸਾਮਾਨ ਵੇਚਣ ਵਾਲਿਆਂ ਵਲੋਂ ਹੀ ਕਿਸੇ ਝੋਲੇ ਵਿੱਚ ਭਰ ਕੇ ਇਹ ਸਾਮਾਨ ਰੱਖਿਆ ਜਾਂਦਾ ਹੈ ਅਤੇ ਗ੍ਰਾਹਕਾਂ ਦੀ ਮੰਗ ਅਨੁਸਾਰ ਇਹ ਸਾਮਾਨ ਉਹਨਾਂ ਨੂੰ ਵੇਚ ਦਿੱਤਾ ਜਾਂਦਾ ਹੈ|
ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਦੇ ਸਾਮਾਨ ਦੀ ਵਿਕਰੀ ਦੀ ਇਹ ਕਾਰਵਾਈ ਕਾਨੂੰਨ ਦੀ ਸਿੱਧੀ ਉਲੰਘਣਾ ਦੇ ਦਾਇਰੇ ਹੇਠ ਆਉਂਦੀ ਹੈ ਪਰੰਤੂ ਸਥਾਨਕ ਪ੍ਰਸ਼ਾਸ਼ਨ ਵਲੋਂ ਇਸ ਕਾਨੂੰਨ ਦੀ ਪਾਲਣਾ ਕਰਵਾਉਣ ਲਈ ਲੋੜੀਂਦੀ ਕਾਰਵਾਈ ਦੀ ਅਣਹੋਂਦ ਕਾਰਨ ਸਾਡੇ ਸ਼ਹਿਰ ਵਿੱਚ ਇਸ ਕਾਨੂੰਨ ਦੀਆਂ ਖੁੱਲ ਕੇ ਧੱਜੀਆਂ ਉੜਾਈਆਂ ਜਾਂਦੀਆਂ ਹਨ| ਕਾਨੂੰਨ ਅਨੁਸਾਰ ਤੰਬਾਕੂਨੋਸ਼ੀ ਦਾ ਸਾਮਾਨ ਵੇਚਣ ਲਈ ਸਥਾਨਕ ਪ੍ਰਸ਼ਾਸ਼ਨ ਤੋਂ ਬਾਕਾਇਦਾ ਲਾਇਸੰਸ ਹਾਸਿਲ ਕਰਕੇ ਅਤੇ ਇਸ ਵਾਸਤੇ ਪ੍ਰਸ਼ਾਸ਼ਨ ਵਲੋਂ ਮੰਜੂਰ ਕੀਤੇ ਗਏ ਵਪਾਰਕ ਸਥਾਨਾਂ ਵਿੱਚ ਹੀ ਅਜਿਹੇ ਸਾਮਾਨ ਦੀਆਂ ਦੁਕਾਨਾਂ ਚਲਾਈਆਂ ਜਾ ਸਕਦੀਆਂ ਹਨ|
ਤੰਬਾਕੂਨੋਸ਼ੀ ਦੇ ਸਾਮਾਨ ਦੀ ਵਿਕਰੀ ਕਰਨ ਵਾਲੇ ਕਿਸੇ ਵੀ ਦੁਕਾਨਦਾਰ ਲਈ ਇਹ ਵੀ ਜਰੂਰੀ ਹੈ ਕਿ ਉਹ ਆਪਣੀਆਂ ਦੁਕਾਨ ਤੇ ਆਉਣ ਵਾਲੇ ਗ੍ਰਾਹਕਾਂ ਨੂੰ ਜਾਗਰੂਕ ਕਰਨ ਲਈ ਆਪਣੀ ਦੁਕਾਨ ਤੇ ਕਿਸੇ ਯੋਗ ਥਾਂ ਤੇ ਵੱਡੇ ਅੱਖਰਾਂ ਵਿੱਚ ਵਿਧਾਨਿਕ ਚਿਤਾਵਨੀ ਦਾ ਬੋਰਡ ਲਗਾਉਣ ਕਿ ਤੰਬਾਕੂਨੋਸ਼ੀ ਮਨੁੱਖੀ ਸਿਹਤ ਲਈ ਨੁਕਸਾਨਦੇਹ ਹੈ| ਇਸਦੇ ਨਾਲ ਨਾਲ ਇਹਨਾਂ ਦੁਕਾਨਦਾਰਾਂ ਦੀ ਇਹ ਵੀ ਜਿੰਮੇਵਾਰੀ ਬਣਦੀ ਹੈ ਕਿ ਉਹ ਕਿਸੇ ਵੀ ਹਾਲਤ ਵਿੱਚ ਕਿਸੇ ਨਾਬਾਲਿਗ (18 ਸਾਲ ਤੋਂ ਘੱਟ ਉਮਰ ਦੇ ਬੱਚਿਆਂ) ਨੂੰ ਅਜਿਹਾ ਕੋਈ ਸਾਮਾਨ ਨਾ ਵੇਚਿਆ ਜਾਵੇ|
ਤੰਬਾਕੂਨੋਸ਼ੀ ਦਾ ਸਾਮਾਨ ਵੇਚਣ ਵਾਲੇ ਇਹਨਾਂ ਫੜੀ ਵਾਲਿਆਂ ਵਿੱਚੋਂ 90 ਫੀਸਦੀ ਤੋਂ ਵੱਧ ਪ੍ਰਵਾਸੀ ਹਨ ਜਿਹਨਾਂ ਵਲੋਂ ਨਾਜਾਇਜ ਕਬਜੇ ਕਰਕੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਜਾਂਦਾ ਹੈ| ਇਹਨਾਂ ਦੁਕਾਨਦਾਰਾਂ ਵਲੋਂ ਤੰਬਾਕੂਨੋਸ਼ੀ ਦੇ ਸਾਮਾਨ ਦੀ ਵਿਕਰੀ ਵੇਲੇ ਖਰੀਦਦਾਰ ਦੀ ਉਮਰ ਨੂੰ ਧਿਆਨ ਵਿੱਚ ਰੱਖਿਆ ਜਾਣਾ ਤਾਂ ਇੱਥ ਪਾਸੇ ਇਹਲਾਂ ਵਲੋਂ ਤਾਂ ਖੁਦ ਆਪਣੇ ਛੋਟ ਛੋਟੇ ਬੱਚਿਆਂ ਤਕ ਤੋਂ ਇਸ ਸਾਮਾਨ ਦੀ ਵਿਕਰੀ ਕਰਵਾਈ ਜਾਂਦੀ ਹੈ|
ਪ੍ਰਸ਼ਾਸ਼ਨ ਵਲੋਂ ਭਾਵੇਂ ਸ਼ਹਿਰ ਵਿੱਚ ਜਨਤਕ ਥਾਵਾਂ ਤੇ ਹੁੰਦੀ ਤੰਬਾਕੂਨੋਸ਼ੀ ਦੀ ਕਾਰਵਾਈ ਅਤੇ ਅਣਅਧਿਕਾਰਤ ਤਰੀਕੇ ਨਾਲ ਹੁੰਦੀ ਤੰਬਾਕੂਨੋਸ਼ੀ ਦੇ ਸਾਮਾਨ ਦੀ ਵਿਕਰੀ ਤੇ ਰੋਕ ਲਗਾਉਣ ਲਈ ਬਾਕਾਇਦਾ ਇੱਕ ਕਮੇਟੀ ਵੀ ਬਣਾਈ ਹੋਈ ਹੈ ਜਿਸ ਵਿੱਚ ਸ਼ਹਿਰ ਦੀਆਂ ਸਮਾਜਸੇਵੀ ਜੱਥੇਬੰਦੀਆਂ ਦੇ ਨੁਮਾਇੰਦੇ ਵੀ ਸ਼ਾਮਿਲ ਹਨ ਪਰੰਤੂ ਇਹ ਕਮੇਟੀ ਦੀ ਕਾਰਗੁਜਾਰੀ ਸਿਫਰ ਹੀ ਕਹੀ ਜਾ ਸਕਦੀ ਹੈ| ਸਾਫ ਹੈ ਕਿ ਜਦੋਂ ਤਕ ਪ੍ਰਸ਼ਾਸ਼ਨ ਵਲੋਂ ਸ਼ਹਿਰ ਵਿੱਚ ਅਣਅਧਿਕਾਰਤ ਤੌਰ ਤੇ ਲੱਗਦੀਆਂ ਫੜੀਆਂ ਰਾਂਹੀ ਹੁੰਦੀ ਤੰਬਾਕੂਨੋਸ਼ੀ ਦੇ ਸਾਮਾਨ ਦੀ ਵਿਕਰੀ ਤੇ ਸਖਤੀ ਨਾਲ ਰੋਕ ਨਹੀਂ ਲਗਾਈ ਜਾਵੇਗੀ ਜਨਤਕ ਥਾਵਾਂ ਤੇ ਹੁੰਦੀ ਤੰਬਾਕੂਨੋਸ਼ੀ ਦੀ ਕਾਰਵਾਈ ਤੇ ਰੋਕ ਨਹੀਂ ਲਗਾਈ ਜਾ ਸਕਦੀ|
ਪ੍ਰਸ਼ਾਸ਼ਨ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਸ਼ਹਿਰ ਵਿੱਚ ਜਨਤਕ ਥਾਵਾਂ ਤੇ ਨਾਜਾਇਜ ਕਬਜੇ ਕਰਕੇ ਤੰਬਾਕੂਨੋਸ਼ੀ ਦੇ ਸਾਮਾਨ ਦੀਆਂ ਆਪਣੀਆਂ ਦੁਕਾਨਾਂ ਚਲਾਉਣ ਵਾਲੇ ਅਜਿਹੇ ਵਿਅਕਤੀਆਂ ਦੇ ਖਿਲਾਫ ਲੋੜੀਂਦੀ ਕਾਰਵਾਈ ਕਰੇ| ਇਸ ਸੰਬੰਧੀ ਅਜਿਹੇ ਫੜੀਆਂ ਵਾਲਿਆਂ ਦੇ ਖਿਲਾਫ ਬਣਦੇ ਅਪਰਾਧਿਕ ਮਾਮਲੇ ਦਰਜ ਕੀਤ ਜਾਣੇ ਚਾਹੀਦੇ ਹਨ ਅਤ ਇਸ ਕੰਮ ਤੇ ਸਖਤੀ ਨਾਲ ਰੋਕ ਲਗਾਈ ਜਾਣੀ ਚਾਹੀਦੀ ਹੈ ਤਾਂ ਜੋ ਸ਼ਹਿਰ ਵਾਸੀਆਂ ਦੀ ਇਸ ਸਹਿਮ ਸਮੱਸਿਆ ਦਾ ਹਲ ਕੀਤਾ ਜਾ ਸਕੇ|

Leave a Reply

Your email address will not be published. Required fields are marked *