ਤੰਬਾਕੂ ਦੀ ਰੋਕਥਾਮ ਵਿੱਚ ਅਹਿਮ ਰੋਲ ਨਿਭਾ ਸਕਦੇ ਹਨ ਵਿਦਿਆਰਥੀ : ਰੁਪਿੰਦਰ ਕੌਰ

ਐਸ ਏ ਐਸ ਨਗਰ, 13 ਸਤੰਬਰ (ਸ.ਬ.) ‘ਜੇ ਨਸ਼ਿਆਂ ਦੇ ਮਾੜੇ ਅਸਰ ਬਾਰੇ ਵਿਦਿਆਰਥੀ ਜਾਗਰੂਕ ਹੋਣਗੇ ਤਾਂ ਉਹ ਨਸ਼ਾ ਕਰਨ ਵਾਲਿਆਂ ਨੂੰ ਪ੍ਰੇਰਿਤ ਕਰਕੇ ਉਨ੍ਹਾਂ ਦਾ ਨਸ਼ਾ ਛੁਡਾਉਣ ਵਿਚ ਅਹਿਮ ਰੋਲ ਨਿਭਾ ਸਕਦੇ ਹਨ ਕਿਉਂਕਿ ਕਿਸੇ ਵੀ ਤਰ੍ਹਾਂ ਦਾ ਸੁਨੇਹਾ ਫੈਲਾਉਣ ਲਈ ਵਿਦਿਆਰਥੀ ਜਾਂ ਬੱਚੇ ਬਹੁਤ ਪ੍ਰਭਾਵਸ਼ਾਲੀ ਤੇ ਅਸਰਦਾਰ ਮਾਧਿਅਮ ਹੁੰਦੇ ਹਨ|’ ਇਹ ਗੱਲ ਜ਼ਿਲ੍ਹਾ ਸਲਾਹਕਾਰ, ਤੰਬਾਕੂ ਸੈਲ, ਡਾ. ਰੁਪਿੰਦਰ ਕੌਰ ਨੇ ਜ਼ੀਰਕੁਪਰ ਦੇ ਨਿਊ ਏਂਜਲ ਪਬਲਿਕ ਸਕੂਲ ਵਿਚ ਨਸ਼ਾ ਵਿਰੋਧੀ ਸੈਮੀਨਾਰ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਹੀ| ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਨਸ਼ਿਆਂ ਦੇ ਮਾੜੇ ਅਸਰ ਬਾਰੇ ਜਾਗਰੂਕ ਕਰਨਾ ਕਾਫ਼ੀ ਫ਼ਾਇਦੇਮੰਦ ਸਾਬਤ ਹੋ ਸਕਦਾ ਹੈ ਕਿਉਂਕਿ ਜੇ ਉਨ੍ਹਾਂ ਦੇ ਘਰ ਵਿਚ ਕੋਈ ਜੀਅ, ਰਿਸ਼ਤੇਦਾਰ ਜਾਂ ਦੋਸਤ-ਮਿੱਤਰ ਤੰਬਾਕੂ ਦਾ ਸੇਵਨ ਕਰਦਾ ਹੈ ਤਾਂ ਉਹ ਉਸ ਨੂੰ ਹਲੂਣਾ ਦੇ ਕੇ ਇਸ ਅਲਾਮਤ ਤੋਂ ਖਹਿੜਾ ਛੁਡਾ ਸਕਦੇ ਹਨ|
ਉਨ੍ਹਾਂ ਕਿਹਾ ਕਿ ਜੇ ਕੋਈ ਵਿਅਕਤੀ ਸਿਗਰਟ ਪੀਂਦਾ ਹੈ ਤਾਂ ਸਿਗਰਟ ਵਿਚੋਂ ਨਿਕਲਣ ਵਾਲਾ ਧੂੰਆਂ ਜਾਂ ਕੈਮੀਕਲ ਨੇੜੇ-ਤੇੜੇ ਪਈਆਂ ਚੀਜ਼ਾਂ ਨੂੰ ਚਿੰਬੜ ਸਕਦਾ ਹੈ ਜਿਨ੍ਹਾਂ ਨੂੰ ਹੱਥ ਲਾਉਣ ਜਾਂ ਮੂੰਹ ਵਿਚ ਪਾਉਣ ਨਾਲ ਵੀ ਵਿਅਕਤੀ ਨੂੰ ਸਿਗਰਟਨੋਸ਼ੀ ਦਾ ਨੁਕਸਾਨ ਝੱਲਣਾ ਪੈ ਸਕਦਾ ਹੈ| ਇਸ ਨੂੰ ਥਰਡ ਸਮੋਕਿੰਗ ਕਿਹਾ ਜਾਂਦਾ ਹੈ|
ਇਸ ਮੌਕੇ ਡਾ. ਰੁਪਿੰਦਰ ਨੇ ਕਿਹਾ ਕਿ ਤੰਬਾਕੂ ਪਹਿਲਾਂ ਦੋਸਤਾਂ ਦੀ ਰੀਸੋ-ਰੀਸ ਜਾਂ ਸ਼ੌਕ ਵਜੋਂ ਵਰਤਿਆ ਜਾਂਦਾ ਹੈ ਜਿਹੜਾ ਬਾਅਦ ਵਿਚ ਪੱਕੀ ਆਦਤ ਬਣ ਜਾਂਦਾ ਹੈ| ਉਨ੍ਹਾਂ ਕਿਹਾ ਕਿ ਤੰਬਾਕੂ ਮਿੱਠਾ ਜ਼ਹਿਰ ਹੈ ਜਿਹੜਾ ਵਿਅਕਤੀ ਦੀ ਜਾਨ ਵੀ ਲੈ ਲੈਂਦਾ ਹੈ| ਉਨ੍ਹਾਂ ਪ੍ਰਾਜੈਕਟਰ ਸਕ੍ਰੀਨ ਰਾਹੀਂ ਬੱਚਿਆਂ ਨੂੰ ਨਸ਼ਿਆਂ ਦੀ ਪਰਿਭਾਸ਼ਾ, ਕਿਸਮਾਂ, ਨੁਕਸਾਨ ਅਤੇ ਇਲਾਜ ਬਾਰੇ ਵਿਸਥਾਰ ਨਾਲ ਦਸਿਆ| ਉਨ੍ਹਾਂ ਦਸਿਆ ਕਿ ਤੰਬਾਕੂ ਵਿਰੋਧੀ ਕਾਨੂੰਨ ਤਹਿਤ ਸਕੂਲ ਦੀ ਬਾਹਰੀ ਕੰਧ ਦੇ 100 ਗਜ਼ ਦੂਰ ਤਕ ਦੇ ਘੇਰੇ ਵਿਚ ਕੋਈ ਵੀ ਵਿਅਕਤੀ ਤੰਬਾਕੂ ਪਦਾਰਥ ਨਹੀਂ ਵੇਚ ਸਕਦਾ ਤੇ ਨਾ ਹੀ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਤੰਬਾਕੂ ਪਦਾਰਥ ਵੇਚੇ ਜਾ ਸਕਦੇ ਹਨ| ਉਨ੍ਹਾਂ ਕਿਹਾ ਕਿ ਤੰਬਾਕੂ ਦੀ ਆਦਤ ਛਡਣਾ ਕੋਈ ਔਖੀ ਗੱਲ ਨਹੀਂ| ਵਿਅਕਤੀ ਅਪਣਾ ਮਨ ਪੱਕਾ ਕਰ ਲਵੇ ਤਾਂ ਇਸ ਤੋਂ ਸਹਿਜੇ ਹੀ ਛੁਟਕਾਰਾ ਪਾਇਆ ਜਾ ਸਕਦਾ ਹੈ| ਡਾਕਟਰੀ ਸਲਾਹ ਲਈ ਸੈਕਟਰ 66 ਦੇ ਨਸ਼ਾ ਛੁਡਾਊ ਕੇਂਦਰ ਵਿਚ ਤੈਨਾਤ ਮਾਹਰ ਡਾਕਟਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਜਿਥੇ ਕਿਸੇ ਵੀ ਤਰ੍ਹਾਂ ਦਾ ਨਸ਼ਾ ਛੁਡਾਉਣ ਲਈ ਮੁਫ਼ਤ ਇਲਾਜ ਕੀਤਾ ਜਾਂਦਾ ਹੈ|
ਇਸ ਮੌਕੇ ਤੰਬਾਕੂ ਸਬੰਧੀ ਬੱਚਿਆਂ ਦੇ ਡਰਾਇੰਗ ਅਤੇ ਸਲੋਗਨ ਮੁਕਾਬਲੇ ਵੀ ਕਰਵਾਏ ਗਏ ਤੇ ਸਭ ਤੋਂ ਵਧੀਆ ਕਾਰਗੁਜ਼ਾਰੀ ਵਿਖਾਉਣ ਵਾਲੇ ਬੱਚਿਆਂ ਨੂੰ ਇਨਾਮ ਵੰਡੇ ਗਏ| ਸਮਾਗਮ ਵਿਚ ਐਸਐਮਓ ਡੇਰਾਬੱਸੀ ਡਾ. ਸੰਗੀਤਾ ਜੈਨ, ਸਕੂਲ ਪ੍ਰਿੰਸੀਪਲ ਸ਼ਰਨਜੀਤ ਕੌਰ, ਹੈਲਥ ਇੰਸਪੈਕਟਰ ਭੁਪਿੰਦਰ ਸਿੰਘ, ਰਾਜਿੰਦਰ ਸਿੰਘ, ਸੁਖਜੀਤ ਸਿੰਘ, ਸਰਬਜੀਤ ਸਿੰਘ ਆਦਿ ਵੀ ਮੌਜੂਦ ਸਨ|

Leave a Reply

Your email address will not be published. Required fields are marked *