ਤੰਬਾਕੂ ਰੋਕਥਾਮ ਮੁਹਿੰਮ ਤਹਿਤ ਲਾਂਡਰਾਂ ਵਿਖੇ ਦੁਕਾਨਾਂ ਤੇ ਛਾਪੇ

ਤੰਬਾਕੂ ਰੋਕਥਾਮ ਮੁਹਿੰਮ ਤਹਿਤ ਲਾਂਡਰਾਂ ਵਿਖੇ ਦੁਕਾਨਾਂ ਤੇ ਛਾਪੇ
ਐਸ ਏ ਐਸ ਨਗਰ, 18 ਜਨਵਰੀ (ਸ.ਬ.) ਤੰਬਾਕੂ ਰੋਕਥਾਮ ਮੁਹਿੰਮ ਨੂੰ ਤੇਜ਼ ਕਰਦਿਆਂ ਸਿਹਤ ਵਿਭਾਗ ਦੀ ਟੀਮ ਨੇ ਲਾਂਡਰਾਂ ਵਿਖੇ ਕਰਿਆਨਾ, ਕਨਫ਼ੈਕਸ਼ਨਰੀ ਅਤੇ ਖਾਣ-ਪੀਣ ਦੀਆਂ ਦੁਕਾਨਾਂ ਦੀ ਅਚਨਚੇਤ ਜਾਂਚ-ਪੜਤਾਲ ਕੀਤੀ ਅਤੇ ਤੰਬਾਕੂ ਰੋਕਥਾਮ ਕਾਨੂੰਨ ਦੀ ਉਲੰਘਣਾ ਕਰਦਿਆਂ ਤੰਬਾਕੂ ਪਦਾਰਥ ਵੇਚਣ ਦੇ ਦੋਸ਼ ਹੇਠ 18 ਚਾਲਾਨ ਕੱਟੇ| ਵੱਖ-ਵੱਖ ਦੁਕਾਨਾਂ ਤੇ ਉਕਤ ਕਾਨੂੰਨ ਤੋਂ ਉਲਟ ਜਾ ਕੇ ਸਿਗਰਟ, ਬੀੜੀ, ਖੈਨੀ ਤੇ ਹੋਰ ਤੰਬਾਕੂ ਪਦਾਰਥ ਵੇਚੇ ਜਾ ਰਹੇ ਸਨ| ਕਈ ਦੁਕਾਨਦਾਰਾਂ ਕੋਲ ਤੰਬਾਕੂ ਪਦਾਰਥ ਵੇਚਣ ਦਾ ਲਾਇਸੰਸ ਨਹੀਂ ਸੀ ਤੇ ਕਰਿਆਨੇ ਦੀਆਂ ਦੋ ਦੁਕਾਨਾਂ ਤੇ ਤੰਬਾਕੂ ਪਦਾਰਥ ਵੇਚੇ ਜਾ ਰਹੇ ਸਨ ਜੋ ਕਾਨੂੰਨਨ ਵਰਜਿਤ ਹੈ|
ਇਸ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰੀਟਾ ਭਾਰਦਵਾਜ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਪੁਲੀਸ ਦਾ ਸਹਿਯੋਗ ਲੈਂਦਿਆਂ ਵੱਖ-ਵੱਖ ਥਾਵਾਂ ਤੇ ਜਾ ਕੇ ਛਾਪੇ ਮਾਰੇ ਅਤੇ ਮੌਕੇ ਤੇ ਹੀ 3200 ਰੁਪਏ ਦਾ ਜੁਰਮਾਨਾ ਵਸੂਲ ਕੀਤਾ| ਗੈਰ-ਕਾਨੂੰਨੀ ਢੰਗ ਨਾਲ ਵੇਚੇ ਜਾ ਰਹੇ ਤੰਬਾਕੂ ਪਦਾਰਥਾਂ ਨੂੰ ਮੌਕੇ ਤੇ ਹੀ ਨਸ਼ਟ ਕਰਵਾਇਆ ਗਿਆ| ਉਨ੍ਹਾਂ ਦਸਿਆ ਕਿ ਕੁੱਝ ਦੁਕਾਨਾਂ ਤੇ ਪਾਬੰਦੀਸ਼ੁਦਾ ਵਿਦੇਸ਼ੀ ਸਿਗਰਟਾਂ ਵੇਚੀਆਂ ਜਾ ਰਹੀਆਂ ਸਨ ਜਦਕਿ ਇਕ ਦੁਕਾਨ ਤੇ ਪਾਬੰਦੀਸ਼ੁਦਾ ਖ਼ੁਸ਼ਬੂਦਾਰ ਤੰਬਾਕੂ ਵੇਚਿਆ ਜਾ ਰਿਹਾ ਸੀ|
ਉਹਨਾਂ ਕਿਹਾ ਕਿ ਕਰਿਆਨੇ ਦੀਆਂ ਦੁਕਾਨਾਂ ਵਿੱਚ ਤੰਬਾਕੂ ਪਦਾਰਥ ਵੇਚਣਾ ਗੈਰ-ਕਾਨੂੰਨੀ ਹੈ| ਕੁਝ ਦੁਕਾਨਾਂ ਕੋਲ ਯੋਗ ਵਿਕਰੀ ਲਾਇਸੰਸ ਵੀ ਨਹੀਂ ਸਨ| ਕੁੱਝ ਦੁਕਾਨਾਂ ਤੋਂ ਵਿਦੇਸ਼ੀ ਸਿਗਰਟਾਂ ਦੇ ਪੈਕੇਟ ਬਰਾਮਦ ਕੀਤੇ ਗਏ ਜਿਨ੍ਹਾਂ ਉਤੇ ਕੋਈ ਚਿਤਾਵਨੀ ਚਿੰਨ੍ਹ ਨਹੀਂ ਸੀ| ਇਹ ਚਾਲਾਨ ਸਿਗਰਟ ਐਂਡ ਅਦਰ ਤੰਬਾਕੂ ਪ੍ਰੋਡਕਟਸ ਐਕਟ 2003 ਦੀ ਧਾਰਾ 4 ਅਤੇ 6 ਤਹਿਤ ਕੱਟੇ ਗਏ|
ਉਹਨਾਂ ਕਿਹਾ ਕਿ ਜਾਂਚ-ਪੜਤਾਲ ਦਾ ਮੰਤਵ ਦੁਕਾਨਦਾਰਾਂ ਨੂੰ ਕਿਸੇ ਵੀ ਤਰ੍ਹਾਂ ਤੰਗ-ਪ੍ਰੇਸ਼ਾਨ ਕਰਨਾ ਨਹੀਂ ਸਗੋਂ ਉਨ੍ਹਾਂ ਨੂੰ ਦਸਣਾ ਹੈ ਕਿ ਕੋਟਪਾ ਕਾਨੂੰਨ ਦੀ ਪਾਲਣਾ ਯਕੀਨੀ ਬਣਾਈ ਜਾਵੇ| ਇਸ ਕਾਰਵਾਈ ਤੋਂ ਪਹਿਲਾਂ ਲਾਂਡਰਾਂ ਦੇ ਸਰਕਾਰੀ ਹਾਈ ਸਕੂਲ ਦੇ ਬੱਚਿਆਂ ਨੂੰ ਤੰਬਾਕੂ ਦੀ ਵਰਤੋਂ ਦੇ ਨੁਕਸਾਨਾਂ ਬਾਰੇ ਜਾਣਕਾਰੀ ਦਿਤੀ ਗਈ ਅਤੇ ਜਾਗਰੂਕਤਾ ਪੈਂਫ਼ਲੈਂਟ ਵੀ ਵੰਡੇ ਗਏ|
ਜਾਂਚ ਟੀਮ ਵਿੱਚ ਜ਼ਿਲ੍ਹਾ ਤੰਬਾਕੂ ਕੰਟਰੋਲ ਅਫ਼ਸਰ ਡਾ. ਆਰ.ਪੀ. ਸਿੰਘ, ਡਾ. ਰੁਪਿੰਦਰ ਕੌਰ, ਫ਼ੂਡ ਸੇਫ਼ਟੀ ਅਫ਼ਸਰ ਅਨਿਲ ਕੁਮਾਰ, ਦਿਨੇਸ਼ ਚੌਧਰੀ, ਗੁਰਵਿੰਦਰ ਸਿੰਘ, ਅਵਤਾਰ ਸਿੰਘ ਆਦਿ ਸ਼ਾਮਲ ਸਨ|

Leave a Reply

Your email address will not be published. Required fields are marked *