ਤੰਬਾਕੂ ਰੋਕਥਾਮ ਮੁਹਿੰਮ ਤਹਿਤ ਦੁਕਾਨਾਂ ਦੀ ਕੀਤੀ ਚੈਕਿੰਗ

ਐਸ.ਏ.ਐਸ.ਨਗਰ, 25 ਸਤੰਬਰ (ਸ.ਬ.) ਮਿਸ਼ਨ ਤੰਦਰੁਸਤ ਪੰਜਾਬ ਤਹਿਤ ਤੰਬਾਕੂ ਰੋਕਥਾਮ ਮੁਹਿੰਮ ਨੂੰ ਤੇਜ ਕਰਦਿਆਂ ਸਿਹਤ ਵਿਭਾਗ, ਨਾਪਤੋਲ ਵਿਭਾਗ ਅਤੇ ਪੁਲੀਸ ਵਿਭਾਗ ਦੀ ਸਾਂਝੀ ਟੀਮ ਨੇ ਸ਼ਹਿਰ ਵਿਚ ਵੱਖ-ਵੱਖ ਥਾਵਾਂ ਤੇ ਕਰਿਆਨਾ ਖਾਣ-ਪੀਣ ਦੀਆਂ ਹੋਰ ਦੁਕਾਨਾਂ ਦੀ ਅਚਨਚੇਤ ਜਾਂਚ-ਪੜਤਾਲ ਕੀਤੀ ਅਤੇ ਕੁੱਲ 21 ਚਲਾਨ ਕੱਟੇ| ਇਨ੍ਹਾਂ ਦੁਕਾਨਾਂ ਤੇ ਤੰਬਾਕੂ ਰੋਕਥਾਮ ਕਾਨੂੰਨ ਦੀ ਉਲੰਘਣਾ ਕਰਦਿਆਂ ਸਿਗਰਟ, ਬੀੜੀ ਤੇ ਹੋਰ ਤੰਬਾਕੂ ਪਦਾਰਥ ਵੇਚੇ ਜਾ ਰਹੇ ਸਨ| ਕਈ ਦੁਕਾਨਦਾਰਾਂ ਕੋਲ ਤੰਬਾਕੂ ਪਦਾਰਥ ਵੇਚਣ ਦਾ ਲਾਇਸੰਸ ਨਹੀਂ ਸੀ| ਸਿਹਤ ਵਿਭਾਗ ਦੀ ਟੀਮ ਨੇ 17 ਚਲਾਨ ਕੱਟੇ ਜਦਕਿ ਨਾਪਤੋਲ ਵਿਭਾਗ ਦੀ ਟੀਮ ਨੇ ਚਾਰ ਚਲਾਨ ਕੱਟੇ| ਤੰਬਾਕੂ ਕੰਟਰੋਲ ਟੀਮ ਨੇ ਤਿੰਨ ਹਜ਼ਾਰ ਰੁਪਏ ਅਤੇ ਨਾਪਤੋਲ ਵਿਭਾਗ ਦੀ ਟੀਮ ਨੇ 25 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਜਿਸ ਵਿਚ 18 ਹਜ਼ਾਰ ਰੁਪਏ ਮੌਕੇ ਤੇ ਵਸੂਲ ਕੀਤੇ ਗਏ|
ਸਿਵਲ ਸਰਜਨ ਡਾ. ਰੀਟਾ ਭਾਰਦਵਾਜ ਨੇ ਦਸਿਆ ਕਿ ਸਾਂਝੀ ਟੀਮ ਨੇ ਸ਼ਹਿਰ ਦੇ ਫ਼ੇਜ਼ 1, 2, 4, 5 ਅਤੇ 6 ਵਿੱਚ ਦੁਕਾਨਾਂ ਤੇ ਛਾਪੇ ਮਾਰੇ| ਕਈ ਦੁਕਾਨਾਂ ਤੇ ਤੰਬਾਕੂ ਵਿਰੋਧੀ ਕਾਨੂੰਨ ਦੀ ਉਲੰਘਣਾ ਕਰ ਕੇ ਸਿਗਰਟ ਆਦਿ ਤੰਬਾਕੂ ਪਦਾਰਥ ਵੇਚੇ ਜਾ ਰਹੇ ਸਨ| ਕੁੱਝ ਦੁਕਾਨਾਂ ਤੇ ਪਾਬੰਦੀਸ਼ੁਦਾ ਵਿਦੇਸ਼ੀ ਸਿਗਰਟਾਂ ਵੇਚੀਆਂ ਜਾ ਰਹੀਆਂ ਸਨ ਜਦਕਿ ਕੁਝ ਦੁਕਾਨਾਂ ਤੇ ਪਾਬੰਦੀਸ਼ੁਦਾ ਖ਼ੁਸ਼ਬੂਦਾਰ ਜ਼ਰਦਾ, ਪਾਨ ਮਸਾਲਾ, ਖੈਨੀ ਆਦਿ ਵੇਚਿਆ ਜਾ ਰਿਹਾ ਸੀ| ਕਰਿਆਨੇ ਦੀਆਂ ਦੁਕਾਨਾਂ ਤੇ ਵੀ ਤੰਬਾਕੂ ਪਦਾਰਥ ਵੇਚੇ ਜਾ ਰਹੇ ਸਨ| ਸਿਵਲ ਸਰਜਨ ਨੇ ਦੱਸਿਆ ਕਿ ਕਰਿਆਨੇ ਦੀਆਂ ਦੁਕਾਨਾਂ ਵਿਚ ਤੰਬਾਕੂ ਪਦਾਰਥ ਵੇਚਣਾ ਗ਼ੈਰ-ਕਾਨੂੰਨੀ ਹੈ| ਕੁਝ ਦੁਕਾਨਾਂ ਕੋਲ ਯੋਗ ਵਿਕਰੀ ਲਾਇਸੰਸ ਵੀ ਨਹੀਂ ਸਨ| ਫ਼ੇਜ਼ ਛੇ ਦੀਆਂ ਦੋ ਦੁਕਾਨਾਂ ਤੇ ਤੰਬਾਕੂ ਪਦਾਰਥ ਥੋਕ ਵਿਚ ਵੇਚੇ ਜਾ ਰਹੇ ਸਨ ਜਿਨ੍ਹਾਂ ਵਿਚ ਬਹੁਤਾ ਸਮਾਨ ਪਾਬੰਦੀਸ਼ੁਦਾ ਸੀ| ਇਨ੍ਹਾਂ ਦੋਹਾਂ ਦੁਕਾਨਾਂ ਤੇ ਵਿਦੇਸ਼ੀ ਸਿਗਰਟਾਂ ਦੇ ਕਈ ਪੈਕੇਟ ਬਰਾਮਦ ਕੀਤੇ ਗਏ ਜਿਨ੍ਹਾਂ ਉਤੇ ਕੋਈ ਚਿਤਾਵਨੀ ਨਿਸ਼ਾਨ ਨਹੀਂ ਸੀ| ਦੋਹਾਂ ਦੁਕਾਨਦਾਰਾਂ ਕੋਲੋਂ 16 ਹਜ਼ਾਰ ਰੁਪਏ ਦਾ ਜੁਰਮਾਨਾ ਮੌਕੇ ਤੇ ਵਸੂਲ ਕੀਤਾ ਗਿਆ|
ਜਿੱਥੇ ਸਿਹਤ ਵਿਭਾਗ ਦੀ ਟੀਮ ਨੇ ਸਿਗਰਟ ਅਤੇ ਹੋਰ ਤੰਬਾਕੂ ਪਦਾਰਥਕ ਰੋਕਥਾਮ ਕਾਨੂੰਨ ਯਾਨੀ ਕੋਟਪਾ ਅਧੀਨ ਕਾਰਵਾਈ ਕੀਤੀ, ਉੱਥੇ ਨਾਪਤੋਲ ਵਿਭਾਗ ਦੀ ਟੀਮ ਨੇ ਪੈਕੇਡ ਕੋਮੋਡਿਟੀਜ਼ ਰੂਲਜ਼ 2011 ਤਹਿਤ ਕਾਰਵਾਈ ਕੀਤੀ| ਦੁਕਾਨਾਂ ਵਿੱਚ ਸਮਾਨ ਦੀ ਵਿਕਰੀ ਸਬੰਧੀ ਕਈ ਖ਼ਾਮੀਆਂ ਮਿਲੀਆਂ ਅਤੇ ਤੰਬਾਕੂ ਪਦਾਰਥਾਂ ਨੂੰ ਜ਼ਬਤ ਕਰ ਕੇ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ| ਡਾ. ਭਾਰਦਵਾਜ ਨੇ ਕਿਹਾ ਕਿ ਜਾਂਚ-ਪੜਤਾਲ ਦਾ ਮੰਤਵ ਦੁਕਾਨਦਾਰਾਂ ਨੂੰ ਕਿਸੇ ਵੀ ਤਰ੍ਹਾਂ ਤੰਗ-ਪ੍ਰੇਸ਼ਾਨ ਕਰਨਾ ਨਹੀਂ ਸਗੋਂ ਉਨ੍ਹਾਂ ਨੂੰ ਦੱਸਣਾ ਹੈ ਕਿ ਕੋਟਪਾ ਕਾਨੂੰਨ ਦੀ ਪਾਲਣਾ ਯਕੀਨੀ ਬਣਾਈ ਜਾਵੇ|
ਉਨ੍ਹਾਂ ਕਿਹਾ ਕਿ ਕੋਟਪਾ ਕਾਨੂੰਨ ਤਹਿਤ ਦੁਕਾਨਦਾਰ ਕੋਲ ਤੰਬਾਕੂ ਪਦਾਰਥ ਵੇਚਣ ਲਈ ਲਾਇਸੰਸ ਹੋਣਾ ਲਾਜ਼ਮੀ ਹੈ| ਤੰਬਾਕੂ ਪਦਾਰਥ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਵੇਚੇ ਜਾਣ| ਤਸਕਰੀ ਰਾਹੀਂ ਵਿਦੇਸ਼ਾਂ ਤੋਂ ਲਿਆਂਦੇ ਤੰਬਾਕੂ ਪਦਾਰਥਾਂ ਦੀ ਵਿਕਰੀ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ| ਵੇਚੇ ਜਾਣ ਵਾਲੇ ਤੰਬਾਕੂ ਪਦਾਰਥਾਂ ਦਾ ਕਵਰ 85 ਫੀਸਦੀ ਚਿਤਾਵਨੀ ਚਿੰਨਾਂ ਨਾਲ ਢਕਿਆ ਹੋਣਾ ਚਾਹੀਦਾ ਹੈ| 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਤੰਬਾਕੂ ਪਦਾਰਥ ਕਿਸੇ ਵੀ ਹਾਲਤ ਵਿਚ ਵੇਚੇ ਨਹੀਂ ਜਾ ਸਕਦੇ ਅਤੇ ਸਕੂਲ ਦੀ ਚਾਰਦੀਵਾਰੀ ਦੇ ਬਾਹਰ 100 ਗਜ਼ ਦੇ ਘੇਰੇ ਵਿਚ ਵੀ ਤੰਬਾਕੂ ਪਦਾਰਥ ਵੇਚੇ ਨਹੀਂ ਜਾ ਸਕਦੇ| ਪੜ੍ਹਤਾਲੀਆ ਟੀਮ ਵਿੱਚ ਜ਼ਿਲ਼੍ਹਾ ਸਲਾਹਕਾਰ, ਤੰਬਾਕੂ ਰੋਕਥਾਮ ਸੈਲ ਡਾ. ਰੁਪਿੰਦਰ ਕੌਰ, ਫ਼ੂਡ ਸੇਫ਼ਟੀ ਅਫ਼ਸਰ ਅਨਿਲ ਕੁਮਾਰ, ਸਹਾਇਕ ਨੋਡਲ ਅਫ਼ਸਰ ਭੁਪਿੰਦਰ ਸਿੰਘ, ਨਾਪਤੋਲ ਵਿਭਾਗ ਦੇ ਇੰਸਪੈਕਟਰ ਰਾਜੇਸ਼ ਕੁਮਾਰ, ਰਜਨੀਸ਼ ਕੁਮਾਰ ਅਤੇ ਪੁਲੀਸ ਦੇ ਸਹਾਇਕ ਸਬ ਇੰਸਪੈਕਟਰ ਕੁਲਵਿੰਦਰ ਸਿੰਘ ਆਦਿ ਸ਼ਾਮਲ ਸਨ|

Leave a Reply

Your email address will not be published. Required fields are marked *