ਥਾਂ ਥਾਂ ਤੇ ਲੱਗਦੀਆਂ ਰੇਹੜੀਆਂ ਕਾਰਨ ਲੋਕ ਹੁੰਦੇ ਹਨ ਪਰੇਸ਼ਾਨ ਆਵਾਜਾਈ ਵਿੱਚ ਵੀ ਪੈਂਦਾ ਹੈ ਵਿਘਨ


ਐਸ.ਏ.ਐਸ.ਨਗਰ, 7 ਅਕਤੂਬਰ (ਆਰ.ਪੀ.ਵਾਲੀਆ) ਸ਼ਹਿਰ ਵਿੱਚ ਰੇਹੜੀਆਂ ਫੜ੍ਹੀਆਂ ਦੀ ਭਰਮਾਰ ਹੋਣ ਕਾਰਨ ਸਥਾਨਕ ਨਿਵਾਸੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਸ਼ਹਿਰ ਦੀ ਲੱਗਭੱਗ ਹਰੇਕ ਸੜਕ ਅਤੇ ਮਾਰਕੀਟ ਵਿੱਚ ਇਨ੍ਹਾਂ ਦੀ ਗਿਣਤੀ ਦਿਨੋਂ-ਦਿਨ ਵੱਧ ਰਹੀ ਹੈ ਜਿਨ੍ਹਾਂ ਤੇ ਸਬਜੀਆਂ, ਫਲ ਅਤੇ ਹੋਰ ਖਾਣ ਪੀਣ ਦੇ ਸਮਾਨ ਤੋਂ ਲੈ ਕੇ ਕਈ ਤਰ੍ਹਾਂ ਦੀਆਂ ਚੀਜਾਂ ਵੇਚੀਆਂ ਜਾਂਦੀਆਂ ਹਨ| 
ਇਹ ਰੇਹੜੀਆਂ ਵਾਲੇ ਕਿਸੇ ਵੀ ਸੜਕ ਦੇ ਕਿਨਾਰੇ ਆਪਣੀਆਂ                ਰੇਹੜੀਆਂ ਖੜ੍ਹੀਆਂ ਕਰਕੇ ਆਪਣਾ ਸਮਾਨ ਵੇਚਣ ਲਈ ਖੜ੍ਹੇ ਹੋ ਜਾਂਦੇ ਹਨ| ਇਸ ਦੌਰਾਨ ਇਨ੍ਹਾਂ ਤੋਂ ਸਮਾਨ ਖਰੀਦਣ ਲਈ ਆਉਣ ਵਾਲੇ ਲੋਕ ਸੜਕ ਤੇ ਹੀ ਆਪਣੇ ਵਾਹਨ ਖੜ੍ਹੇ ਕਰ ਦਿੰਦੇ ਹਨ ਅਤੇ ਇਨ੍ਹਾਂ ਰੇਹੜੀਆਂ ਤੋਂ ਸਮਾਨ ਖਰੀਦਣ ਵਿੱਚ ਮਸ਼ਰੂਫ ਹੋ ਜਾਂਦੇ ਹਨ, ਜਿਸ ਕਾਰਨ ਉਸ ਸੜਕ ਦੀ ਪੂਰੀ ਆਵਾਯਾਈ ਪ੍ਰਭਾਵਿਤ ਹੁੰਦੀ ਹੈ ਅਤੇ ਜਾਮ ਤੱਕ ਦੀ ਨੌਬਤ ਵੀ ਆ ਜਾਂਦੀ ਹੈ| ਇਸਦੇ ਨਾਲ ਹੀ ਆਉਣ ਵਾਲੇ ਦਿਨਾਂ ਵਿੱਚ ਤਿਓਹਾਰਾਂ ਦੇ ਸੀਜਨ ਵਿੱਚ ਇਨ੍ਹਾਂ ਰੇਹੜੀਆਂ ਦੀ ਗਿਣਤੀ ਹੁਣ ਨਾਲੋਂ ਵੀ ਦੁਗਣੀ ਹੋ ਜਾਣ ਦੀ ਸੰਭਾਵਨਾ ਹੈ ਜਿਸ ਕਾਰਨ ਲੋਕਾਂ ਦੀ ਪ੍ਰੇਸ਼ਾਨ ਹੋਰ ਵੀ ਵੱਧਣੀ ਤੈਅ ਹੈ| 
ਨਗਰ ਨਿਗਮ ਵਲੋਂ ਭਾਵੇਂ ਸਮੇਂ-ਸਮੇਂ ਤੇ ਇਨ੍ਹਾਂ ਨਾਜਾਇਜ ਲੱਗਦੀਆਂ ਰੇਹੜੀਆਂ ਖਿਲਾਫ ਕਾਰਵਾਈ ਵੀ ਕੀਤੀ ਜਾਂਦੀ ਹੈ ਪਰਤੂੰ ਇਸਦਾ ਵੀ ਕੋਈ ਠੋਸ ਹੱਲ ਨਹੀਂ ਨਿਕਲਦਾ| ਜਦੋਂ ਨਗਰ ਨਿਗਮ ਦੀ ਟੀਮ ਨਾਜਾਇਜ ਕਬਜਾ ਚੁੱਕਣ ਪਹੁੰਚਦੀ ਹੈ ਤਾਂ ਇਹ ਲੋਕ ਉੱਥੋਂ ਭੱਜ ਜਾਂਦੇ ਹਨ ਅਤੇ ਨਿਗਮ ਦੀ ਟੀਮ ਦੇ ਜਾਣ ਤੋਂ ਬਾਅਦ ਇਹ ਲੋਕ ਦੁਬਾਰਾ ਆਪਣੀਆਂ                 ਰੇਹੜੀਆਂ ਖੜ੍ਹੀਆਂ ਕਰ ਲੈਂਦੇ ਹਨ| 
ਇਹ ਰੇਹੜੀਆਂ ਵਾਲੇ ਆਪਣੇ ਬਚੇ ਹੋਏ ਸਮਾਨ ਦੀ ਰਹਿੰਦ-ਖੂੰਹਦ ਵੀ ਉੱਥੇ ਹੀ ਸੁੱਟ ਜਾਂਦੇ ਹਨ ਜਿਸ ਕਾਰਨ ਸ਼ਹਿਰ ਵਿੱਚ ਗੰਦਗੀ ਦੀ ਭਰਮਾਰ ਹੁੰਦੀ ਹੈ| ਸਥਾਨਕ ਲੋਕਾਂ ਦੀ ਮੰਗ ਹੈ ਕਿ ਇਨਾਂ ਥਾਂ-ਥਾਂ ਤੇ ਲੱਗਣ ਵਾਲੀਆਂ ਰੇਹੜੀਆਂ ਫੜ੍ਹੀਆਂ ਨੂੰ ਹਟਾਉਣ ਲਈ ਕੋਈ ਢੁੱਕਵੀਂ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਤਾਂ ਜੋ ਲੋਕਾਂ ਦੀ ਪ੍ਰੇਸ਼ਾਨੀ ਦਾ ਹੱਲ ਹੋ ਸਕੇ|

Leave a Reply

Your email address will not be published. Required fields are marked *