ਥਾਈਲੈਂਡ ਰੈਸਕਿਊ: ਪੱਤਰਕਾਰਾਂ ਵਲੋਂ ਬੱਚਿਆਂ ਨੂੰ ਪੁੱਛੇ ਸਵਾਲਾਂ ਦੇ ਜਵਾਬ ਸੁਣ ਕੇ ਹੈਰਾਨ ਰਹਿ ਗਏ ਲੋਕ

ਚਿਆਂਗ ਰਾਏ/ਥਾਈਲੈਂਡ, 19 ਜੁਲਾਈ (ਸ.ਬ.) ਥਾਈਲੈਂਡ ਦੀ ਗੁਫਾ ਵਿਚੋਂ ਬਾਹਰ ਕੱਢੇ ਗਏ 12 ਬੱਚਿਆਂ ਅਤੇ ਉਨ੍ਹਾਂ ਦਾ ਫੁੱਟਬਾਲ ਕੋਚ ਪਹਿਲੀ ਵਾਰ ਜਨਤਾ ਦੇ ਸਾਹਮਣੇ ਆਏ| ਸਾਰਿਆਂ ਨੇ ਮੁਸਕਰਾਉਂਦੇ ਹੋਏ ਰਿਵਾਇਤੀ ਅੰਦਾਜ਼ ਵਿਚ ‘ਵਾਈ’ ਪ੍ਰਣਾਮ ਕੀਤਾ| ਬਚਾਅ ਮੁਹਿੰਮ ਵਿੱਚ ਬਚਾਏ ਗਏ ਇਕ ਲੜਕੇ ਨੇ ਇਸ ਪੂਰੀ ਘਟਨਾ ਨੂੰ ਚਮਤਕਾਰ ਦਾ ਨਾਂ ਦਿੱਤਾ| ਬੀਤੇ ਦਿਨੀਂ ਚਿਆਂਗ ਰਾਏ ਵਿੱਚ ਇਨ੍ਹਾਂ ਸਾਰਿਆਂ ਲਈ ਇਕ ਪ੍ਰੋਗਰਾਮ ਕੀਤਾ ਗਿਆ, ਪੱਤਰਕਾਰਾਂ ਨੇ ਉਨ੍ਹਾਂ ਤੋਂ ਸਵਾਲ-ਜਵਾਬ ਕੀਤੇ| 12 ਲੜਕਿਆਂ ਅਤੇ ਉਨ੍ਹਾਂ ਦੇ ਕੋਚ ਨੇ ਪ੍ਰੈਸ ਕਾਨਫਰੰਸ ਵਿੱਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ, ਜੋ ਕਿ ਹੈਰਾਨ ਕਰ ਦੇਣ ਵਾਲੇ ਸਨ| ਹਰ ਕੋਈ ਉਨ੍ਹਾਂ ਦੀਆਂ ਗੱਲਾਂ ਨੂੰ ਸੁਣ ਕੇ ਹੈਰਾਨੀ ਪ੍ਰਗਟ ਕਰ ਰਿਹਾ ਸੀ|
ਬੱਚਿਆਂ ਨੇ ਦੱਸਿਆ ਕਿ ਜਦੋਂ ਤੱਕ ਬ੍ਰਿਟਿਸ਼ ਗੋਤਾਖੋਰ ਨੇ ਸਾਨੂੰ ਨਹੀਂ ਲੱਭਿਆ, ਉਦੋਂ ਤੱਕ ਪਿਆਸ ਲੱਗਣ ਤੇ ਚੱਟਾਨਾਂ ਤੋਂ ਟਪਕ ਰਿਹਾ ਪਾਣੀ ਪੀਣਾ ਪੈ ਰਿਹਾ ਸੀ, ਜਿਸ ਤੋਂ ਅਸੀਂ ਜ਼ਿੰਦਾ ਰਹੇ| ਇਸ ਪ੍ਰੋਗਰਾਮ ਦਾ ਪ੍ਰਸਾਰਣ ਸਥਾਨਕ ਚੈਨਲਾਂ ਤੇ ਕੀਤਾ ਗਿਆ| ਜਦੋਂ ਉਹ ਸਾਰੇ ਹਸਪਤਾਲ ਦੀ ਵੈਨ ਤੋਂ ਆਏ ਤਾਂ ਮੀਡੀਆ ਕਰਮਚਾਰੀ ਉਨ੍ਹਾਂ ਦੀ ਉਡੀਕ ਵਿਚ ਕਤਾਰ ਵਿਚ ਖੜ੍ਹੇ ਸਨ| ਫੁੱਟਬਾਲ ਟੀਮ ਦੇ ਇਨ੍ਹਾਂ ਬੱਚਿਆਂ ਨੇ ਦੱਸਿਆ ਕਿ 23 ਜੂਨ ਨੂੰ ਫੁੱਟਬਾਲ ਅਭਿਆਸ ਤੋਂ ਬਾਅਦ ਤਕਰੀਬਨ ਇਕ ਘੰਟੇ ਵਿੱਚ ਗੁਫਾ ਦਾ ਦੌਰਾ ਕਰਨ ਦੀ ਯੋਜਨਾ ਬਣਾਈ ਪਰ ਤੇਜ਼ ਮੀਂਹ ਅਤੇ ਫਿਰ ਹੜ੍ਹ ਕਾਰਨ ਉਹ ਅੰਦਰ ਫਸ ਗਏ| ਤਕਰੀਬਨ 18 ਦਿਨ ਉਹ ਅੰਦਰ ਰਹੇ| ਦੋ ਬ੍ਰਿਟਿਸ਼ ਗੋਤਾਖੋਰਾਂ ਨੇ ਉਨ੍ਹਾਂ ਨੂੰ 2 ਜੁਲਾਈ ਨੂੰ ਲੱਭਿਆ| ਤਿੰਨ ਦਿਨ ਦੇ ਬਚਾਅ ਕੰਮ ਵਿਚ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ| ਬਚਾਅ ਪ੍ਰੋਗਰਾਮ ਨੇ ਦੁਨੀਆ ਭਰ ਦੀ ਮੀਡੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਅਤੇ ਕਈ ਦੇਸ਼ਾਂ ਦੇ ਪੱਤਰਕਾਰ ਉਥੇ ਪਹੁੰਚੇ|

Leave a Reply

Your email address will not be published. Required fields are marked *