ਥਾਣਾ ਸਿਟੀ ਰਾਜਪੁਰਾ ਦਾ ਐਸ.ਐਚ.ਓ. ਮੁਅੱਤਲ ਇੱਕ ਐਸ.ਪੀ., ਦੋ ਡੀ.ਐਸ.ਪੀ ਤੇ ਸੀ.ਆਈ.ਏ. ਇੰਚਾਰਜ ਨੂੰ ਕਾਰਨ ਦੱਸੋ ਨੋਟਿਸ ਜਾਰੀ


ਪਟਿਆਲਾ, 9 ਦਸੰਬਰ (ਬਿੰਦੂ ਸ਼ਰਮਾ) ਰਾਜਪੁਰਾ ਵਿਖੇ ਬੀਤੀ ਰਾਤ ਆਬਕਾਰੀ ਵਿਭਾਗ ਅਤੇ ਆਬਕਾਰੀ ਪੁਲੀਸ ਵੱਲੋਂ ਬੇਪਰਦ ਕੀਤੀ ਗਈ ਨਾਜਾਇਜ਼ ਸ਼ਰਾਬ ਦੀ ਫੈਕਟਰੀ ਦੇ ਮਾਮਲੇ ਵਿੱਚ ਸਥਾਨਕ ਪੁਲੀਸ ਵੱਲੋਂ ਅਣਗਹਿਲੀ ਵਰਤਣ ਦੇ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਪਟਿਆਲਾ ਦੇ ਐਸ.ਐਸ.ਪੀ. ਸ੍ਰੀ ਵਿਕਰਮ ਜੀਤ ਦੁੱਗਲ ਨੇ ਥਾਣਾ ਸਿਟੀ ਰਾਜਪੁਰਾ ਦੇ ਐਸ.ਐਚ.ਓ. ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ| ਇਸਦੇ ਨਾਲ ਹੀ ਉਹਨਾਂ ਵਲੋਂ ਐਸ.ਪੀ. ਜਾਂਚ ਅਤੇ ਡੀ.ਐਸ.ਪੀ. ਜਾਂਚ, ਡੀ.ਐਸ.ਪੀ. ਰਾਜਪੁਰਾ ਤੋਂ ਇਲਾਵਾ ਸੀ. ਆਈ.             ਏ. ਸਟਾਫ਼ ਦੇ ਇੰਚਾਰਜ ਨੂੰ ਵੀ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ|
ਸ੍ਰੀ ਦੁੱਗਲ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਰਾਜ ਪੁਲੀਸ ਦੀ ਗ਼ੈਰਕਾਨੂੰਨੀ ਗਤੀਵਿਧੀਆਂ, ਨਸ਼ਿਆਂ, ਨਾਜਾਇਜ਼ ਤੇ ਨਕਲੀ ਸ਼ਰਾਬ ਪ੍ਰਤੀ ਜ਼ੀਰੋ ਟਾਲਰੈਂਸ ਦੀ ਨੀਤੀ ਦੇ ਚੱਲਦਿਆਂ ਜ਼ਿਲ੍ਹਾ ਪੁਲੀਸ ਦੇ ਕਿਸੇ ਵੀ ਅਧਿਕਾਰੀ ਦੀ ਜ਼ਿਲ੍ਹੇ ਅੰਦਰ ਅਜਿਹੇ ਜੁਰਮਾਂ ਦੇ ਮਾਮਲੇ ਵਿਚ ਢਿੱਲ ਮੱਠ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ| ਉਨ੍ਹਾਂ ਕਿਹਾ ਕਿ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਤੋਂ ਮਿਲੀ ਸੂਚਨਾ ਮੁਤਾਬਕ ਥਾਣਾ ਸਿਟੀ ਰਾਜਪੁਰਾ ਵਿਖੇ ਦਿਪੇਸ਼ ਗਰੋਵਰ ਵਾਸੀ ਰਾਜਪੁਰਾ ਅਤੇ ਕਾਰਜ ਸਿੰਘ ਵਾਸੀ ਸ਼ਮਸ਼ਪੁਰ ਵਿਰੁੱਧ ਆਈ.ਪੀ.ਸੀ. ਦੀ ਧਾਰਾ 420, 465, 471 ਅਤੇ ਆਬਕਾਰੀ ਐਕਟ ਦੀ ਧਾਰਾ 61, 78 (2)/1/14 ਤਹਿਤ  ਮਾਮਲਾ ਦਰਜ ਕੀਤਾ ਗਿਆ ਹੈ| ਉਹਨਾਂ ਕਿਹਾ ਕਿ ਪੁਲੀਸ ਵੱਲੋਂ ਰਾਜਪੁਰਾ ਸਮੇਤ ਪੂਰੇ ਜ਼ਿਲ੍ਹੇ ਅੰਦਰ ਨਾਜਾਇਜ਼ ਸ਼ਰਾਬ ਦੇ ਕਾਲੇ ਕਾਰੋਬਾਰ ਵਿੱਚ ਲੱਗੇ ਵਿਅਕਤੀਆਂ ਦੇ ਸਮੁੱਚੇ ਨੈਟਵਰਕ ਦੀ ਗੰਭੀਰਤਾ ਨਾਲ ਪੜਤਾਲ ਕੀਤੀ ਜਾਵੇਗੀ| ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਸਾਹਮਣੇ ਆਏ ਕਿਸੇ ਵੀ ਦੋਸ਼ੀ ਜਾਂ ਗ਼ੈਰ ਸਮਾਜੀ ਅਨਸਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ|

Leave a Reply

Your email address will not be published. Required fields are marked *