ਦਰਖਤਾਂ ਦੀ ਛੰਗਾਈ ਦੇ ਮੁੱਦੇ ਤੇ ਭਿੜੇ ਦੋ ਸਾਬਕਾ ਕੌਂਸਲਰ ਸਾਬਕਾ ਕੌਂਸਲਰ ਗੁਰਮੀਤ ਕੌਰ ਨੇ ਬੀ ਬੀ ਮੈਣੀ ਤੇ ਧੱਕੇਸ਼ਾਹੀ ਦਾ ਇਲਜਾਮ ਲਗਾਇਆ, ਮੈਣੀ ਨੇ ਦੋਸ਼ ਨਕਾਰੇ


ਐਸ.ਏ.ਐਸ.ਨਗਰ, 21 ਨਵੰਬਰ (ਸ.ਬ.) ਨਗਰ ਨਿਗਮ ਦੇ ਵਾਰਡ ਨੰਬਰ 50 (ਪੁਰਾਣੀ ਵਾਰਡਬੰਦੀ ਅਨੁਸਾਰ ਵਾਰਡ ਨੰਬਰ 4) ਵਿੱਚ ਅੱਜ ਦਰਖਤਾਂ ਦੀ ਛੰਗਾਈ ਕਰਨ ਲਈ ਪਹੁੰਚੀ ਪਰੂਨਿਗ ਮਸ਼ੀਨ ਦੇ ਮੁੱਦੇ ਤੇ ਦੋ ਸਾਬਕਾ ਕੌਂਸਲਰ ਆਹਮੋ ਸਾਮ੍ਹਣੇ ਹੋ ਗਏ| ਇਸ ਦੌਰਾਨ ਇਸ ਵਾਰਡ ਦੀ ਸਾਬਕਾ ਕੌਂਸਲਰ ਸ੍ਰੀਮਤੀ ਗੁਰਮੀਤ ਕੌਰ ਨੇ ਇਲਜਾਮ ਲਗਾਇਆ ਕਿ ਸਾਬਕਾ ਕੌਂਸਲਰ ਸ੍ਰੀ ਬੀ ਬੀ ਮੈਣੀ ਨੇ ਉਹਨਾਂ ਦੇ ਪੁਰਾਣੇ ਵਾਰਡ ਵਿੱਚ ਦਰਖਤਾਂ ਦੀ ਛੰਗਾਈ ਲਈ ਨਗਰ ਨਿਗਮ ਵਲੋਂ ਭੇਜੀ ਗਈ ਪਰੂਨਿੰਗ ਮਸ਼ੀਨ ਦੇ ਸਟਾਫ ਨੂੰ ਕੰਮ ਰੋਕ ਕੇ ਆਪਣੀ ਮਰਜੀ ਅਨੁਸਾਰ ਦੂਜੀ ਥਾਂ ਤੇ ਲਿਜਾ ਕੇ ਛੰਗਾਈ ਲਈ ਮਜਬੂਰ ਕੀਤਾ| 
ਉਹਨਾਂ ਕਿਹਾ ਕਿ ਨਗਰ ਨਿਗਮ ਦੇ ਸ਼ਡਿਊਲ ਅਨੁਸਾਰ ਅੱਜ ਉਹਨਾਂ ਦੇ ਵਾਰਡ ਵਿੱਚ ਦਰਚਖਤਾਂ ਦੀ ਛੰਗਾਈ ਲਈ ਨਗਰ ਨਿਗਮ ਦੇ ਕਮਿਸ਼ਨਰ ਵਲੋਂ ਮਸ਼ੀਨ ਭੇਜੀ ਗਈ ਸੀ ਅਤੇ ਛੰਗਾਈ ਦੇ ਕੰਮ ਦੌਰਾਨ ਸਾਬਕਾ ਕੌਂਸਲਰ ਬੀ.ਬੀ. ਮੈਣੀ (ਜਿਹਨਾਂ ਦਾ ਵਾਰਡ ਇਸ ਵਾਰ ਨਵੀਂ ਵਾਰਡਬੰਦੀ ਵਿੱਚ ਉਹਨਾਂ ਦੇ ਵਾਰਡ ਵਿੱਚ ਰਲਾ ਦਿੱਤਾ ਗਿਆ ਹੈ) ਨੇ ਮਸ਼ੀਨ ਦਾ ਕੰਮ ਰੁਕਵਾ ਦਿੱਤਾ ਅਤੇ ਆਪਣੀਆਂ ਵੋਟਾ ਪੱਕੀਆਂ ਕਰਨ ਲਈ ਮਸ਼ੀਨ ਨੂੰ ਇੱਕ ਥਾਂ ਜਾਂ ਇੱਕ ਪੱਧਰ ਤੇ ਕੰਮ ਨਹੀਂ ਕਰਨ ਦਿੱਤਾ| 
ਉਹਨਾਂ ਕਿਹਾ ਕਿ ਇਸ ਮੌਕੇ ਸ੍ਰੀ ਮੈਣੀ ਨੇ ਉਹਨਾਂ ਨੂੰ ਕਿਹਾ ਕਿ ਉਹਨਾਂ ਦੀ ਸਰਕਾਰ ਹੈ ਅਤੇ ਉਹ ਕੁੱਝ ਵੀ ਕਰ ਸਕਦੇ ਹਨ| ਉਹਨਾਂ ਸਵਾਲ ਕੀਤਾ ਕਿ ਜਦੋਂ ਬਾਕਾਇਦਾ ਸ਼ੈਡਿਊਲ ਬਣਾ ਕੇ ਦਰਖਤਾਂ ਦੀ ਛੰਗਾਈ ਦਾ ਕੰਮ ਕਰਨ ਲਈ ਮਸ਼ੀਨ ਭੇਜੀ ਗਈ ਸੀ ਫਿਰ ਉਸਨੂੰ ਕੰਮ ਕਿਉਂ ਨਹੀਂ ਕਰਨ ਦਿੱਤਾ ਜਾ ਰਿਹਾ ਹੈ ਅਤੇ ਸਰਕਾਰੀ ਤਾਕਤ ਤੇ ਜੋਰ ਤੇ ਧੱਕੇਸ਼ਾਹੀ ਕਿਉਂ ਕੀਤੀ ਜਾ ਰਹੀ ਹੈ| 
ਉਹਨਾਂ ਕਿਹਾ ਕਿ ਮਸ਼ੀਨ ਦਾ ਸਟਾਫ ਵੀ ਮੈਣੀ ਦੀ ਹੀ ਗੱਲ ਸੁਣਦਾ ਰਿਹਾ ਅਤੇ ਇਸ ਕਾਰਨ ਉਹਨਾਂ ਦੇ ਵਾਰਡ ਵਿੱਚ ਪਰੂਨਿੰਗ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ| 
ਦੂਜੇ ਪਾਸੇ ਸੰਪਰਕ ਕਰਨ ਤੇ ਸਾਬਕਾ ਕੌਂਸਲਰ ਸ੍ਰੀ ਬੀ ਬੀ ਮੈਣੀ ਨੇ ਕਿਹਾ ਕਿ ਧੱਕੇਸ਼ਾਹੀ ਵਾਲੀ ਕੋਈ ਗੱਲ ਨਹੀਂ ਹੈ ਬਲਕਿ ਉਹ ਤਾਂ ਦਰਖਤਾਂ ਦੀ ਸਿਲਸਿਲੇਵਾਰ ਛੰਗਾਈ ਕਰਨ ਲਈ ਕਹਿ ਰਹੇ ਹਨ| ਉਹਨਾਂ ਕਿਹਾ ਕਿ ਗੁਰਮੀਤ ਕੌਰ ਵਲੋਂ ਮਨਮਰਜੀ ਨਾਲ ਛੰਗਾਈ ਦੀ ਗੱਲ ਕੀਤੀ ਜਾ ਰਹੀ ਸੀ ਅਤੇ ਬਿਨਾ ਵਜ੍ਹਾ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ| ਉਹਨਾਂ ਕਿਹਾ ਕਿ ਉਨ੍ਹਾਂ ਨੂੰ ਕੈਬਿਨੇਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਨੇ ਸ਼ਿਡਿਊਲ ਦੀ ਜਿਹੜੀ ਡਿਟੇਲ ਭੇਜੀ ਹੈ, ਉਹ ਉਸਦੇ ਅਨੁਸਾਰ ਹੀ ਕੰਮ ਕਰਵਾ ਰਹੇ ਹਨ|

Leave a Reply

Your email address will not be published. Required fields are marked *