ਦਰਸ਼ਨ ਦਰਵੇਸ ਦਾ ਸਦੀਵੀਂ ਵਿਛੋੜਾ
ਚੰਡੀਗੜ੍ਹ, 12 ਫਰਵਰੀ (ਸ.ਬ.) ਮਾਨਸਾ ਜ਼ਿਲ੍ਹੇ ਦੇ ਪਿੰਡ ਕਿਸ਼ਨਗੜ੍ਹ ਫਰਵਾਹੀ ਦੇ ਮਸ਼ਹੂਰ ਸ਼ਾਇਰ ਅਤੇ ਫ਼ਿਲਮਸਾਜ਼ ਦਰਸ਼ਨ ਦਰਵੇਸ (60) ਸਦੀਵੀਂ ਵਿਛੋੜਾ ਦੇ ਗਏ ਹਨ। ਉਨ੍ਹਾਂ ਦੋ ਕਾਵਿ ਸੰਗ੍ਰਹਿ ‘ਉਦਾਸ ਸਿਰਲੇਖ’ ਅਤੇ ‘ਕੁੜੀਆਂ ਨੂੰ ਸਵਾਲ ਨਾ ਕਰੋ’, ਇਕ ਨਾਵਲ ਤੇ ਇਕ ਕਹਾਣੀ ਸੰਗ੍ਰਹਿ ਅਤੇ 1981 ਵਿੱਚ ਇਕ ਨਿਰੋਲ ਸਾਹਿਤਕ ਰਸਾਲਾ ‘ਸਿਰਨਾਵਾਂ’ ਪੰਜਾਬੀ ਸਾਹਿਤ ਦੀ ਝੋਲੀ ਪਾਏ। ਉਨ੍ਹਾਂ ਪੰਜਾਬੀ ਫ਼ਿਲ਼ਮ ‘ਤੂਫ਼ਾਨ’ ਵਿਚ ਕੰਮ ਕੀਤਾ। ਲਘੂ ਫਿਲਮ ‘ਵੱਤਰ’, ਪੰਜਾਬੀ ਦੀ ਸਿਨੇਮਾਸਕੋਪ ਫਿਲਮ ‘ਦਿ ਬਲੱਡ ਸਟਰੀਟ’ ਬਤੌਰ ਨਿਰਦੇਸ਼ਕ ਬਣਾਈਆਂ ਅਤੇ ਹਿੰਦੀ ਫਿਲਮ ‘ਮਾਚਿਸ’ ਦੇ ਪ੍ਰਸਿੱਧ ਫੋਟੋਗ੍ਰਾਫਰ ਮਨਮੋਹਨ ਨਾਲ ਸਹਾਇਕ ਕੈਮਰਾਮੈਨ ਵੱਜੋਂ ਵੀ ਭੂਮਿਕਾ ਨਿਭਾਈ।
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਸ਼੍ਰੀ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਉਨ੍ਹਾਂ ਦੇ ਦਿਹਾਂਤ ਤੇ ਦੁੱਖ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਉਘੇ ਸ਼ਾਇਰ ਅਤੇ ਰੰਗਕਰਮੀ ਦਰਸ਼ਨ ਦਰਵੇਸ ਦੇ ਸਦੀਵੀਂ ਵਿਛੋੜੇ ਨਾਲ ਪੰਜਾਬੀ ਸਾਹਿਤ ਅਤੇ ਰੰਗਮੰਚ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਸਭਾ ਦੀ ਸਮੁੱਚੀ ਕਾਰਜਕਾਰਨੀ ਦਰਸ਼ਨ ਦਰਵੇਸ ਦੇ ਪਰਿਵਾਰ ਅਤੇ ਸਨੇਹੀਆਂ ਨਾਲ ਹਾਰਦਿਕ ਸੰਵੇਦਨਾ ਪ੍ਰਗਟ ਕਰਦੀ ਹੈ।