ਦਰਿੰਦੇ ਦਾ ਸ਼ਿਕਾਰ ਹੋਈ ਮਾਸੂਮ ਨੂੰ ਹੁਣ ਤਕ ਨਹੀਂ ਮਿਲ ਸਕਿਆ ਇਨਸਾਫ

ਦਰਿੰਦੇ ਦਾ ਸ਼ਿਕਾਰ ਹੋਈ ਮਾਸੂਮ ਨੂੰ ਹੁਣ ਤਕ ਨਹੀਂ ਮਿਲ ਸਕਿਆ ਇਨਸਾਫ 
ਕੁਰਾਲੀ ਵਿੱਚ ਕੁੱਝ ਦਿਨ ਪਹਿਲਾਂ  ਮਾਸੂਮ ਨਾਲ ਹੋਏ ਜਬਰ ਜਿਨਾਹ ਦੇ ਮਾਮਲੇ ਵਿਚ ਬੱਚੀ ਦੀ ਮਾਂ ਨੇ ਪੁਲੀਸ ਤੇ ਲਗਾਏ ਇਲਜਾਮ
ਕੁਰਾਲੀ, 26 ਅਗਸਤ (ਅਸ਼ਵਨੀ ਗੌੜ) ਕੁਰਾਲੀ ਵਿਖੇ ਕੁਝ ਦਿਨ ਪਹਿਲਾਂ ਰਿਸ਼ਤਿਆਂ ਨੂੰ ਤਾਰ ਤਾਰ ਕਰ ਦੇਣ ਵਾਲੇ 14 ਸਾਲ ਦੀ ਮਾਸੂਮ ਬੱਚੀ ਨਾਲ ਜਬਰ ਜਨਾਹ ਦੇ ਮਾਮਲੇ ਵਿੱਚ ਪੀੜਿਤ ਦੀ ਮਾਂ ਨੇ ਇਲਜਾਮ ਲਗਾਇਆ ਹੈ ਕਿ ਪੁਲੀਸ ਵਲੋਂ ਇਸ ਕਾਂਡ ਦੇ ਮੁੱਖ ਦੋਸ਼ੀ ਨੂੰ ਕਾਬੂ ਨਹੀਂ ਕੀਤਾ ਜਾ ਰਿਹਾ ਹੈ ਅਤੇ ਦੋਸ਼ੀ ਆਪਣੀ ਉੱਚੀ ਪਹੁੰਚ ਕਾਰਨ ਪੁਲੀਸ ਦੀ ਗ੍ਰਿਫਤ  ਤੋਂ ਬਚਿਆ ਹੋਇਆ ਹੈ| 
ਇੱਥੇ ਜਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਪੀੜਿਤ ਬੱਚੀ ਦੀ ਚਾਚੀ ਵਲੋਂ ਆਪਣੀ 14 ਸਾਲ ਦੀ ਭਤੀਜੀ ਨੂੰ ਆਪਣੇ ਇਕ ਦੋਸਤ ਦੀ ਹਵਸ ਦਾ ਸ਼ਿਕਾਰ ਬਣਾਉਣ ਦੀ ਸਾਜਿਸ਼ ਰਚੀ ਗਈ ਸੀ| ਇਸ ਦੌਰਾਨ ਪੀੜਿਤ ਦੀ ਚਾਚੀ ਨੇ ਮਾਸੂਮ ਬੱਚੀ ਨੂੰ ਕੋਲਡ ਡਰਿੰਕ  ਵਿਚ ਕੋਈ ਨਸ਼ੀਲਾ ਪਦਾਰਥ ਪਿਲਾ ਦਿੱਤਾ ਸੀ ਅਤੇ ਜਦੋਂ ਉਹ        ਬੇਹੋਸ਼ ਹੋ ਗਈ ਤਾਂ ਪਹਿਲਾਂ ਤੋਂ ਹੀ ਉਸਦੀ ਚਾਚੀ ਦੇ ਘਰ ਆਏ ਉਸਦੇ ਦੋਸਤ ਨੇ ਮਾਸੂਮ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਲਿਆ ਸੀ| 
ਇਸ ਸੰਬੰਧੀ ਪੁਲੀਸ ਨੇ ਬੱਚੀ ਦੀ ਮਾਂ ਦੇ ਬਿਆਨਾਂ ਦੇ ਆਧਾਰ ਤੇ ਪਰਚਾ ਦਰਜ ਕਰਕੇ ਉਸਦੀ ਚਾਚੀ ਨੂੰ ਤਾਂ ਗ੍ਰਿਫ਼ਤਾਰ ਕਰ ਲਿਆ ਸੀ ਪਰੰਤੂ ਚਾਚੀ ਨਿਮੋ ਦੇ ਦੋਸਤ ਪਰਮਿੰਦਰ ਸਿੰਘ ਨੂੰ ਪੁਲੀਸ ਵਲੋਂ ਹੁਣ ਤਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ| ਬੱਚੀ ਦੀ ਮਾਂ ਨੇ ਕਿਹਾ ਕਿ ਉਸ ਵਲੋਂ ਐਫ ਆਈ ਆਰ ਲਿਖਵਾਉਣ ਵੇਲੇ ਮੁਖ ਦੋਸ਼ੀ ਪਰਮਿੰਦਰ ਦਾ ਨਾ ਦੱਸਿਆ ਗਿਆ ਸੀ ਪਰ ਪੁਲੀਸ ਨੇ ਜਾਨ ਬੁਝ ਕੇ ਦੋਸ਼ੀ ਦਾ ਨਾ ਐਫ ਆਈ ਆਰ ਵਿਚ ਦਰਜ ਨਹੀਂ ਕੀਤਾ ਕਿਉਂਕਿ ਉਹ ਉੱਚੀ ਪਹੁੰਚ ਵਾਲਾ ਵਿਅਕਤੀ ਦੱਸਿਆ ਜਾਂਦਾ ਹੈ| 
ਇਸ ਸੰਬੰਧੀ ਸੰਪਰਕ ਕਰਨ ਤੇ ਸਿਟੀ ਪੁਲੀਸ ਥਾਣਾ ਮੁਖੀ ਗੁਰਪ੍ਰੀਤ ਸਿੰਘ ਨੇ ਇਸ ਇਲਜਾਮ ਨੂੰ                        ਬੇਬੁਨਿਆਦ ਦੱਸਦਿਆਂ ਕਿਹਾ ਕਿ ਲੜਕੀ ਦੀ ਮਾਂ ਨੇ ਆਪਣੇ ਬਿਆਨ ਵਿਚ ਜੋ ਲਿਖਵਾਇਆ ਸੀ, ਪੁਲੀਸ ਵਲੋਂ  ਉਸਦੇ ਅਨੁਸਾਰ ਹੀ ਕਾਰਵਾਈ ਕੀਤੀ ਗਈ ਹੈ| ਉਹਨਾਂ ਕਿਹਾ ਕਿ ਪੀੜਿਤ ਲੜਕੀ ਵਲੋਂ ਕੋਰਟ ਵਿਚ ਦੋਸ਼ੀ ਪਰਮਿੰਦਰ  ਸਿੰਘ ਦਾ ਨਾ ਦੱਸਿਆ ਗਿਆ ਹੈ ਜਿਸ ਉਪਰੰਤ ਧਾਰਾ 164 ਦੇ ਤਹਿਤ ਕਾਰਵਾਈ ਕਰਦੇ ਹੋਏ ਪਰਮਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ| 
ਇਸ ਦੌਰਾਨ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਰਾਜਿੰਦਰ ਸਿੰਘ ਰਾਜਾ ਨਨਹੇੜੀਆ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਨਰਿੰਦਰ ਸ਼ੇਰਗਿੱਲ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ| ਇਸ ਮੌਕੇ ਉਹਨਾਂ  ਕਿਹਾ ਕਿ  ਜੇਕਰ ਪੁਲੀਸ ਨੇ 2 ਦਿਨ  ਵਿੱਚ ਮੁਲਜ਼ਮ ਨੂੰ ਗ੍ਰਿਫ਼ਤਾਰ ਨਾ ਕੀਤਾ ਤਾਂ ਰਾਜਨੀਤਕ ਪਾਰਟੀਆਂ ਸੜਕਾਂ ਤੇ ਆਉਣ ਤੋਂ ਗੁਰੇਜ ਨਹੀਂ ਕਰਨਗੀਆਂ| ਇੱਥੇ ਜਿਕਰਯੋਗ ਹੈ ਕਿ ਇਸਤੋਂ ਪਹਿਲਾਂ ਅਕਾਲੀ ਦਲ ਲੀਡਰ ਰਣਜੀਤ ਸਿੰਘ ਗਿੱਲ ਅਤੇ ਗੁਲਜਾਰ ਸਿੰਘ ਬੜੌਦੀ ਵਲੋਂ ਪਰਿਵਾਰ ਨਾਲ ਦੁਖ ਸਾਂਝਾ ਕੀਤਾ ਗਿਆ ਸੀ ਅਤੇ ਪੀੜਿਤ ਨੂੰ ਇਨਸਾਫ ਦੇਣ ਦੀ ਮੰਗ ਲਗਾਤਾਰ ਜੋਰ ਫੜਦੀ ਜਾ ਰਹੀ ਹੈ|

Leave a Reply

Your email address will not be published. Required fields are marked *