ਦਲਿਤ ਭਾਈਚਾਰਾ ਸ਼੍ਰੋਮਣੀ ਅਕਾਲੀ ਦਲ ਦੀ ਰੀੜ੍ਹ ਦੀ ਹੱਡੀ : ਗੁਲਜ਼ਾਰ ਸਿੰਘ ਰਣੀਕੇ

ਐਸ ਏ ਐਸ ਨਗਰ, 29 ਜਨਵਰੀ (ਸ.ਬ.) ਦਲਿਤ ਭਾਈਚਾਰਾ ਅਕਾਲੀ ਦਲ ਦੀ ਰੀੜ੍ਹ ਦੀ ਹੱਡੀ ਹੈ ਅਤੇ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਦਲਿਤਾਂ ਦੀ ਭਲਾਈ ਲਈ ਅਨੇਕਾਂ ਇਤਿਹਾਸਕ ਕਦਮ ਚੁੱਕੇ ਜਦਕਿ ਕਾਂਗਰਸ ਪਾਰਟੀ ਦੀ ਮੌਜੂਦਾ ਸਰਕਾਰ ਨੇ ਦਲਿਤਾਂ ਦੀ ਭਲਾਈ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ| ਇਹ ਸ਼ਬਦ ਸਾਬਕਾ ਅਕਾਲੀ ਕੈਬਨਿਟ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ ਨੇ ਸੈਕਟਰ 69 ਸਥਿਤ ਅਕਾਲੀ ਦਲ ਦੇ ਦਫ਼ਤਰ ਵਿਖੇ ਰੱਖੀ ਗਈ ਪਾਰਟੀ ਦੇ ਐਸ.ਸੀ. ਵਿੰਗ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ| ਉਨ੍ਹਾਂ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਵੱਲੋਂ ਅਕਾਲੀ ਦਲ ਦੀ ਮੁੱਖ ਲੀਡਰਸ਼ਿਪ ਵਿੱਚ ਵੀ ਦਲਿਤ ਭਾਈਚਾਰੇ ਨੂੰ ਬਰਾਬਰ ਦਾ ਮਾਨ ਸਨਮਾਨ ਦਿੱਤਾ ਗਿਆ|
ਅਕਾਲੀ-ਭਾਜਪਾ ਸਰਕਾਰ ਵੱਲੋਂ ਆਪਣੇ ਕਾਰਜਕਾਲ ਦੌਰਾਨ ਗਰੀਬ ਲੋਕਾਂ ਦੀ ਭਲਾਈ ਲਈ ਚੁੱਕੇ ਗਏ ਕਦਮਾਂ ਦਾ ਜ਼ਿਕਰ ਕਰਦਿਆਂ ਸ੍ਰ. ਰਣੀਕੇ ਨੇ ਕਿਹਾ ਕਿ ਆਟਾ-ਦਾਲ ਸਕੀਮ, ਸ਼ਗਨ ਸਕੀਮ, ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਘਰੇਲੂ ਬਿਜਲੀ ਦੀ ਖਪਤ ਲਈ ਹਰ ਮਹੀਨੇ 200 ਯੂਨਿਟ ਬਿਜਲੀ ਮੁਫ਼ਤ ਦੇਣ, ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ, ਹੋਣਹਾਰ ਤੇ ਗਰੀਬ ਬੱਚਿਆਂ ਲਈ ਸੂਬੇ ਭਰ ਵਿੱਚ 7 ਮੈਰੀਟੋਰੀਅਸ ਸਕੂਲਾਂ ਦੀ ਸਥਾਪਨਾ ਆਦਿ ਵਰਗੀਆਂ ਬਹੁਤ ਸਾਰੀਆਂ ਸਕੀਮਾਂ ਅਤੇ ਕੰਮ ਹਨ ਜਿਨ੍ਹਾਂ ਦੀ ਲਿਸਟ ਕਾਫੀ ਲੰਬੀ ਹੈ| ਉਨ੍ਹਾਂ ਐਸ.ਸੀ. ਵਿੰਗ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਕਿਹਾ ਕਿ ਉਹ ਅਕਾਲੀ ਸਰਕਾਰ ਵੱਲੋਂ ਦਲਿਤਾਂ ਲਈ ਚਲਾਈਆਂ ਸਕੀਮਾਂ ਨੂੰ ਲੋਕਾਂ ਕੇ ਧਿਆਨ ਵਿਚ ਲਿਆਉਣ ਅਤੇ ਲੋਕ ਸਭਾ ਚੋਣਾਂ ਮੌਕੇ ਕਾਂਗਰਸ ਅਤੇ ਅਕਾਲੀ ਸਰਕਾਰ ਦੇ ਫਰਕ ਨੂੰ ਦਰਸਾਉਣ ਤਾਂ ਜੋ ਕੇਂਦਰ ਵਿਚ ਅਕਾਲੀ ਦਲ ਦੀ ਭਾਈਵਾਲ ਪਾਰਟੀ ਦੀ ਸਰਕਾਰ ਮੁੜ ਬਣਾਈ ਜਾ ਸਕੇ| ਇਸ ਮੌਕੇ ਅਕਾਲੀ ਦਲ ਦੇ ਸਮੂਹ ਅਹੁਦੇਦਾਰਾਂ ਵੱਲੋਂ ਸ੍ਰ. ਰਣੀਕੇ ਦਾ ਸਿਰੋਪਾ ਅਤੇ ਸ੍ਰੀ ਸਾਹਿਬ ਭੇਂਟ ਕਰਕੇ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ|
ਇਸ ਮੌਕੇ ਹਲਕਾ ਮੁਹਾਲੀ ਤੋਂ ਅਕਾਲੀ ਦਲ ਦੇ ਇੰਚਾਰਜ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਅਤੇ ਐਮ.ਐਲ.ਏ. ਡੇਰਾਬੱਸੀ ਸ੍ਰੀ ਐਨ.ਕੇ. ਸ਼ਰਮਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕਾਂਗਰਸ ਸਰਕਾਰ ਤੋਂ ਪੰਜਾਬ ਦਾ ਹਰ ਵਰਗ ਦੁਖੀ ਹੋ ਚੁੱਕਾ ਹੈ| ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕਰਕੇ ਸੱਤਾ ਵਿੱਚ ਆਉਣ ਵਾਲੀ ਕੈਪਟਨ ਸਰਕਾਰ ਆਪਣੇ ਵਾਅਦੇ ਪੂਰੇ ਕਰਨ ਵਿੱਚ ਨਾਕਾਮ ਰਹੀ ਹੈ| ਅਕਾਲੀ ਦਲ ਦੇ ਜ਼ਿਲ੍ਹਾ ਮੁਹਾਲੀ ਦੇ ਸ਼ਹਿਰੀ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਕੁੰਭੜਾ ਨੇ ਕਿਹਾ ਕਿ ਜ਼ਿਲ੍ਹਾ ਮੁਹਾਲੀ ਵਿੱਚ ਐਸ.ਸੀ., ਬੀ.ਸੀ., ਯੂਥ ਵਿੰਗ, ਇਸਤਰੀ ਵਿੰਗ ਆਦਿ ਸਾਰੇ ਵਿੰਗਾਂ ਦੇ ਅਹੁਦੇਦਾਰ ਅਤੇ ਵਰਕਰ ਪਾਰਟੀ ਦੀ ਮਜਬੂਤੀ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ|

Leave a Reply

Your email address will not be published. Required fields are marked *