ਦਲਿਤ ਮੁੱਖ ਮੰਤਰੀ ਦੇ ਉਮੀਦਵਾਰ ਵਾਲੀ ਰਾਜਨੀਤਕ ਪਾਰਟੀ ਨੂੰ ਸਹਿਯੋਗ ਦੇਣ ਦਾ ਐਲਾਨ

ਦਲਿਤ ਜਥੇਬੰਦੀਆਂ ਦੇ ਆਗੂਆਂ ਦੀ ਅਪੀਲ….

ਐੱਸ.ਏ.ਐੱਸ. ਨਗਰ, 12 ਅਗਸਤ : ਦੇਸ਼ ਅਜ਼ਾਦ ਹੋਏ ਨੂੰ ਭਾਵੇਂ 70 ਸਾਲ ਦੇ ਕਰੀਬ ਸਮਾਂ ਬੀਤ ਚੁੱਕਾ ਹੈ ਪ੍ਰੰਤੂ ਪੰਜਾਬ ਵਿੱਚ ਦਲਿਤਾਂ ਦੀ ਹਾਲਤ ਅੱਜ ਵੀ ਤਰਸਯੋਗ ਹੀ ਚੱਲ ਰਹੀ ਹੈ| ਦਲਿਤਾਂ ਉਤੇ ਅੱਤਿਆਚਾਰ ਦੀ ਹਰ ਦਿਨ ਨਵੀਂ ਤੋਂ ਨਵੀਂ ਵਾਪਰ ਰਹੀ ਹੈ| ਰਾਜਨੀਤਕ ਪਾਰਟੀਆਂ ਦੇ ਆਗੂ ਸਿਰਫ਼ ਫੋਕੀ ਬਿਆਨਬਾਜ਼ੀ ਕਰਨ ਤੋਂ ਇਲਾਵਾ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾਂਦੀ| ਦਲਿਤਾਂ ਦੀ ਤਰਸਯੋਗ ਹਾਲਤ ਅਤੇ ਕੋਈ ਸੁਣਵਾਈ ਨਾ ਹੋਣ ਨੂੰ ਦੇਖਦਿਆਂ ਇਸ ਵਾਰ ਪੰਜਾਬ ਦੀਆਂ ਕਈ ਦਲਿਤ ਜਥੇਬੰਦੀਆਂ ਵੱਲੋਂ ਪੰਜਾਬ ਵਿੱਚ ਦਲਿਤ ਭਾਈਚਾਰੇ ਨਾਲ ਸਬੰਧਿਤ ਵਿਅਕਤੀ ਨੂੰ ਮੁੱਖ ਮੰਤਰੀ ਬਣਾਉਣ ਦਾ ਬੀੜਾ ਚੁੱਕਿਆ ਗਿਆ ਹੈ| ਇਸੇ ਸਬੰਧ ਵਿੱਚ ਪੰਜਾਬ ਦੀਆਂ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ ਵੀ ਹੋ ਚੁੱਕੀ ਹੈ| ਇਨ੍ਹਾਂ ਚੋਣਾਂ ਵਿੱਚ ਜਿਹੜੀ ਵੀ ਰਾਜਨੀਤਕ ਪਾਰਟੀ ਮੁੱਖ ਮੰਤਰੀ ਪਦ ਲਈ ਦਲਿਤ ਉਮੀਦਵਾਰ ਦਾ ਐਲਾਨ ਕਰੇਗੀ, ਪੰਜਾਬ ਦਾ ਪੂਰਾ ਦਲਿਤ ਭਾਈਚਾਰਾ ਸਿਰਫ਼ ਉਸ ਪਾਰਟੀ ਨੂੰ ਹੀ ਵੋਟਾਂ ਦੇ ਰੂਪ ਵਿੱਚ ਸਹਿਯੋਗ ਦੇਵੇਗਾ| ਇਹ ਐਲਾਨ ਅੱਜ ਇੱਥੇ ਜ਼ਿਲ੍ਹਾ ਪ੍ਰੈੱਸ ਕਲੱਬ ਐੱਸ.ਏ.ਐੱਸ. ਨਗਰ ਵਿਖੇ ਵੱਖ ਵੱਖ ਰਾਜਨੀਤਕ ਪਾਰਟੀਆਂ ਅਤੇ ਦਲਿਤ ਜਥੇਬੰਦੀਆਂ ਦੇ ਆਗੂਆਂ ਯੂਨੀਵਰਸਲ ਹਿਊਮੈਨ ਰਾਈਟਸ ਬਿਊਰੋ ਦੇ ਚੇਅਰਮੈਨ ਐਡਵੋਕੇਟ ਕੇਹਰ ਸਿੰਘ ਜੱਸੋਵਾਲ, ਆਪ ਆਗੂ ਬਲਵਿੰਦਰ ਸਿੰਘ ਕੁੰਭੜਾ, ਧਰਮਪਾਲ ਸਿੰਘ, ਯਾਦਵਿੰਦਰ ਸਿੰਘ ਡੇਰਾਬੱਸੀ, ਮਾਸਟਰ ਗੁਰਚਰਨ ਸਿੰਘ, ਬਚਿੱਤਰ ਸਿੰਘ ਰਾਏਪੁਰ, ਪ੍ਰੇਮ ਸਿੰਘ ਗੁਰਦਾਸਪੁਰੀ, ਹਰਦੀਪ ਸਿੰਘ ਕੁੰਭੜਾ, ਸਤਨਾਮ ਸਿੰਘ ਰਾਏਪੁਰ, ਨਰੰਗ ਸਿੰਘ ਕੁੰਭੜਾ, ਸੁਖਦੇਵ ਸਿੰਘ ਚੱਪੜਚਿੜੀ, ਗਮਦੂਰ ਸਿੰਘ ਮੋਹਾਲੀ, ਬਚਨ ਸਿੰਘ ਕੁੰਭੜਾ, ਬਲਵਿੰਦਰ ਸਿੰਘ ਮਾਣਕਪੁਰ ਕੱਲਰ ਆਦਿ ਨੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕੀਤਾ|
ਉਕਤ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਦਲਿਤਾਂ ਦੀ ਸੰਖਿਆ ਕੁੱਲ ਜਨਸੰਖਿਆ ਦਾ 40 ਪ੍ਰਤੀਸ਼ਤ ਤੋਂ ਵੀ ਵੱਧ ਹੈ ਪ੍ਰੰਤੂ ਰਾਜ ਭਾਗ ਵਿੱਚ ਦਲਿਤਾਂ ਦਾ ਹਿੱਸਾ ਨਾਂਹ ਦੇ ਬਰਾਬਰ ਹੈ| ਪਿਛਲੇ ਕਰੀਬ 70 ਸਾਲਾਂ ਤੋਂ ਅਕਸਰ ਦੇਖਣ ਵਿੱਚ ਆਉਂਦਾ ਰਿਹਾ ਹੈ ਕਿ ਜੇਕਰ ਕਿਸੇ ਦਲਿਤ ਨੂੰ ਮੰਤਰੀ ਪਦ ਲਈ ਉਮੀਦਵਾਰ ਬਣਾਇਆ ਵੀ ਜਾਂਦਾ ਹੈ ਤਾਂ ਉਹ ਸਿਰਫ਼ ਦਿਖਾਵੇ ਲਈ ਹੀ ਬਣਾਇਆ ਜਾਂਦਾ ਹੈ| ਹਰ ਵਾਰ ਚੋਣਾਂ ਵਿੱਚ ਦਲਿਤ ਵਰਗ ਨੂੰ ਸਿਰਫ਼ ਵੋਟ ਬੈਂਕ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ| ਕਿਸੇ ਵੀ ਰਾਜਨੀਤਕ ਪਾਰਟੀ ਨੇ ਕਦੇ ਵੀ ਦਲਿਤ ਭਾਈਚਾਰੇ ਨਾਲ ਸਬੰਧਿਤ ਵਿਅਕਤੀ ਨੂੰ ਮੁੱਖ ਮੰਤਰੀ ਪਦ ਦਾ ਉਮੀਦਵਾਰ ਨਹੀਂ ਬਣਾਇਆ ਜਿਸ ਕਾਰਨ ਸਮੁੱਚੇ ਦਲਿਤ ਭਾਈਚਾਰੇ ਵਿੱਚ ਰੋਸ਼ ਦੀ ਲਹਿਰ ਚੱਲ ਰਹੀ ਹੈ|
ਉਨ੍ਹਾਂ ਜਿੱਥੇ ਪੰਜਾਬ ਭਰ ਦੇ ਸਮੁੱਚੇ ਦਲਿਤ ਭਾਈਚਾਰੇ ਨੂੰ ਵੀ ਅਪੀਲ ਕੀਤੀ ਕਿ ਇਨ੍ਹਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਜਿਹੜੀ ਵੀ ਰਾਜਨੀਤਕ ਪਾਰਟੀ ਮੁੱਖ ਮੰਤਰੀ ਪਦ ਲਈ ਦਲਿਤ ਉਮੀਦਵਾਰ ਦਾ ਐਲਾਨ ਕਰੇਗੀ, ਸਮੁੱਚਾ ਦਲਿਤ ਵਰਗ ਉਸ ਪਾਰਟੀ ਨੂੰ ਵੋਟਾਂ ਪਾ ਕੇ ਜਿਤਾਉਣ ਵਿੱਚ ਆਪਣਾ ਯੋਗਦਾਨ ਪਾਏਗੀ| ਉਨ੍ਹਾਂ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਮੁੱਖ ਮੰਤਰੀ ਪਦ ਦਾ ਉਮੀਦਵਾਰ ਐਲਾਨ ਕੇ ਦਲਿਤਾਂ ਨਾਲ ਇਨਸਾਫ਼ ਦੀ ਸ਼ੁਰੂਆਤ ਕਰਨ|

Leave a Reply

Your email address will not be published. Required fields are marked *