ਦਵਾਈਆਂ ਦੀ ਲਗਾਤਾਰ ਵੱਧਦੀ ਕੀਮਤ ਨੂੰ ਨੱਥ ਪਾਵੇ ਸਰਕਾਰ

ਦਵਾਈ ਇੱਕ ਅਜਿਹੀ ਵਸਤੂ ਹੈ ਜਿਸਦੀ ਲੋੜ ਹਰ ਘਰ ਵਿੱਚ ਪੈਂਦੀ ਹੈ| ਅੱਜ ਕੱਲ ਦੀ ਦੌੜ ਭੱਜ ਵਾਲੀ ਜਿੰਦਗੀ ਵਿੱਚ ਜਿੱਥੇ ਮਨੁੱਖ ਊਲ ਜਲੂਲ ਖਾਣ ਪੀਣ ਦਾ ਆਦੀ ਹੋ ਗਿਆ ਹੈ ਉੱਥੇ ਕਸਰਤ ਜਾਂ ਸ਼ਰੀਰਿਕ ਮਿਹਨਤ ਦੀ ਘਾਟ ਕਾਰਨ ਮਨੁੱਖ ਦੀ ਬਿਮਾਰੀਆਂ ਨਾਲ ਲੜਣ ਦੀ ਤਾਕਤ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੀ ਹੈ ਅਤੇ ਹਾਲਾਤ ਇਹ ਹਨ ਕਿ ਹਰ ਘਰ ਵਿੱਚ ਹੀ ਕੋਈ ਨਾ ਕੋਈ ਵਿਅਕਤੀ ਅਜਿਹਾ ਜਰੂਰ ਮਿਲ ਜਾਂਦਾ ਹੈ ਜਿਸਦੇ ਇਲਾਜ ਲਈ ਹਰ ਮਹੀਨੇ ਹਜਾਰਾਂ ਰੁਪਏ ਦੀਆਂ ਦਵਾਈਆਂ ਖਰੀਦਣੀਆਂ ਪੈਂਦੀਆਂ ਹਨ|
ਪਿਛਲੇ ਚਾਰ ਸਾਲਾਂ (ਜਦੋਂ ਤੋਂ ਕੇਂਦਰ ਵਿੱਚ ਭਾਜਪਾ ਅਗਵਾਈ ਵਾਲੀ ਸਰਕਾਰ ਹੋਂਦ ਵਿੱਚ ਆਈ ਹੈ) ਦੌਰਾਨ ਦੇਸ਼ ਭਰ ਵਿੱਚ ਵੱਖ ਵੱਖ ਕਿਸਮਾਂ ਦੀਆਂ ਦਵਾਈਆਂ ਦੀ ਕੀਮਤ ਵਿੱਚ ਬੇਸ਼ਮਾਰ ਵਾਧਾ ਦਰਜ ਕੀਤਾ ਗਿਆ ਹੈ| ਇਸਦੇ ਨਾਲ ਹੀ ਪ੍ਰਾਈਵੇਟ ਹਸਪਤਾਲਾਂ ਵਾਲਿਆਂ ਨੇ ਵੀ ਮਰੀਜਾਂ ਤੋਂ ਲਈਆਂ ਜਾਂਣ ਵਾਲੀਆਂ ਫੀਸਾਂ ਅਤੇ ਹੋਰ ਖਰਚਿਆਂ ਵਿਚ ਭਾਰੀ ਵਾਧਾ ਕਰ ਦਿਤਾ ਹੈ, ਜਿਸ ਕਾਰਨ ਭਾਰਤ ਵਿਚ ਹੁਣ ਆਮ ਲੋਕਾਂ ਲਈ ਇਲਾਜ ਕਰਵਾਉਣਾ ਵੱਡੀ ਸਮਸਿਆ ਬਣ ਗਿਆ ਹੈ| ਹਾਲਾਂਕਿ ਸਰਕਾਰ ਨੇ ਲੋਕਾਂ ਨੂੰ ਸਸਤਾ ਤੇ ਵਧੀਆ ਇਲਾਜ ਮੁਹਈਆ ਕਰਵਾਉਣ ਲਈ ਹਰ ਸ਼ਹਿਰ ਵਿੱਚ ਸਰਕਾਰੀ ਹਸਪਤਾਲ ਖੋਲ੍ਹੇ ਹੋਏ ਹਨ ਪਰ ਕੁਝ ਇੱਕ ਅਪਵਾਦਾਂ ਨੂੰ ਛੱਡ ਕੇ ਜਿਆਦਾਤਰ ਸਰਕਾਰੀ ਹਸਪਤਾਲਾਂ ਦੀ ਕਾਰਗੁਜਾਰੀ ਨਿਰਾਸ਼ ਕਰਨ ਵਾਲੀ ਹੈ, ਜਿਸ ਕਾਰਨ ਇਹਨਾਂ ਸਰਕਾਰੀ ਹਸਪਤਾਲਾਂ ਵਿਚ ਇਲਾਜ ਕਰਵਾਉਣ ਆਏ ਲੋਕਾਂ ਨੁੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ|
ਇੱਕ ਤਾਂ ਲਗਾਤਾਰ ਵੱਧਦੀ ਆਬਾਦੀ ਦੇ ਹਿਸਾਬ ਨਾਲ ਦੇਸ਼ ਵਿੱਚ ਸਰਕਾਰੀ ਹਸਪਤਾਲਾਂ ਦੀ ਗਿਣਤੀ ਕਾਫੀ ਘੱਟ ਹੈ ਅਤੇ ਜਿਆਦਾਤਰ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦੀ ਵੀ ਘਾਟ ਹੈ| ਉੱਝ ਵੀ ਸਰਕਾਰੀ ਡਾਕਟਰ ਆਪਣੀ ਸੀਟ ਤੋਂ ਅਕਸਰ ਹੀ ਗਾਇਬ ਮਿਲਦੇ ਹਨ| ਇਸ ਤੋਂ ਇਲਾਵਾ ਅਕਸਰ ਹੀ ਸਰਕਾਰੀ ਹਸਪਤਾਲਾਂ ਵਿਚੋਂ ਘੱਟ ਰੇਟ ਉਪਰ ਮਿਲਦੀਆਂ ਦਵਾਈਆਂ ਵੀ ਗਾਇਬ ਹੁੰਦੀਆਂ ਹਨ ਅਤੇ ਲੋਕਾਂ ਨੂੰ ਬਾਹਰੋਂ ਮਹਿੰਗੀਆਂ ਦਵਾਈਆਂ ਖਰੀਦਣੀਆਂ ਪੈਂਦੀਆਂ ਹਨ| ਸਰਕਾਰ ਦੇ ਦਾਅਵਿਆਂ ਵਿੱਚ ਉਸ ਵਲੋਂ ਸਰਕਾਰੀ ਹਸਪਤਾਲਾਂ ਵਿਚ ਸਸਤੀ ਦਵਾਈ ਵੇਚਣ ਵਾਲੀਆਂ ਦਵਾਈਆਂ ਦੀਆਂ ਸਰਕਾਰੀ ਦੁਕਾਨਾਂ ਵੀ ਖੋਲੀਆਂ ਹਨ| ਪਰ ਇਹਨਾਂ ਸਰਕਾਰੀ ਦੁਕਾਨਾਂ ਦੀ ਕਾਰਗੁਜਾਰੀ ਵੀ ਤਸੱਲੀ ਬਖਸ ਨਹੀਂ ਹੈ|
ਲੋਕਾਂ ਦੀ ਇਹ ਆਮ ਸ਼ਿਕਾਇਤ ਹੈ ਕਿ ਜਿਹੜੀ ਦਵਾਈ ਡਾਕਟਰ ਵਲੋਂ ਲਿਖੀ ਜਾਂਦੀ ਹੈ, ਉਹ ਇਹਨਾਂ ਸਰਕਾਰੀ ਦੁਕਾਨਾਂ ਉਪਰ ਮਿਲਦੀ ਹੀ ਨਹੀਂ ਜਾਂ ਫਿਰ ਕਿਸੇ ਹੋਰ ਕੰਪਨੀ ਦੀ ਦਵਾਈ ਦੇ ਦਿਤੀ ਜਾਂਦੀ ਹੈ| ਇਸ ਤੋਂ ਇਲਾਵਾ ਇਹਨਾਂ ਦਵਾਈਆਂ ਦੀਆਂ ਸਰਕਾਰੀ ਦੁਕਾਨਾਂ ਤੇ ਦਵਾਈਆਂ ਉਪਰ 90 ਫੀਸਦੀ ਤੱਕ ਛੂਟ ਦੇਣ ਦੇ ਇਸ਼ਤਿਹਾਰ ਤਾਂ ਲੱਗੇ ਹੁੰਦੇ ਹਨ ਪਰੰਤੂ ਇਹਨਾਂ ਦੁਕਾਨਾਂ ਤੇ ਵਿਕਣ ਵਾਲੀਆਂ ਦਵਾਈਆਂ ਉੱਪਰ ਜਿੰਨੀ ਛੂਟ ਮਰੀਜਾਂ ਨੂੰ ਮਿਲਣੀ ਹੈ ਉਸਤੋਂ ਕਿਤੇ ਵੱਧ ਛੂਟ ਹਸਪਤਾਲਾਂ ਦੇ ਬਾਹਰ ਬਣੀਆਂ ਪ੍ਰਾਈਵੇਟ ਦੁਕਾਨਾਂ ਤੋਂ ਮਿਲ ਜਾਂਦੀ ਹੈ| ਇਹਨਾਂ ਸਰਕਾਰੀ ਦੁਕਾਨਾਂ ਉਪਰ 90 ਫੀਸਦੀ ਛੂਟ ਦੇਣ ਦੀ ਥਾਂ ਦਵਾਈਆਂ ਉਪਰ 10 ਜਾਂ 15 ਫੀਸਦੀ ਛੂਟ ਹੀ ਦਿਤੀ ਜਾਂਦੀ ਹੈ ਜਦੋਂ ਕਿ ਵੱਡੇ ਹਸਪਤਾਲਾਂ ਦੇ ਬਾਹਰ ਸਥਿਤ ਦਵਾਈਆਂ ਦੀਆਂ ਦੁਕਾਨਾਂ ਵਾਲੇ ਦਵਾਈਆਂ ਉਪਰ 20 ਤੋਂ 30 ਫੀਸਦੀ ਤੱਕ ਛੂਟ ਦੇ ਦਿੰਦੇ ਹਨ| ਕੁਝ ਸਰਕਾਰੀ ਹਸਪਤਾਲਾਂ ਵਿਚ ਸਰਕਾਰ ਵਲੋਂ ਮੁਫਤ ਦਵਾਈਆਂ ਦੇਣ ਲਈ ਵੀ ਕਾਉਂਟਰ ਬਣੇ ਹੋਏ ਹਨ ਪਰੰਤੂ ਉਹਨਾਂ ਕਾਉਂਟਰਾਂ ਤੇ ਵੀ ਮਰੀਜਾਂ ਨੂੰ ਉਹ ਦਵਾਈਆਂ ਨਹੀਂ ਮਿਲਦੀਆਂ ਜੋ ਡਾਕਟਰ ਵਲੋਂ ਉਹਨਾਂ ਵਾਸਤੇ ਲਿਖੀਆਂ ਜਾਂਦੀਆਂ ਹਨ|
ਪਿਛਲੇ ਸਮੇਂ ਦੌਰਾਨ ਵੱਖ ਵੱਖ ਕਿਸਮਾਂ ਦੀਆਂ ਦਵਾਈਆਂ ਦੇ ਰੇਟ ਬਹੁਤ ਵੱਧ ਗਏ ਹਨ ਅਤੇ ਲਗਭਗ ਹਰ ਦਵਾਈ ਹੁਣ ਪਿਛਲੇ ਸਾਲਾਂ ਨਾਲੋਂ ਦੁੱਗਣੇ ਜਾਂ ਤਿੱਗਣ ਰੇਟ ਉਪਰ ਮਿਲ ਰਹੀ ਹੈ| ਜਦੋਂ ਮੋਦੀ ਸਰਕਾਰ ਬਣੀ ਸੀ ਤਾਂ ਲੋਕਾਂ ਨੂੰ ਆਸ ਸੀ ਕਿ ਇਹ ਸਰਕਾਰ ਦਵਾਈਆਂ ਦੀਆਂ ਕੀਮਤਾਂ ਉਪਰ ਕਾਬੂ ਪਾ ਲਵੇਗੀ ਪਰੰਤੂ ਅਜਿਹਾ ਨਹੀਂ ਹੋਇਆ ਅਤੇ ਮੋਦੀ ਸਰਕਾਰ ਦਵਾਈਆਂ ਦੀ ਕੀਮਤ ਘੱਟ ਕਰਨ ਵਿਚ ਪੂਰੀ ਤਰਾਂ ਨਾਕਾਮ ਰਹੀ ਹੈ| ਉਲਟਾ ਇਸ ਸਰਕਾਰ ਦੇ ਕਾਰਜਕਾਲ ਵਿਚ ਦਵਾਈਆਂ ਇੰਨੀਆਂ ਮਹਿੰਗੀਆਂ ਹੋ ਗਈਆਂ ਹਨ ਕਿ ਇਹ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦੀਆਂ ਜਾ ਰਹੀਆਂ ਹਨ| ਚਾਹੀਦਾ ਤਾਂ ਇਹ ਹੈ ਕਿ ਦਵਾਈਆਂ ਦੀ ਕੀਮਤ ਨੂੰ ਕਾਬੂ ਕਰਨ ਲਈ ਸਰਕਾਰ ਕੋਈ ਠੋਸ ਕਾਰਵਾਈ ਕਰੇ ਅਤੇ ਆਪਣਾ ਮੁਨਾਫਾ ਵਧਾਉਣ ਲਈ ਦਵਾਈਆਂ ਦੀ ਕੀਮਤ ਵਿੱਚ ਬੇਲੋੜਾ ਵਾਧਾ ਕਰਨ ਵਾਲੀਆਂ ਕੰਪਨੀਆਂ ਵਿਰੁੱਧ ਵੀ ਕਾਰਵਾਈ ਕੀਤੀ ਜਾਵੇ ਤਾਂ ਜੋ ਆਮ ਲੋਕਾਂ ਨੂੰ ਥੋੜ੍ਹੀ ਰਾਹਤ ਮਿਲੇ|

Leave a Reply

Your email address will not be published. Required fields are marked *