ਦਵਾਈ ਮਾਫੀਆ ਵਿਰੁੱਧ ਕਾਰਵਾਈ ਕਰੇ ਸਰਕਾਰ : ਸੀ ਪੀ ਆਈ

ਐਸ.ਏ.ਐਸ. ਨਗਰ, 30 ਜੂਨ (ਸ.ਬ.) ਭਾਰਤੀ ਕਮਿਊਨਿਸਟ ਪਾਰਟੀ ਤਹਿਸੀਲ ਡੇਰਾਬੱਸੀ ਦੀ ਇੱਕ             ਵਿਸ਼ੇਸ਼ ਮੀਟਿੰਗ ਤਹਿਸੀਲ ਸਕੱਤਰ ਸ੍ਰੀ ਅਵਤਾਰ ਸਿੰਘ ਦੱਪਰ ਆਈ. ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਮੰਗ ਕੀਤੀ ਗਈ ਕਿ ਦਵਾਈਆਂ ਵਾਲਿਆਂ ਵਲੋਂ ਕੀਤੀ ਜਾ ਰਹੀ ਲੋਕਾਂ ਦੀ ਆਰਥਿਕ ਲੁੱਟ ਤੇ ਰੋਕ ਲਗਾਉਣ ਲਈ ਲੋੜੀਂਦੀ ਕਾਰਵਾਈ ਕੀਤੀ  ਜਾਵੇ| 
ਪੰਜਾਬ ਏਟਕ ਦੇ ਮੀਤ ਪ੍ਰਧਾਨ ਸ੍ਰੀ ਵਿਨੋਦ ਚੁੱਗ ਅਤੇ ਸੀ.ਪੀ.ਆਈ. ਦੇ ਜ਼ਿਲ੍ਹਾ ਸਕੱਤਰ ਸ੍ਰੀ ਬਲਵਿੰਦਰ ਸਿੰਘ ਜੜੋਤ ਨੇ ਇਸ ਮੌਕੇ ਕਿਹਾ ਕਿ ਦੇਸ਼ ਵਿੱਚ ਦਵਾਈ ਮਾਫੀਆਂ ਸਰਕਾਰਾਂ ਨਾਲ ਮਿਲ ਕੇ ਗਰੀਬ ਲੋਕਾਂ ਅਤੇ ਜਨਤਾ ਨਾਲ ਵੱਡੇ ਪੱਧਰ ਤੇ ਲੁਟ-ਖਸੁੱਟ ਕਰ ਰਿਹਾ ਹੈ ਅਤੇ ਦਵਾਈ ਮਾਫੀਆਂ ਵਲੋਂ ਲੋਕਾਂ ਤੋਂ ਆਪਣੀ ਮਨ ਮਰਜ਼ੀ ਨਾਲ ਦਵਾਈਆਂ ਦੀਆਂ ਕੀਮਤਾਂ ਵਸੂਲੀਆਂ ਜਾ ਰਹੀਆਂ ਹਨ| ਦਵਾਈ ਮਾਫੀਆ ਵਲੋਂ ਜੈਨਰਿਕ ਦਵਾਈ ਬਣਾਉਣ ਵਾਲੀਆਂ ਕੰਪਨੀ ਤੋਂ ਆਪਣੀ ਮਨ ਮਰਜੀ ਦੇ ਮਹਿੰਗੇ           ਰੇਟ ਲਿਖਵਾ ਕੇ ਲੋਕਾਂ ਦੀ ਲੁੱਟ ਕੀਤੀ ਜਾਂਦੀ ਹੈ| 
ਉਹਨਾਂ ਕਿਹਾ ਕਿ ਦਵਾਈਆਂ           ਵੇਚਣ ਸਮੇਂ ਲੋਕਾਂ ਨੂੰ ਬਿਲ ਵੀ ਜਾਰੀ ਨਹੀਂ ਕੀਤੇ ਜਾਂਦੇ ਹਨ ਤਾਂ ਜੋ ਸੱਚਾਈ ਸਾਹਮਣੇ ਨਾ ਆ ਸਕੇ| ਉਹਨਾਂ ਦੱਸਿਆ ਕਿ ਕੈਮਿਸਟਾਂ ਵਲੋਂ ਦਵਾਈ ਤੇ ਛੂਟ ਦੇਣ ਸੰਬੰਧੀ ਦੁਕਾਨਾਂ ਦੇ ਬਾਹਰ ਬੋਰਡ ਵੀ ਨਹੀਂ ਲਗਾਏ ਗਏ ਅਤੇ ਪੰਜਾਬ ਵਿੱਚ ਸਿਹਤ ਵਿਭਾਗ ਅਤੇ ਪੰਜਾਬ ਸਰਕਾਰ ਦੀ ਨੱਕ ਹੇਠ ਲੋਕਾਂ ਨਾਲ ਲੁੱਟ ਕੀਤੀ ਜਾ ਰਹੀ ਹੈ| 
ਉਹਨਾਂ ਕਿਹਾ ਕਿ ਸਰਕਾਰ ਵੀ ਇਸਤੋਂ ਚੰਗੀ ਤਰ੍ਹਾਂ ਜਾਣੂ ਹੈ ਅਤੇ ਸਿਹਤ ਵਿਭਾਗ ਖੁਦ 80 ਤੋਂ 90 ਫੀਸਦੀ ਜੈਨਰੀਕ ਦਵਾਈਆਂ ਘੱਟ ਕੀਮਤ ਤੇ ਸਰਕਾਰੀ ਹਸਪਤਾਲਾਂ ਵਿੱਚ ਵਰਤੋਂ ਲਈ ਖਰੀਦਦਾ ਹੈ ਪਰੰਤੂ ਇਸ ਦੇ ਬਾਵਜੂਦ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ| ਉਹਨਾਂ ਇਲਜਾਮ ਲਗਾਇਆ ਕਿ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਵਲੋਂ ਜੋ ਦਵਾਈਆਂ ਮਰੀਜਾਂ ਨੂੰ ਲਿਖਿਆ ਜਾਂਦੀਆਂ ਹਨ ਉਹ ਸਿਰਫ ਹਸਪਤਾਲ ਦੇ ਬਾਹਰ ਬੈਠੇ ਕੈਮਿਸਟਾਂ ਤੋਂ ਹੀ ਮਿਲਦੀਆਂ ਹਨ| 
ਪਾਰਟੀ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਸਸਤੀਆਂ ਦਵਾਈਆਂ ਉਪਲਬੱਧ ਕਰਾਉਣ ਲਈ ਰੈਡ ਕਰਾਸ ਸੰਸਥਾ ਅਧੀਨ ਪੂਰੇ ਪੰਜਾਬ ਦੇ ਕਸਬੇ ਅਤੇ ਸ਼ਹਿਰਾਂ ਵਿੱਚ ਦੁਕਾਨਾਂ ਸਥਾਪਿਤ ਕੀਤੀਆਂ ਜਾਣ ਤਾਂ ਜੋ ਲੋਕਾਂ ਨੂੰ ਸਸਤੀਆਂ ਦਵਾਈਆਂ ਮਿਲ ਸਕਣ ਅਤੇ ਲੋਕਾਂ ਨਾਲ ਹੋ ਰਹੀ ਲੁੱਟ-ਖਸੁੱਟ ਨੂੰ ਬੰਦ ਕਰਵਾਇਆ ਜਾ ਸਕੇ| ਉਹਨਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਜੈਰਨਕ ਦਵਾਈਆਂ ਦੀ ਐਮ.ਆਰ.ਪੀ. ਤੇ ਕਾਬੂ ਕੀਤਾ ਜਾਵੇ ਕਿਉਂਕਿ ਦੁਕਾਨਦਾਰ 100 ਰੁਪਏ ਐਮ.ਆਰ.ਪੀ. ਦੀ ਦਵਾਈ ਨੂੰ ਖੁਦ 10-20 ਰੁਪਏ ਵਿੱਚ ਖਰੀਦਦੇ ਹਨ ਅਤੇ ਗ੍ਰਾਹਕਾਂ ਦੀ ਲੁੱਟ ਕਰਦੇ ਹਨ| ਪਾਰਟੀ ਵਲੋਂ ਮੰਗ ਕੀਤੀ ਗਈ ਹੈ ਕਿ ਹਰੇਕ ਜੈਨਰਿਕ ਦਵਾਈ ਤੇ ਜੈਨਰਿਕ ਮਾਰਕ ਲਗਾਇਆ ਜਾਵੇ ਅਤੇ ਸਰਕਾਰੀ ਡਾਕਟਰਾਂ ਨੂੰ ਹਦਾਇਤਾਂ ਕੀਤੀਆਂ ਜਾਣ ਕਿ ਉਹ ਮਰੀਜ਼ਾਂ ਨੂੰ ਸਿਰਫ ਉਪਲੱਬਧ ਜੈਨਰਿਕ ਦਵਾਈਆਂ ਹੀ ਲਿਖਣ ਜੋ ਹਰੇਕ ਕੈਮਿਸਟ ਦੀ ਦੁਕਾਨ ਤੋਂ ਆਸਾਨੀ ਨਾਲ ਮਿਲ ਸਕਣ|
ਮੀਟਿੰਗ ਦੌਰਾਨ ਲਾਲੜੂ, ਜੀਰਕਪੁਰ ਅਤੇ ਡੇਰਾਬੱਸੀ ਦੇ ਕੈਮਿਸਟਾਂ ਤੋਂ ਮੰਗ ਕੀਤੀ ਗਈ ਕਿ ਲੋਕਾਂ ਨੂੰ ਦਵਾਈਆਂ ਦੇਣ ਵੇਲੇ ਬਿਲ ਜਰੂਰ          ਦੇਣ ਤਾਂ ਜੋ ਕਿ ਪਤਾ ਲੱਗ ਸਕੇ ਕਿ ਕੈਮਿਸਟਾਂ ਵਲੋਂ ਲੋਕਾਂ ਨੂੰ ਦਵਾਈਆਂ ਵਿੱਚ ਕਿੰਨੀ ਰਾਹਤ ਦਿੱਤੀ ਗਈ ਹੈ| ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਜਸਪਾਲ ਸਿੰਘ ਦੱਪਰ, ਕਾਮਰੇਡ ਭੁਪਿੰਦਰ ਸਿੰਘ ਜੰਡਲੀ, ਜਸਮੇਰ ਸਿੰਘ ਰਾਣਾ ਮਗਰਾ ਅਤੇ ਰਾਜਿੰਦਰ ਕੁਮਾਰ ਹਾਜ਼ਿਰ ਸਨ|

Leave a Reply

Your email address will not be published. Required fields are marked *