ਦਸਮ ਪ੍ਰਕਾਸ਼ ਯਾਤਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਬ ਪ੍ਰਵਾਨਤ ਹੋਂਦ ਨੂੰ ਚੁਨੌਤੀ ਦੇਣ ਲਈ, ਆਰ. ਐਸ. ਐਸ ਦੀ ਸਾਜਿਸ਼ : ਬੀਰ ਦਵਿੰੰਦਰ 

ਐਸ. ਏ. ਐਸ. ਨਗਰ, 18 ਅਕਤੂਬਰ  (ਸ.ਬ.) ਪੰਜਾਬ ਵਿਧਾਨਸਭਾ ਦੇ ਸਾਬਕਾ ਡਿਪਟੀ ਸਪੀਕਰ ਸ੍ਰ. ਬੀਰ ਦਵਿੰਦਰ ਸਿੰਘ ਨੇ ਕਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਗੁਰਪੁਰਬ ਮੌਕੇ 21 ਅਕਤੂਬਰ ਨੂੰ ਸ੍ਰੀ ਹਜ਼ੂਰ ਸਾਹਿਬ ਤੋਂ ਮੁੰਬਈ ਤੱਕ, ਸ੍ਰੀ ਦਸਮ ਪ੍ਰਕਾਸ਼ ਯਾਤਰਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਬ ਪ੍ਰਵਾਨਤ ਹੋਂਦ ਨੂੰ ਚੁਨੌਤੀ ਦੇਣ ਲਈ, ਆਰ. ਐਸ. ਐਸ ਦੀ ਮਨਸੂਬਾਬੰਦੀ ਅਧੀਨ ਰਚੀ ਗਈ ਖਤਰਨਾਕ ਸਾਜਿਸ਼ ਦਾ ਹਿੱਸਾ ਹੈ|
ਉਹਨਾਂ ਕਿਹਾ ਕਿ ਸਿੱਖ ਕੌਮ ਵੱਲੋਂ ਸਰਬ ਪ੍ਰਵਾਨਤ ਰਹਿਤ ਮਰਯਾਦਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਹ ਸਪੱਸ਼ਟ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੋਰ ਕਿਸੇ ਵੀ ਗ੍ਰੰਥ ਨੂੰ ਮਾਨਤਾ ਨਹੀਂ ਦੇਣੀ| ਖੁਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ, ਗੋਦਾਵਰੀ ਨਦੀ ਦੇ ਕੰਢੇ, ਨਾਦੇੜ ਸ਼ਹਿਰ ਦੇ ਨੇੜੇ, ਜੋ ਹੁਣ ਮਹਾਂਰਾਸ਼ਟਰ ਰਾਜ ਵਿੱਚ ਹੈ, ਜੋਤੀ ਜੋਤ ਸਮਾਉਂਣ ਤੋਂ ਕੇਵਲ ਇੱਕ ਦਿਨ ਪਹਿਲਾਂ, ਸੰਮਤ 1765 ਅਰਥਾਤ ਅਕਤੂਬਰ 1708 ਵਿੱਚ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਅਰਦਾਸ ਕਰਕੇ, ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਗੁਰਤਾ ਗੱਦੀ ਦੇ ਕੇ ਸਿੱਖ ਕੌਮ ਨੂੰ ਸਿੱਖਾਂ ਨੂੰ ਨਿਰਦੇਸ਼ ਦੇ ਗਏ ਸਨ ਕਿ ਅੱਜ ਤੋਂ ਬਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਅਰਥਾਤ ਸ਼ਬਦ ਗੁਰੂ ਤੁਹਾਡਾ ਮਾਰਗ ਦਰਸ਼ਨ ਕਰਨਗੇ|
ਉਹਨਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹੁਕਮ ਅਨੁਸਾਰ, ਤਦ ਤੋਂ ਹੀ ਸਮੁੱਚੀ ਸਿੱਖ ਕੌਮ, ਦਸ ਗੁਰੂ ਸਾਹਿਬਾਨ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਇਸ਼ਟ ਤੇ ਪਥ ਪ੍ਰਦਰਸ਼ਕ ਮੰਨਦੀ ਹੈ| ਦਸਮ ਗ੍ਰੰਥ ਨੂੰ ਗੁਰੂ ਪਦਵੀ ਦੇਣ ਦਾ ਉਲੇਖ, ਗੁਰੂ ਕਾਲ ਤੋਂ ਲੈ ਕੇ ਅੱਜ ਤੀਕਰ ਦੇ ਸਿੱਖ ਇਤਿਹਾਸ ਦੇ ਪੰਨਿਆਂ ਵਿੱਚ ਕਿਧਰੇ ਵੀ ਨਹੀਂ ਮਿਲਦਾ| ਉਹਨਾਂ ਕਿਹਾ ਕਿ ਜੇ ਕੋਈ ਭੁੱਲੜ ਸਿੱਖ ਦਸਮ ਗ੍ਰੰਥ ਨੂੰ ਗੁਰੂ ਦਸਮ ਗ੍ਰੰਥ ਆਖਦਾ ਹੈ ਤਾਂ ਇਹ ਉਸਦੀ ਮਨ-ਮੱਤ ਹੈ ਗੁਰੂ-ਮੱਤ ਨਹੀਂ| ਇਸ ਲਈ ਸਮੁੱਚੇ ਸਿੱਖ ਜਗਤ ਲਈ ਇਹ ਜ਼ਰੂਰੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ   ਸਮੇਂ ਕੋਈ ਵੀ ਅਜਿਹਾ ਵਿਵਾਦਤ ਮਾਮਲਾ ਨਾ ਛੇੜੀਏ ਜੋ ਸਿੱਖ ਕੌਮ ਅੰਦਰ ਕੋਈ ਨਵੀਂ ਖਾਨਾਜੰਗੀ ਛੇੜ ਦੇਵੇ ਅਤੇ ਸਿੱਖ ਕੌਮ ਨੂੰ ਆਰ. ਐਸ. ਐਸ ਦੇ ਹੱਥ ਠੋਕਿਆਂ ਤੋਂ ਸਾਵਧਾਨ ਰਹਿਣ ਦੀ ਜ਼ਰੂਰਤ ਹੈ|

Leave a Reply

Your email address will not be published. Required fields are marked *