ਦਸਵੀਂ ਦੀ ਪ੍ਰੀਖਿਆ ਦੇ ਨਤੀਜਿਆਂ ਦਾ ਡਿੱਗਦਾ ਪੱਧਰ

ਸੀਬੀਐਸਈ ਦੀ ਦਸਵੀਂ ਬੋਰਡ ਪ੍ਰੀਖਿਆ ਦੇ ਨਤੀਜੇ ਆਉਂਦੇ ਹੀ ਦਿੱਲੀ ਵਿੱਚ ਤਿੰਨ ਬੱਚਿਆਂ ਦੀ ਖੁਦਕੁਸ਼ੀ ਦੀ ਖਬਰ ਆਈ| ਦੇਸ਼ਭਰ ਵਿੱਚ ਪਤਾ ਨਹੀਂ ਕਿੰਨੇ ਹੋਰ ਬੱਚੇ ਘੱਟ ਨੰਬਰ ਲਿਆਉਣ ਦੀ ਵਜ੍ਹਾ ਨਾਲ ਨਿਰਾਸ਼ਾ ਦੇ ਸ਼ਿਕਾਰ ਹੋਏ ਹੋਣਗੇ| ਦਰਅਸਲ ਇਸ ਸਾਲ ਨੌਂ ਸਾਲਾਂ ਦੇ ਬਾਅਦ ਲਾਜ਼ਮੀ ਦਸਵੀਂ ਕਲਾਸ ਬੋਰਡ ਪ੍ਰੀਖਿਆ ਦੀ ਵਾਪਸੀ ਹੋਈ ਹੈ| ਸ਼ਾਇਦ ਇਸ ਦਾ ਅਸਰ ਹੈ ਕਿ ਪਾਸ ਹੋਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵੀ ਘੱਟ ਹੋ ਗਈ ਹੈ| ਪਿਛਲੇ ਪੰਜ ਸਾਲ ਵਿੱਚ ਪਹਿਲੀ ਵਾਰ ਦੇਸ਼ ਭਰ ਵਿੱਚ ਦਸਵੀਂ ਦਾ ਨਤੀਜਾ 90 ਫ਼ੀਸਦੀ ਤੋਂ ਘੱਟ ਰਿਹਾ ਹੈ| ਇਸ ਸਾਲ ਦਸਵੀਂ ਵਿੱਚ ਸੀਬੀਐਸਈ ਬੋਰਡ ਤੋਂ 86.70 ਫੀਸਦੀ ਬੱਚੇ ਪਾਸ ਹੋਏ ਹਨ, ਜਦੋਂ ਕਿ 2017 ਵਿੱਚ ਉਨ੍ਹਾਂ ਦਾ ਪਾਸ ਫੀਸਦੀ 93.06 ਸੀ| ਦਰਅਸਲ ਇਸ ਸਾਲ ਕਈ ਚੀਜਾਂ ਬਦਲੀਆਂ ਹੋਈਆਂ ਹਨ| ਇੱਕ ਤਾਂ ਬੋਰਡ ਸ਼ੁਰੂ ਹੋ ਗਿਆ, ਦੂਜੇ 100 ਫੀਸਦੀ ਕੋਰਸ ਨਾਲ ਫਾਈਨਲ ਪ੍ਰੀਖਿਆ ਲਈ ਗਈ ਸੀ| ਯਾਦ ਰਹੇ, ਸਾਲ 2009-10 ਵਿੱਚ ਯੂਪੀਏ ਸਰਕਾਰ ਨੇ ਦਸਵੀਂ ਵਿੱਚ ਬੋਰਡ ਨੂੰ ਵਿਦਿਆਰਥੀਆਂ ਦੀ ਮਰਜੀ ਦਾ ਬਦਲ ਬਣਾ ਦਿੱਤਾ ਸੀ| ਇਹ ਬੱਚੇ ਤੇ ਨਿਰਭਰ ਸੀ ਕਿ ਉਹ ਬੋਰਡ ਦੀ ਪ੍ਰੀਖਿਆ ਦੇਵੇ ਜਾਂ ਸਕੂਲ ਦੀ| ਇਸਦਾ ਫਾਇਦਾ ਇਹ ਸੀ ਕਿ ਜਿਆਦਾਤਰ ਬੱਚੇ ਆਪਣੇ ਸਕੂਲ ਵਿੱਚ ਸਹਿਜ ਹੋ ਕੇ ਪ੍ਰੀਖਿਆ ਦਿੰਦੇ ਸਨ|
ਪਰੰਤੂ ਐਨਡੀਏ ਸਰਕਾਰ ਨੇ ਸਕੂਲੀ ਪ੍ਰੀਖਿਆ ਨੂੰ ਬੱਚਿਆਂ ਦੀ ਪੜ੍ਹਾਈ ਲਈ ਹਾਨੀਕਾਰਕ ਮੰਨਦੇ ਹੋਏ ਇਹ ਸਹੂਲਤ ਖ਼ਤਮ ਕਰ ਦਿੱਤੀ| ਦਸਵੀਂ ਦਾ ਇਮਿਤਹਾਨ ਦਿੰਦੇ ਸਮੇਂ ਬੱਚੇ ਆਪਣੇ ਜੀਵਨ ਦੇ ਸਭ ਤੋਂ ਸੰਵੇਦਨਸ਼ੀਲ ਦੌਰ ਵਿੱਚ ਹੁੰਦੇ ਹਨ| ਇਸ ਕੱਚੀ ਉਮਰ ਵਿੱਚ ਮਨ ਤੇ ਪੈਣ ਵਾਲਾ ਦਬਾਅ ਬੱਚੇ ਦੇ ਜੀਵਨ ਨੂੰ ਤਬਾਹ ਕਰ ਸਕਦਾ ਹੈ| ਇਸ ਲਈ ਪਹਿਲਾਂ ਵੀ ਦਸਵੀਂ ਦੇ ਬੱਚਿਆਂ ਦੀ ਆਤਮਹੱਤਿਆ ਦੀਆਂ ਘਟਨਾਵਾਂ ਜ਼ਿਆਦਾ ਹੋਈਆਂ ਸਨ, ਜਿਸਨੂੰ ਧਿਆਨ ਵਿੱਚ ਰੱਖ ਕੇ ਉਨ੍ਹਾਂ ਉਤੇ ਬੋਰਡ ਦਾ ਦਬਾਅ ਹਟਾਇਆ ਗਿਆ ਸੀ| ਇਸ ਦੇ ਪਿੱਛੇ ਇਹ ਉਮੀਦ ਕੰਮ ਕਰ ਰਹੀ ਸੀ ਕਿ ਬੱਚੇ ਦਬਾਅਮੁਕਤ ਹੋ ਕੇ ਪੜਣਗੇ ਤਾਂ ਕੁੱਝ ਬਿਹਤਰ ਸਿੱਖ ਸਕਣਗੇ| ਉਂਝ ਵੀ ਭਾਰਤ ਵਿੱਚ ਦਸਵੀਂ ਪਾਸ ਕਰਨ ਤੋਂ ਲੈ ਕੇ ਨੌਕਰੀ ਜਾਂ ਕੈਰੀਅਰ ਸ਼ੁਰੂ ਹੋਣ ਤੱਕ ਇੱਕ ਲੰਮਾ ਸਮਾਂ ਬੱਚਿਆਂ ਨੂੰ ਜੱਦੋਜਹਿਦ ਵਿੱਚ ਗੁਜ਼ਾਰਨਾ ਪੈਂਦਾ ਹੈ| ਇਸ ਸੰਘਰਸ਼ ਦੀ ਸ਼ੁਰੂਆਤ ਥੋੜ੍ਹੀ ਦੇਰ ਨਾਲ ਹੋਣ ਵਿੱਚ ਕੋਈ ਬੁਰਾਈ ਨਹੀਂ ਸੀ| ਇਸਦੇ ਉਲਟ ਰਾਏ ਇਹ ਹੈ ਕਿ ਚੌਂਦਾ-ਪੰਦਰਾਂ ਸਾਲ ਦੀ ਉਮਰ ਤੋਂ ਹੀ ਉਨ੍ਹਾਂ ਨੂੰ ਮੁਕਾਬਲੇ ਲਈ ਤਿਆਰ ਕੀਤਾ ਜਾਵੇ| ਅਜਿਹਾ ਸੋਚਣ ਵਾਲੇ ਦਸਵੀਂ ਦੇ ਪੱਧਰ ਤੇ ਬੋਰਡ ਦੀ ਲੋੜ ਦੇ ਸਮਰਥਕ ਰਹੇ ਹਨ| ਇਸ ਸੋਚ ਦਾ ਨਤੀਜਾ ਹੈ ਕਿ ਸਾਡੀ ਪੂਰੀ ਪ੍ਰੀਖਿਆ ਪ੍ਰਣਾਲੀ ਵਿੱਚ ਕੁੱਝ ਵੀ ਸਿੱਖਣ, ਗਿਆਨ ਹਾਸਿਲ ਕਰਨ ਅਤੇ ਕਿਸੇ ਤਰ੍ਹਾਂ ਦੇ ਅਨਵੇਸ਼ਣ ਦੀ ਕੋਈ ਗੁੰਜਾਇਸ਼ ਨਹੀਂ ਰਹਿ ਗਈ ਹੈ| ਬੱਚੇ ਨੂੰ ਘੱਟ ਉਮਰ ਤੋਂ ਹੀ ਸਿਲੇਬਸ ਰਟਣ ਵਿੱਚ ਲਗਾ ਦਿੱਤਾ ਜਾਂਦਾ ਹੈ ਅਤੇ ਇਹ ਪ੍ਰੀਕ੍ਰਿਆ ਪ੍ਰਸ਼ਾਸਨਿਕ ਪ੍ਰੀਖਿਆਵਾਂ ਦੀ ਉਮਰ ਨਿਕਲ ਜਾਣ ਤੱਕ ਜਾਰੀ ਰਹਿੰਦੀ ਹੈ| ਇਹ ਨਵੀਂ ਪੀੜ੍ਹੀ ਦੇ ਨਾਲ ਬੇਇਨਸਾਫ਼ੀ ਨਹੀਂ ਤਾਂ ਹੋਰ ਕੀ ਹੈ? ਪੜਾਈ ਨੂੰ ਦਰਦ ਵਿੱਚ ਨਾ ਬਦਲਿਆ ਜਾਵੇ| ਬੱਚਿਆਂ ਨੂੰ ਕੁੱਝ ਤਾਂ ਸਮਾਂ ਮਿਲੇ ਕਿ ਉਹ ਪੜਾਈ ਦਾ ਮਜਾ ਲੈ ਸਕਣ| ਬਾਰ੍ਹਵੀਂ ਵਿੱਚ 17-18 ਸਾਲ ਦੇ ਹੁੰਦੇ – ਹੁੰਦੇ ਬੱਚੇ ਥੋੜ੍ਹਾ ਨਿਪੁੰਨ ਹੋਣ ਲੱਗਦੇ ਹਨ ਇਸ ਲਈ ਕੁੱਝ ਹੱਦ ਤੱਕ ਦਬਾਅ ਝੱਲ ਲੈਂਦੇ ਹਨ, ਪਰ ਦਸਵੀਂ ਤੇ ਮੁੜਵਿਚਾਰ ਦੀ ਗੁੰਜਾਇਸ਼ ਬਚਾ ਕੇ ਰੱਖਣੀ ਚਾਹੀਦੀ ਹੈ| ਰੌਹਨ

Leave a Reply

Your email address will not be published. Required fields are marked *