ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ
ਪਟਿਆਲਾ, 19 ਜਨਵਰੀ (ਜਸਵਿੰਦਰ ਸੈਂਡੀ) ਗੁਰਦੁਆਰਾ ਸਿੰਘ ਸਭਾ ਮਾਲ ਰੋਡ ਪਟਿਆਲਾ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਸਜਾਇਆ ਗਿਆ।
ਨਗਰ ਕੀਰਤਨ ਦਾ ਜਗ੍ਹਾ-ਜਗ੍ਹਾ ਉੱਤੇ ਸ਼ਰਧਾ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਸੀਨੀਅਰ ਅਕਾਲੀ ਆਗੂ ਇੰਦਰਮੋਹਨ ਬਜਾਜ ਤੇ ਕਈ ਹੋਰ ਹਸਤੀਆਂ ਅਤੇ ਸੰਗਤਾਂ ਦੇ ਭਾਰੀ ਇਕੱਠ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਦਰਸ਼ਨ ਕੀਤੇ।
ਨਗਰ ਕੀਰਤਨ ਵਿੱਚ ਫੁੱਲਾਂ ਨਾਲ ਸਜਾਈ ਪਾਲਕੀ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਿਰਾਜਮਾਨ ਕੀਤਾ ਗਿਆ, ਜਿਨ੍ਹਾਂ ਦੀ ਹਜ਼ੂਰੀ ਵਿੱਚ ਰਾਗੀ ਸਿੰਘਾਂ ਵਲੋਂ ਇਲਾਹੀ ਬਾਣੀ ਦਾ ਕੀਰਤਨ ਪ੍ਰਵਾਹ ਚਲਾਇਆ ਗਿਆ। ਇਸ ਮੌਕੇ ਖਾਲਸਾਈ ਪਹਿਰਾਵੇ ਵਿੱਚ ਸਜੇ ਸਕੂਲੀ ਬੱਚਿਆਂ ਵੱਲੋਂ ਕੀਤਾ ਜਾ ਰਿਹਾ ਸਿਮਰਨ, ਗੱਤਕਾ ਪਾਰਟੀਆਂ ਵੱਲੋਂ ਵਿਖਾਏ ਜਾ ਰਹੇ ਗੱਤਕੇ ਦੇ ਜੌਹਰ ਖਿੱਚ ਦਾ ਕੇਂਦਰ ਸਨ।
ਨਗਰ ਕੀਰਤਨ ਗੁਰਦੁਆਰਾ ਸਿੰਘ ਸਭਾ ਮਾਲ ਰੋਡ ਤੋਂ ਆਰੰਭ ਹੋ ਕੇ ਪਟਿਆਲੇ ਦੇ ਵੱਖ-ਵੱਖ ਬਜ਼ਾਰਾਂ ਤੋਂ ਹੁੰਦਾ ਹੋਇਆ ਅਤੇ ਸ਼ਾਮ ਨੂੰ ਗੁਰਦੁਆਰਾ ਸਿੰਘ ਸਭਾ ਵਿਖੇ ਪਹੁੰਚ ਕੇ ਸਮਾਪਤ ਹੋਇਆ।