ਦਹੇਜ ਵਿਰੋਧੀ ਕਾਨੂੰਨਾਂ ਦੀ ਦੁਰਵਰਤੋਂ ਤੇ ਵੀ ਲੱਗੇ ਰੋਕ

ਸਾਡੇ ਦੇਸ਼ ਅਤੇ ਸਮਾਜ ਵਿੱਚ ਦਹੇਜ ਪ੍ਰਥਾ ਦੀ ਸ਼ੁਰੂਆਤ ਕਦੋਂ ਹੋਈ, ਇਸ ਬਾਰੇ ਤਾਂ ਕੁਝ ਕਿਹਾ ਨਹੀਂ ਜਾ ਸਕਦਾ ਪਰ ਇਹ ਜਰੂਰ ਕਿਹਾ ਜਾ ਸਕਦਾ ਹੈ ਕਿ ਜਦੋਂ ਤੋਂ ਸਾਡੇ ਸਮਾਜ ਵਿੱਚ ਵਿਆਹ ਦੀ ਹੋਂਦ ਬਣੀ ਹੈ ਉਦੋਂ ਤੋਂ ਹੀ ਇਹ ਪ੍ਰਥਾ ਵੀ ਚਲਦੀ ਆ ਰਹੀ ਹੈ| ਸ਼ੁਰੂ ਸ਼ੁਰੂ ਵਿਚ ਲੋਕਾਂ ਵਲੋਂ ਆਪਣੀਆਂ ਧੀਆਂ ਦੇ ਵਿਆਹ ਮੌਕੇ ਸ਼ਗਨ ਵਜੋਂ ਉਸਦੀ ਗ੍ਰਹਿਸਥੀ ਦਾ ਜਰੂਰੀ ਸਾਮਨ ਦਿੱਤਾ ਜਾਂਦਾ ਸੀ ਜੋ ਕਿ ਹੌਲੀ-ਹੌਲੀ ਦਹੇਜ ਪ੍ਰਥਾ ਦਾ ਰੂਪ ਧਾਰਨ ਕਰ ਗਿਆ ਅਤੇ ਸਮੇਂ ਦੇ ਨਾਲ ਇਹ ਪ੍ਰਥਾ ਸਾਡੇ ਸਮਾਜ ਲਈ ਇੱਕ ਸਰਾਪ ਬਣ ਗਈ| ਹਾਲਾਤ ਇਹ ਹਨ ਕਿ ਜਿੱਥੇ ਇੱਕ ਪਾਸੇ ਅਮੀਰ ਲੋਕਾਂ ਵੱਲੋਂ ਆਪਣੀਆਂ ਧੀਆਂ ਦੇ ਵਿਆਹਾਂ ਮੌਕੇ ਲੱਖਾਂ ਕਰੋੜਾਂ ਰੁਪਏ ਦਾ ਦਾਜ ਦਿੱਤਾ ਜਾਂਦਾ ਹੈ ਉੱਥੇ ਇਹਨਾਂ ਅਮੀਰਾਂ ਦੀ ਦੇਖਾਦੇਖੀ ਮੱਧਵਰਗੀ ਅਤੇ ਗਰੀਬ ਪਰਿਵਾਰਾਂ ਦੇ ਲੋਕਾਂ ਨੂੰ ਵੀ ਆਪਣੀ ਸਮਰਥਾ ਤੋਂ ਕਿਤੇ ਵੱਧ ਦਾਜ ਦੇਣ ਲਈ ਮਜਬੂਰ ਹੋਣਾ ਪੈਂਦਾ ਹੈ| ਦਾਜ ਦੇਣ ਦੇ ਨਾਲ ਹੀ ਦਾਜ ਲੈਣ ਦੇ ਰੁਝਾਨ ਵਿੱਚ ਵੀ ਬਹੁਤ ਵਾਧਾ ਹੋਇਆ ਹੈ| ਅੱਜ ਇੰਜਨੀਅਰ, ਡਾਕਟਰ, ਮਾਸਟਰ, ਕਲਰਕ ਆਦਿ ਮੂੰਹ ਅੱਡ ਕੇ ਦਾਜ ਮੰਗਦੇ ਹਨ ਅਤੇ ਦਹੇਜ ਪ੍ਰਥਾ ਕਾਰਨ ਅੱਜ ਗਰੀਬਾਂ ਨੂੰ ਆਪਣੀਆਂ ਧੀਆਂ ਦੇ ਵਿਆਹ ਕਰਨੇ ਮੁਸ਼ਕਿਲ ਹੋ ਗਏ ਹਨ|
ਇਹ (ਦਹੇਜ ਪ੍ਰਥਾ) ਇੱਕ ਅਜਿਹੀ ਸਮਾਜਿਕ ਬੁਰਾਈ ਹੈ ਜਿਹੜੀ ਸਾਡੇ ਦੇਸ਼ ਦੇ ਲਗਭਗ ਸਾਰੇ ਹੀ ਭਾਈਚਾਰਿਆਂ ਵਿੱਚ ਜੜ੍ਹਾਂ ਜਮਾਈ ਬੈਠੀ ਹੈ| ਇਸਨੂੰ ਖਤਮ ਕਰਨ ਲਈ ਸਰਕਾਰ ਨੇ ਸਮੇਂ ਸਮੇਂ ਤੇ  ਅਨੇਕਾਂ ਕਾਨੂੰਨ ਬਣਾਏ ਹਨ ਪਰੰਤੂ ਇਸਦੇ ਬਾਵਜੂਦ ਇਸ ਸਮਾਜਿਕ ਬੁਰਾਈ ਤੇ ਕਾਬੂ ਨਹੀਂ ਕੀਤਾ ਜਾ ਸਕਿਆ ਹੈ| ਇੰਨਾ ਹੀ ਨਹੀਂ ਬਲਕਿ ਦੇਸ਼ ਭਰ ਵਿੱਚ ਲਾਗੂ ਕੀਤੇ ਗਏ ਇਹਨਾਂ ਕਾਨੂੰਨਾਂ ਦੀ ਸ਼ਰਾਰਤੀ ਅਨਸਰਾਂ ਵੱਲੋਂ ਅਕਸਰ ਦੁਰਵਰਤੋਂ ਵੀ ਕੀਤੀ ਜਾਂਦੀ ਹੈ ਜਿਸ ਕਾਰਨ ਇਸ ਉੱਪਰ ਨਵੇਂ ਸਿਰੇ ਤੋਂ ਵਿਚਾਰ ਕਰਨ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ|
ਹਾਲਾਂਕਿ ਇਸਦਾ ਇੱਕ ਦੂਜਾ ਪੱਖ ਵੀ ਹੈ| ਵਿਦੇਸ਼ ਵਿੱਚ ਰਹਿੰਦੀਆਂ ਕੁੱਝ ਭਾਰਤੀ ਕੁੜੀਆਂ ਇੱਥੋਂ ਦੇ ਨੌਜਵਾਨਾਂ ਨੂੰ ਆਪਣੇ ਨਾਲ ਵਿਦੇਸ਼ ਲਿਜਾਉਣ ਲਈ ਉਹਨਾਂ ਨਾਲ (ਜਾਅਲੀ) ਵਿਆਹ ਕਰਵਾਉਣ ਦੇ ਨਾਮ ਤੇ ਉਹਨਾਂ ਤੋਂ ਮੋਟੀ ਰਕਮ ਲੈਂਦੀਆਂ ਹਨ ਅਤੇ ਕਈ ਥਾਵਾਂ ਉੱਪਰ ਤਾਂ ਲੱਖਾਂ ਦੇ ਹਿਸਾਬ ਨਾਲ ਲੈਣ ਦੇਣ ਹੋਣ ਦੀ ਚਰਚਾ ਹੁੰਦੀ ਹੈ| ਇਸੇ ਤਰ੍ਹਾਂ ਵਿਦੇਸ਼ ਰਹਿੰਦੇ ਭਾਰਤੀ ਨੌਜਵਾਨ ਵੀ ਦੇਸ਼ ਵਿੱਚ ਆ ਕੇ ਵਿਆਹ ਮੌਕੇ ਸ਼ਾਹੀ ਢੰਗ ਨਾਲ ਵਿਆਹ ਤਾਂ ਕਰਵਾਉਂਦੇ ਹੀ ਹਨ, ਬਲਕਿ ਕੁੜੀ ਵਾਲਿਆਂ ਤੋਂ ਨਗਦ ਰਾਸ਼ੀ ਵੀ ਲੈਂਦੇ ਹਨ, ਜੋ ਕਿ ਲੱਖਾਂ (ਕਈ ਵਾਰ ਕਰੋੜਾਂ) ਵਿੱਚ ਹੁੰਦੀ ਹੈ|
ਸਾਡੇ ਦੇਸ਼ ਵਿੱਚ ਲਾਗੂ ਦਹੇਜ ਵਿਰੋਧੀ ਕਾਨੂੰਨ ਅਨੁਸਾਰ  ਦਹੇਜ ਲੈਣਾ ਅਤੇ ਦੇਣਾ ਕਾਨੂੰਨੀ ਜ਼ੁਰਮ ਹੈ ਪਰ ਵਿਆਹਾਂ ਮੌਕੇ ਇਹਨਾਂ ਕਾਨੂੰਨਾਂ ਦੀ ਕੋਈ ਵੀ ਪਰਵਾਹ ਨਹੀਂ ਕਰਦਾ| ਦਾਜ ਪਿੱਛੇ ਅਨੇਕਾਂ ਹੀ ਝਗੜੇ ਹੋਣ ਦੀਆਂ ਖਬਰਾਂ ਵੀ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ| ਕਈ ਵਾਰ ਤਾਂ ਅਜਿਹਾ ਵੀ ਹੁੰਦਾ ਹੈ ਕਿ ਦਾਜ ਦੀ ਰਕਮ ਨੂੰ ਲੈ ਕੇ ਵਿਆਹ ਸਮਾਗਮ ਦੌਰਾਨ ਹੀ ਰੌਲਾ ਪੈ ਜਾਂਦਾ ਹੈ| ਇਹ ਵੀ ਹਕੀਕਤ ਹੈ ਕਿ ਅੱਜ ਵੀ ਸਮਾਜ ਵਿੱਚ ਔਰਤਾਂ ਨੂੰ ਸਹੁਰੇ ਘਰ ਵਿਚ ਦਾਜ ਘੱਟ ਲਿਆਉਣ ਲਈ ਤਾਨੇ ਮਿਹਨੇ ਸੁਣਨੇ ਪੈਂਦੇ ਹਨ ਅਤੇ ਕਈ ਵਾਰ ਤਾਂ ਨੂੰਹਾਂ ਦੀ ਦਾਜ ਲਈ ਕੁੱਟਮਾਰ ਵੀ ਕੀਤੀ ਜਾਂਦੀ ਹੈ ਜਿਸ ਕਰਕੇ ਮਾਮਲਾ ਥਾਣੇ ਕਚਹਿਰੀਆਂ ਤਕ ਪਹੁੰਚ ਜਾਂਦਾ ਹੈ| ਦਾਜ ਪ੍ਰਥਾ ਦੀ ਸ਼ਿਕਾਰ ਔਰਤਾਂ ਇਨਸਾਫ ਲੈਣ ਲਈ ਅਦਾਲਤ ਦਾ ਬੂਹਾ ਖੜਕਾਉਂਦੀਆਂ ਹਨ ਅਤੇ ਕਈ ਵਾਰ ਅਜਿਹੇ ਮਾਮਲੇ ਵਿਚ ਪੂਰਾ ਸਹੁਰਾ ਪਰਿਵਾਰ ਹੀ ਜੇਲ੍ਹ ਵਿਚ ਚਲਾ ਜਾਂਦਾ ਹੈ|
ਦਹੇਜ ਵਿਰੋਧੀ ਕਾਨੂੰਨਾਂ ਅਤੇ ਘਰੇਲੂ ਹਿੰਸਾ ਐਕਟ ਦੀ ਵੱਡੇ ਪੱਧਰ ਤੇ ਦੁਰਵਰਤੋਂ ਵੀ ਹੋ ਰਹੀ ਹੈ| ਅਜਿਹੇ ਕਈ ਮਾਮਲੇ ਵੀ ਸਾਮ੍ਹਣੇ ਆਉਂਦੇ ਹਨ ਜਿੱਥੇ ਨੂੰਹਾਂ ਆਪਣੇ ਸਹੁਰਿਆਂ ਨੂੰ ਤੰਗ ਪ੍ਰੇਸ਼ਾਨ ਕਰਨ ਲਈ ਦਾਜ ਅਤੇ ਘਰੇਲੂ ਹਿੰਸਾਂ ਦਾ ਮਾਮਲਾ ਦਰਜ ਕਰਵਾ ਦਿੰਦੀਆਂ ਹਨ ਅਤੇ ਪੂਰਾ ਸਹੁਰਾ ਪਰਿਵਾਰ ਆਪਣੀ ਜਮਾਨਤਾਂ ਕਰਵਾਉਣ ਲਈ ਭੱਜਿਆ ਫਿਰਦਾ ਹੈ| ਇਸ ਤਰ੍ਹਾਂ ਦੇ ਮਾਮਲਿਆਂ ਨਾਲ  ਦਹੇਜ ਪ੍ਰਥਾ ਅਤੇ ਦਹੇਜ ਵਿਰੋਧੀ ਕਾਨੂੰਨਾਂ ਤੇ ਨਵੇਂ ਸਿਰੇ ਤੋਂ ਵਿਚਾਰ ਕਰਨ ਦੀ ਲੋੜ ਜਾਹਿਰ ਹੁੰਦੀ ਹੈ| ਚਾਹੀਦਾ ਤਾਂ ਇਹ ਹੈ ਕਿ ਦਹੇਜ ਪ੍ਰਥਾਂ ਦੀ ਸਮਾਜਿਕ ਬੁਰਾਈ ਦੇ ਖਾਤਮੇ ਲਈ ਜਿੱਥੇ ਦਹੇਜ ਵਿਰੋਧੀ ਕਾਨੂੰਨਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ ਉੱਥੇ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਇਹਨਾਂ ਕਾਨੂੰਨਾਂ ਦੀ ਦੁਰਵਰਤੋਂ ਨਾ ਹੋਵੇ| ਇਸ ਵਾਸਤੇ ਜਿੱਥੇ ਆਮ ਲੋਕਾਂ ਨੂੰ ਵਧੇਰੇ ਜਾਗਰੂਕ ਹੋ ਕੇ ਅਜਿਹੇ ਝੂਠੇ ਮਾਮਲਿਆਂ ਵਿੱਚ ਸਾਮ੍ਹਣੇ ਆਉਣਾ ਪੈਣਾ ਹੈ ਉੱਥੇ ਝੂਠੇ ਮਾਮਲੇ ਦਰਜ ਕਰਵਾਉਣ ਵਾਲੇ ਲੋਕਾਂ ਤੇਖਿਲਾਫ ਸਖਤ ਕਾਰਵਾਈ ਦਾ ਪ੍ਰਬੰਧ ਵੀ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਇਸ ਸਮਾਜਿਕ ਬੁਰਾਈ ਨੂੰ ਪੂਰੀ ਤਰ੍ਹਾਂ ਕਾਬੂ ਕੀਤਾ ਜਾ ਸਕੇ|

Leave a Reply

Your email address will not be published. Required fields are marked *