ਦਾਜ ਲਈ ਤੰਗ ਕਰਨ ਤੇ ਸਹੁਰੇ ਪਰਿਵਾਰ ਸਮੇਤ ਅਕਾਲੀ ਆਗੂ ਖਿਲਾਫ ਮਾਮਲਾ ਦਰਜ


ਐਸ. ਏ. ਐਸ. ਨਗਰ, 14 ਅਕਤੂਬਰ (ਸ.ਬ.) ਥਾਣਾ ਸੋਹਾਣਾ ਦੀ ਪੁਲੀਸ ਨੇ ਪਿੰਡ ਮੌਲੀ ਬੈਦਵਾਨ ਦੀ ਇੱਕ ਵਸਨੀਕ ਮਹਿਲਾ ਦੀ ਸ਼ਿਕਾਇਤ ਤੇ ਉਸਨੂੰ ਦਾਜ ਲਈ ਲਈ ਤੰਗ                 ਪ੍ਰੇਸ਼ਾਨ ਕਰਨ ਅਤੇ ਕੁੱਟਮਾਰ ਕਰਨ ਦੇ ਦੋਸ਼ਾਂ ਹੇਠ ਮਹਿਲਾ ਦੇ ਪਤੀ ਸਮੇਤ ਹੋਰਨਾਂ ਪਰਿਵਾਰਕ ਮੈਬਰਾਂ ਖਿਲਾਫ ਮਾਮਲਾ ਦਰਜ਼ ਕੀਤਾ ਹੈ| ਇਸ ਮਾਮਲੇ ਵਿੱਚ ਪੁਲੀਸ ਵਲੋਂ ਪਿੰਡ ਮੌਲੀ ਬੈਦਵਾਣ ਦੇ ਅਕਾਲੀ ਦਲ ਨਾਲ ਸਬੰਧਿਤ ਮੌਜੂਦਾ ਬਲਾਕ ਸੰਮਤੀ ਮੈਂਬਰ ਅਵਤਾਰ ਸਿੰਘ ਨੂੰ ਵੀ ਅਸਲਾ ਐਕਟ ਦੇ ਤਹਿਤ ਨਾਮਜ਼ਦ ਕੀਤਾ ਹੈ| ਅਵਤਾਰ ਸਿੰਘ ਮੌਲੀ ਤੇ ਇਲਜਾਮ ਲਗਾਇਆ ਗਿਆ ਹੈ ਕਿ ਉਸ ਵਲੋਂ ਪੀੜਤਾ ਨੂੰ ਆਪਣੀ ਪਿਸਤੌਲ ਦਿਖਾ ਕੇ ਧਮਕਾਇਆ ਗਿਆ| 
ਪੀੜਤਾ ਕੁਲਵਿੰਦਰ ਕੌਰ ਨੇ  ਪੁਲੀਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਸਦਾ ਵਿਆਹ 2011 ਵਿੱਚ ਗੁਰਮੀਤ ਸਿੰਘ ਵਾਸੀ ਪਿੰਡ ਮੌਲੀ ਬੈਦਵਾਣ ਨਾਲ ਹੋਇਆ ਸੀ ਅਤੇ ਉਸ ਦੇ ਪਰਿਵਾਰ ਵਲੋਂ ਆਪਣੀ ਹੈਸੀਅਤ ਮੁਤਾਬਕ ਦਾਜ ਦਿੱਤਾ ਗਿਆ ਸੀ, ਪ੍ਰੰਤੂ ਸਹੁਰੇ ਪਰਿਵਾਰ ਵਲੋਂ ਉਸ ਕੋਲੋਂ ਹੋਰ ਦਾਜ ਦੀ ਮੰਗ ਕਰਨ ਨੂੰ ਲੈ ਕੇ ਅਕਸਰ ਕੁੱਟਮਾਰ ਕੀਤੀ ਜਾਂਦੀ ਸੀ|
ਥਾਣਾ ਸੋਹਾਣਾ ਦੀ ਪੁਲੀਸ ਨੇ ਇਸ ਮਾਮਲੇ ਵਿਚ ਪੀੜਤਾ ਦੇ ਪਤੀ ਗੁਰਮੀਤ ਸਿੰਘ, ਸੱਸ ਬਲਜਿੰਦਰ ਕੌਰ, ਚਾਚਾ ਸਹੁਰਾ ਅਜੈਬ ਸਿੰਘ, ਸਹੁਰਾ ਲਾਭ ਸਿੰਘ, ਦਿਉਰ ਕਮਲਜੀਤ ਸਿੰਘ ਅਤੇ ਇਸੇ ਪਿੰਡ ਦੇ ਸਾਬਕਾ ਸਰਪੰਚ ਅਤੇ ਮੌਜੂਦਾ ਬਲਾਕ ਸੰਮਤੀ ਮੈਂਬਰ ਅਵਤਾਰ ਸਿੰਘ ਖਿਲਾਫ ਧਾਰਾ-323, 341, 506, 354, 498ਏ, 148, 149 ਅਤੇ ਅਸਲਾ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ|
ਦੂਜੇ ਪਾਸੇ  ਅਕਾਲੀ ਆਗੂ ਅਵਤਾਰ ਸਿੰਘ ਦਾ ਕਹਿਣਾ ਹੈ ਕਿ ਪੁਲੀਸ ਨੇ ਇਲਾਕੇ ਦੇ ਇਕ ਕਾਂਗਰਸੀ ਆਗੂ ਦੀ ਸ਼ਹਿ ਤੇ ਉਸ ਖਿਲਾਫ ਅਸਲਾ ਐਕਟ ਦੇ ਤਹਿਤ ਪਰਚਾ ਦਰਜ਼ ਕਰ ਦਿੱਤਾ ਹੈ| ਅਵਤਾਰ ਸਿੰਘ ਅਨੁਸਾਰ ਉਸ ਦੀ ਪਿਸਤੌਲ ਅਤੇ 315 ਬੋਰ ਦੀ ਰਾਈਫਲ ਤਾਂ ਪਿਛਲੇ ਕਈ ਮਹੀਨਿਆਂ ਤੋਂ ਇਸੇ ਥਾਣੇ ਵਿਚ ਜਮਾਂ ਹੈ| ਉਹਨਾਂ ਕਿਹਾ ਕਿ ਬਲਾਕ ਸੰਮਤੀ ਦੀਆਂ ਹੋਈਆਂ ਚੋਣਾਂ ਵਿਚ ਉਸ ਦੀ ਹੋਈ ਇਕ ਪਾਸੜ ਜਿੱਤ ਤੋਂ ਬਾਅਦ ਹੀ ਮੁਹਾਲੀ ਪੁਲੀਸ ਉਸ ਨੂੰ ਝੂਠੇ ਮੁਕੱਦਮੇ ਵਿਚ ਫਸਾਉਣ ਲਈ ਪੀੜਤ ਲੋਕਾਂ ਨੂੰ ਮੋਹਰਾ ਬਣਾ ਰਹੀ ਹੈ, ਜਦੋਂ ਕਿ ਕੁਝ ਦਿਨ ਪਹਿਲਾਂ ਵੀ ਧਰਨਾ ਪ੍ਰਦਰਸ਼ਨ ਦੌਰਾਨ ਵੀ ਇਸੇ ਥਾਣੇ ਦੀ ਪੁਲੀਸ ਵਲੋਂ ਉਸਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ| 
ਉਨਾਂ ਕਿਹਾ ਕਿ ਇਸ  ਮਾਮਲੇ ਸਬੰਧੀ ਉਨਾਂ ਜਿਲਾ ਪੁਲੀਸ ਮੁਖੀ ਨੂੰ ਲਿਖਤੀ ਸ਼ਿਕਾਇਤ ਦੇ ਕੇ ਇਨਸਾਫ ਦੀ ਮੰਗ ਕੀਤੀ ਹੈ, ਜੇਕਰ ਉਸ ਖਿਲਾਫ  ਮਾਮਲਾ ਖਾਰਜ ਨਾ ਕੀਤਾ ਗਿਆ ਤਾਂ ਉਹ ਮਾਣਯੋਗ ਹਾਈਕੋਰਟ ਦਾ ਦਰਵਾਜਾ ਖੜਕਾਉਣਗੇ| 
ਸੰਪਰਕ ਕਰਨ ਤੇ ਮਾਮਲੇ ਦੇ ਜਾਂਚ ਅਧਿਕਾਰੀ ਸੰਜੈ ਕੁਮਾਰ ਨੇ ਕਿਹਾ ਕਿ ਪੁਲੀਸ ਵਲੋਂ ਪੀੜਿਤ ਲੜਕੀ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜੇਕਰ ਅਵਤਾਰ ਸਿੰਘ ਮੌਲੀ ਕੋਲ ਆਪਣੀ ਬੇਗੁਨਾਹੀ ਦਾ ਕੋਈ ਸਬੂਤ ਹੈ ਤਾਂ ਉਹ ਪੁਲੀਸ ਕੋਲ ਆਪਣਾ ਪੱਖ ਪੇਸ਼ ਕਰ ਸਕਦਾ ਹੈ ਅਤੇ ਪੁਲੀਸ ਵਲੋਂ ਸਬੁਤਾਂ ਦੇ ਆਧਾਰ ਤੇ ਬਣਦੀ ਕਾਰਵਾਈ ਕੀਤੀ                ਜਾਵੇਗੀ|

Leave a Reply

Your email address will not be published. Required fields are marked *