ਦਿਆਲ ਸਿੰਘ ਕਾਲਜ ਦਾ ਨਾਂ ਬਦਲਣ ਵਿਰੁੱਧ ਜਨਤਕ ਵਿਰੋਧ ਉਸਾਰਨ ਦੀ ਲੋੜ :  ਕੇਂਦਰੀ ਲੇਖਕ ਸਭਾ  

ਚੰਡੀਗੜ੍ਹ, 24 ਨਵੰਬਰ (ਸ.ਬ.)  ਕੇਂਦਰੀ ਪੰਜਾਬੀ ਲੇਖਕ ਸਭਾ ਨੇ ਦਿੱਲੀ ਦੇ ਦਿਆਲ ਸਿੰਘ ਕਾਲਜ ਦਾ ਨਾਂ ਬਦਲ ਕੇ ਵੰਦੇ ਮਾਤਰਮ ਮਹਾਵਿਦਿਆਲਿਆ ਰੱਖਣ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ|  ਇਕ  ਬਿਆਨ ਵਿਚ ਕੇਂਦਰੀ ਪੰਜਾਬੀ ਲੇਖਕ ਸਭਾ (ਰਜ਼ਿ) ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਜਨਰਲ ਸਕੱਤਰ ਸੁਸ਼ੀਲ ਦੁਸਾਂਝ ਅਤੇ ਸੀਨੀਅਰ ਮੀਤ ਪ੍ਰਧਾਨ ਡਾ. ਜੋਗਾ ਸਿੰਘ ਨੇ ਕਿਹਾ  ਕਿ ਦਿਆਲ ਸਿੰਘ ਕਾਲਜ ਦੀ ਪ੍ਰਬੰਧਕ ਕਮੇਟੀ ਵੱਲੋਂ ਕਾਲਜ ਦਾ ਨਾਂ ਬਦਲਣਾ ਭਾਰਤ ਦੀ ਧਰਮ ਨਿਰਪੱਖ ਅਤੇ ਮਹਾਨ ਗੰਗਾ-ਯਮੁਨੀ ਤਹਿਜ਼ੀਬ ਅਤੇ ਸਾਂਝੀ ਵਿਰਾਸਤ ਦੀ ਤੌਹੀਨ ਹੈ| ਉਕਤ ਆਗੂਆਂ ਨੇ ਕਿਹਾ ਕਿ ਜਦੋਂ ਤੋਂ ਮੁਲਕ ਅੰਦਰ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸਿਆਸੀ ਵਿੰਗ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਿਚ ਨਰਿੰਦਰ ਮੋਦੀ ਦੀ ਸਰਕਾਰ ਬਣੀ ਹੈ, ਉਦੋਂ ਤੋਂ ਹੀ ਸਮੁੱਚੇ ਮੁਲਕ ਨੂੰ ਭਗਵੇਂ ਰੰਗ ਵਿਚ ਰੰਗਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ| ਉਨ੍ਹਾਂ ਕਿਹਾ ਕਿ ਇਨ੍ਹਾਂ ਦਿਨਾਂ ਵਿਚ ਲਿਖਣ-ਬੋਲਣ ਦੀ ਆਜ਼ਾਦੀ ਤੇ ਹੋ ਰਹੇ ਹਮਲੇ ਅਤੇ  ਲੇਖਕਾਂ/ਬੁੱਧੀਜੀਵੀਆਂ ਅਤੇ ਸਦਭਾਵਨਾ ਤੇ ਸਾਂਝੀਵਾਲਤਾ ਦੀ ਗੱਲ ਕਰਨ ਵਾਲਿਆਂ ਨੂੰ ਦੇਸ਼ ਧ੍ਰੋਹੀ ਗਰਦਾਨਣ ਅਤੇ ਕਤਲ ਕਰਨ ਤੱਕ ਦੇ ਮਾਮਲੇ ਇਹ ਦਰਸਾਉਂਦੇ ਹਨ ਕਿ ਮੁਲਕ ਨੂੰ ਇਕ ਅਰਾਜਕਤਾ ਵੱਲ ਧੱਕਿਆ ਜਾ ਰਿਹਾ ਹੈ| ਇਤਿਹਾਸਕ ਅਤੇ ਸਾਂਝੀਆਂ ਇਮਾਰਤਾਂ/ਵਿਰਾਸਤਾਂ ਦੇ ਨਾਂ ਬਦਲਣ ਦੀ ਅਤੁੱਟ ਪ੍ਰੀਕਿਰਿਆ ਵੀ ਆਰ  ਐਸ ਐਸ ਦੇ ਦਿਸ਼ਾ-  ਨਿਰਦੇਸ਼ਾਂ ਤਹਿਤ ਹੀ ਚਲਾਈ ਜਾ ਰਹੀ ਹੈ ਅਤੇ ਦਿਆਲ ਸਿੰਘ ਕਾਲਜ ਦਾ ਨਾਂ ਬਦਲਣਾ ਇਸੇ ਪ੍ਰੀਕਿਰਿਆ ਦੀ ਅਗਲੀ ਕੜੀ ਹੈ| ਕੇਂਦਰੀ ਲੇਖਕ ਸਭਾ ਦੇ ਆਗੂਆਂ ਨੇ ਦੇਸ਼ ਨੂੰ ਇਕ ਭਾਸ਼ਾ, ਇਕ ਧਰਮ, ਇਕ ਜ਼ਾਬਤੇ ਵਿਚ ਬੰਨ੍ਹਣ ਦੀਆਂ ਕੋਸ਼ਿਸ਼ਾਂ ਦੀ ਸਖ਼ਤ ਨਿੰਦਾ ਕਰਦਿਆਂ ਕਾਲਜ ਦਾ ਨਾਂ ਮੁੜ ਦਿਆਲ ਸਿੰਘ ਕਾਲਜ ਰੱਖਣ ਦੀ ਮੰਗ ਕੀਤੀ ਹੈ|

Leave a Reply

Your email address will not be published. Required fields are marked *