ਦਿਆਲ ਸਿੰਘ ਕਾਲਜ ਮਾਮਲਾ ਸਿੱਖ ਕੌਮ ਦੀ ਵਿਰਾਸਤੀ ਚੇਤੰਨਤਾ ਨਾਲ ਜੁੜਿਆ : ਬੀਰ ਦਵਿੰਦਰ ਸਿੰਘ

ਦਿਆਲ ਸਿੰਘ ਕਾਲਜ ਮਾਮਲਾ ਸਿੱਖ ਕੌਮ ਦੀ ਵਿਰਾਸਤੀ    ਚੇਤੰਨਤਾ ਨਾਲ ਜੁੜਿਆ : ਬੀਰ ਦਵਿੰਦਰ ਸਿੰਘ
ਚਿੱਠੀ ਲਿਖ ਕੇ ਅਕਾਲੀ ਦਲ ਝਾੜ ਰਿਹਾ ਹੈ ਗੌਂਗਲੂਆਂ ਤੋਂ ਮਿੱਟੀ
ਪਟਿਆਲਾ, 24 ਨਵੰਬਰ (ਸ.ਬ.) ਦਿਆਲ ਸਿੰਘ ਈਵਨਿੰਗ ਕਾਲਜ, ਦਿੱਲੀ ਦੇ ਨਾਮ ਬਦਲਣ ਦੇ ਗੰਭੀਰ ਮਾਮਲੇ ਵਿੱਚ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਦੀਆਂ  ਹੁਣ ਬਹੁਤ ਦੇਰੀ ਨਾਲ ਲਿਖੀਆਂ ਦੋ ਚਿੱਠੀਆਂ ਕੇਵਲ ਗੋਂਗਲੂਆਂ ਤੋਂ ਮਿੱਟੀ ਝਾੜਨ’ ਵਾਲੀ ਗੱਲ ਹੀ ਹੈ| ਇਸ ਸਾਰੇ ਮਾਮਲੇ ਦੀ ਪਿੱਠ ਭੂਮੀ ਵਿੱਚੋਂ, ਸਿੱਖ ਘੱਟ ਗਿਣਤੀ ਦੇ ਵਿਰਾਸਤੀ ਪ੍ਰਤੀਕਾਂ ਨੂੰ ਮਿਟਾਉਣ ਦੀ, ਬੀ.ਜੇ.ਪੀ ਅਤੇ ਆਰ. ਐਸ. ਦੀ ਸਾਜਿਸ਼ ਨੂੰ ਗੰਭੀਰਤਾ ਨਾਲ ਸਮਝਣ ਦੀ ਜ਼ਰੂਰਤ ਹੈ| ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ ਬੀਰ ਦਵਿੰਦਰ ਸਿੰਘ ਸਾਬਕਾ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਇੱਥੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕੀਤਾ|
ਉਹਨਾਂ ਕਿਹਾ ਕਿ ਦਿਆਲ ਸਿੰਘ ਈਵਨਿੰਗ ਕਾਲਜ, ਦਿੱਲੀ ਦੀ ਗਵਰਨਿੰਗ ਬਾਡੀ ਦੇ ਪ੍ਰਧਾਨ ਸ੍ਰੀ ਅਮਿਤਾਬ ਸਿਨਹਾ, ਭਾਰਤੀ ਜਨਤਾ ਪਾਰਟੀ ਦੇ ਕੌਮੀ ਨੇਤਾ ਹਨ ਅਤੇ ਉਨ੍ਹਾਂ ਨੇ ਇਸ ਵਿਰਾਸਤੀ ਕਾਲਜ ਦਾ ਨਾਮ ਬਦਲਣ ਤੋਂ ਪਹਿਲਾਂ, ਮਨੁੱਖੀ ਵਸੀਲਿਆਂ ਦੇ ਵਿਕਾਸ ਬਾਰੇ ਕੇਂਦਰੀ ਮੰਤਰੀ, ਸ੍ਰੀ ਪ੍ਰਕਾਸ਼ ਜਾਵੇਡਕਰ ਨੂੰ ਇਸ  ਸਾਜਿਸ਼ ਵਿੱਚ ਸ਼ਾਮਿਲ ਕਰਕੇ ਉਨ੍ਹਾਂ ਤੋਂ ਇਸ ਕੰਮ ਨੂੰ ਨੇਪਰੇ ਚਾੜ੍ਹਨ ਦੀ ਅਗਾਊਂ ਮਨਜ਼ੂਰੀ ਲੈ ਲਈ ਹੈ| ਇਸ ਲਈ ਇਹ ਮਾਮਲਾ ਹੁਣ  ਗੰਭੀਰ ਸ਼ਕਲ ਅਖਤਿਆਰ ਕਰ ਗਿਆ ਹੈ ਤੇ ਮਹਿਜ਼ ਦੋ ਚਿੱਠੀਆਂ ਲਿਖਣ ਨਾਲ ਹੱਲ ਹੋਣ ਵਾਲਾ ਨਹੀਂ|
ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਨੇ ਇਸ ਮਾਮਲੇ ਤੇ ਜਾਗਣ ਵਿੱਚ ਪਹਿਲਾਂ ਹੀ ਬਹੁਤ ਦੇਰ ਕਰ ਦਿੱਤੀ ਹੈ ਅਤੇ ਜੇ ਸਾਰੀ ਕੌਮ ਦੇ ਜਾਗਣ ਤੋਂ ਪਿੱਛੋਂ ਹੁਣ ਜਾਗੇ ਵੀ ਹਨ ਤਦ ਵੀ ਇਸ ਮਾਮਲੇ ਤੇ ਮਹਿਜ਼ ‘ਗੋਂਗਲੂਆਂ ਤੋਂ ਮਿੱਟੀ ਝਾੜਨ’ ਵਾਲਾ ਕੰਮ ਹੀ ਕੀਤਾ ਹੈ|  ਉਹਨਾਂ ਸਵਾਲ ਕੀਤਾ ਕਿ ਵਿਰੋਧੀ ਧਿਰ ਦੇ ਨੇਤਾ ਸ੍ਰ. ਸੁਖਪਾਲ ਸਿੰਘ ਖਹਿਰਾ ਦੇ ਅਸਤੀਫ਼ੇ ਦੇ ਮਾਮਲੇ ਨੂੰ ਲੈ ਕੇ ਏਨਾ ਭਾਰੀ ਵਾਵੇਲਾ ਖੜ੍ਹਾ ਕਰਨ ਵਾਲੇ ਅਕਾਲੀ, ਸਿੱਖਾਂ ਦੀ ਇਸ ਕੌਮੀ ਵਿਰਾਸਤ (ਦਿਆਲ ਸਿੰਘ ਈਵਨਿੰਗ ਕਾਲਜ, ਦਿੱਲੀ) ਨਾਲ, ਉਨ੍ਹਾਂ ਦੀ ਭਾਈਵਾਲ ਪਾਰਟੀ ਬੀ.ਜੇ.ਪੀ ਵੱਲੋਂ ਗੰਭੀਰ ਛੇੜ-ਛਾੜ ਕੀਤੇ ਜਾਣ ਦੇ ਮਾਮਲੇ ਵਿੱਚ ਇਹ ਬਹੁਤ ਹੀ ਦੇਰੀ ਨਾਲ ਲਿਖੀਆਂ, ਮਹਿਜ਼ ਦੋ ਰਸਮੀ ਚਿੱਠੀਆਂ ਤੱਕ ਹੀ ਕਿਉਂ ਸਿਮਟ ਕੇ ਰਹਿ ਗਏ ਹਨ? ਕੀ ਇਹ ਆਪਣੇ ਸਾਰੇ ਐਮ.ਐਲ.ਏ ਅਤੇ ਐਮ.ਪੀ ਸਾਹਿਬਾਨ ਦਾ ਇੱਕ ਉਚ ਪੱਧਰੀ ਵਫ਼ਦ ਲੈ ਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਕੇਂਦਰੀ ਮੰਤਰੀ, ਸ੍ਰੀ ਪ੍ਰਕਾਸ਼  ਜਾਵੇਡਕਰ ਨੂੰ ਨਹੀਂ ਮਿਲ ਸਕਦੇ  ਜਾਂ ਇਨ੍ਹਾਂ ਦੀ ਇੱਛਾ ਸ਼ਕਤੀ ਤੇ ਸੰਕਲਪ ਹੁਣ ਮਹਿਜ਼ ਚਿੱਠੀਆਂ ਤੱਕ ਹੀ ਸੀਮਤ ਹੋ ਗਏ ਹਨ |
ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਪੰਜਾਬ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਆਪਣੀ ਬਣਦੀ ਯੋਗ ਭੂਮਿਕਾ ਨਿਭਾਉਣੀ ਚਾਹੀਦੀ ਹੈ, ਸੋਸ਼ਲ ਮੀਡੀਆ ਤੇ ਕੇਵਲ ਇੱਕ ਟਵੀਟ ਕਰਨ ਨਾਲ ਇਹ ਮਾਮਲਾ ਹੱਲ ਹੋਣ ਵਾਲਾ ਨਹੀਂ, ਇਸ ਤੇ ਸਾਰੀਆਂ ਹੀ ਧਿਰਾਂ ਨੂੰ ਇੱਕ ਸਾਂਝੀ ਯੋਜਨਾ ਉਲੀਕ ਕੇ, ਅਸਰਦਾਰ ਢੰਗ ਨਾਲ ਦੋ-ਟੁੱਕ ਗੱਲ ਕਰਨੀ ਚਾਹੀਦੀ ਹੈ|

Leave a Reply

Your email address will not be published. Required fields are marked *