ਦਿਨੋਂ ਦਿਨ ਜੋਰ ਫੜ ਰਹੀ ਹੈ ਫੇਜ਼ 8 ਦੇ ਬੱਸ ਸਟੈਂਡ ਨੂੰ ਮੁੜ ਚਾਲੂ ਕਰਨ ਦੀ ਮੰਗ

ਐਸ ਏ ਐਸ ਨਗਰ, 26 ਅਪ੍ਰੈਲ (ਭਗਵੰਤ ਸਿੰਘ ਬੇਦੀ ) ਸਥਾਨਕ ਫੇਜ਼ 8 ਵਿੱਚ ਸਥਿਤ ਪੁਰਾਣੇ ਬੱਸ ਸਟੈਂਡ ਨੂੰ ਮੁੜ ਚਾਲੂ ਕਰਨ ਦਾ ਮੁੱਦਾ ਦਿਨੋਂ ਦਿਨ ਭਖਦਾ ਜਾ ਰਿਹਾ ਹੈ, ਜਿਥੇ ਰੋਜਾਨਾ ਸਫਰ ਕਰਨ ਵਾਲੇ ਅਤੇ ਪ੍ਰਾਈੇਵੇਟ ਬੱਸਾਂ ਵਾਲੇ ਇਸ ਅੱਡੇ ਨੂੰ ਹੀ ਮੁੜ ਚਾਲੂ ਕਰਨ ਦੀ ਮੰਗ ਕਰ ਰਹੇ ਹਨ ਉਥੇ ਹੀ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਵੀ ਪੰਜਾਬ ਪੰਜਾਬ ਦੇ ਕੈਬਨਿਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਨੂੰ ਅਪੀਲ ਕਰਦਿਆਂ ਫੇਜ਼ 8 ਦੇ ਇਸ ਬੱਸ ਅੱਡੇ ਨੂੰ ਮੁੜ ਚਾਲੂ ਕਰਨ ਦੀ ਮੰਗ ਕੀਤੀ ਹੈ|
ਇਸ ਪੱਤਰਕਾਰ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਪ੍ਰਸਿੱਧ ਸਮਾਜ ਸੇਵਕ ਅਤੇ ਪੰਜਾਬ ਨੈਸਨਲ ਬੈਂਕ ਦੇ ਸੀਨੀਅਰ ਮੈਨੇਜਰ (ਰਿਟਾ.) ਸ੍ਰ. ਸੱਜਣ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਵਲੋਂ ਫੇਜ਼ 8 ਦਾ ਬੱਸ ਅੱਡਾ ਬੰਦ ਕਰਨ ਦਾ ਫੈਸਲਾ ਲੋਕ ਵਿਰੋਧੀ ਹੈ| ਉਹਨਾਂ ਕਿਹਾ ਕਿ ਇਸ ਇਲਾਕੇ ਵਿੱਚ ਹੀ ਪੰਜਾਬ ਸਕੂਲ ਸਿੱਖਿਆ ਬੋਰਡ, ਗਮਾਡਾ, ਜੰਗਲਾਤ ਵਿਭਾਗ, ਨਾਈਪਰ, ਆਈਸ਼ਰ ਅਤੇ ਹੋਰ ਵੱਡੇ ਅਦਾਰੇ ਹਨ, ਜਿਹਨਾਂ ਵਿੱਚ ਰੋਜਾਨਾ ਹਜਾਰਾਂ ਲੋਕ ਆਪਣੇ ਕੰਮ ਧੰਦੇ ਆਉਂਦੇ ਹਨ| ਇਸ ਤੋਂ ਇਲਾਵਾ ਇਹਨਾਂ ਦਫਤਰਾਂ ਦੇ ਅੰਦਰ ਕੰਮ ਕਰਦੇ ਸੈਂਕੜੇ ਮੁਲਾਜਮ ਵੀ ਸ਼ਹਿਰਾਂ ਤੋਂ ਇਸ ਇਲਾਕੇ ਵਿੱਚ ਸਥਿਤ ਆਪਣੇ ਦਫਤਰਾਂ ਵਿੱਚ ਆਉਂਦੇ ਹਨ| ਉਹਨਾਂ ਕਿਹਾ ਕਿ ਇਸ ਬੱਸ ਅੱਡੇ ਨੂੰ ਬੰਦ ਕਰਨ ਨਾਲ ਇਹਨਾਂ ਮੁਲਾਜਮਾਂ ਦੇ ਨਾਲ ਨਾਲ ਇਹਨਾਂ ਦਫਤਰਾਂ ਵਿੱਚ ਕੰਮ ਧੰਦੇ ਆਉਣ ਵਾਲੇ ਲੋਕਾਂ ਨੂੰ ਵੀ ਬਹੁਤ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ| ਉਹਨਾਂ ਕਿਹਾ ਕਿ ਇਹ ਬੱਸ ਅੱਡਾ ਮੁੜ ਚਾਲੂ ਕੀਤਾ ਜਾਣਾ ਚਾਹੀਦਾ ਹੈ ਅਤੇ ਇਸਦੇ ਨਾਲ ਹੀ ਫੇਜ਼ 6 ਵਿਚਲਾ ਬੱਸ ਅੱਡਾ ਵੀ ਚਾਲੂ ਰੱਖਿਆ ਜਾ ਸਕਦਾ ਹੈ|
ਇਸੇ ਦੌਰਾਨ ਪੰਜਾਬ ਅਤੇ ਯੂ ਟੀ ਮੁਲਾਜਮ ਜੁਆਂਇੰਟ ਐਕਸ਼ਨ ਕਮੇਟੀ ਦੇ ਜਨਰਲ ਸਕੱਤਰ ਸ੍ਰ. ਗੁਰਮੇਲ ਸਿੰਘ ਸਿੱਧੂ ਨੇ ਕਿਹਾ ਕਿ ਉਹਨਾਂ ਦਾ ਦਫਤਰ ਪੁਰਾਣੇ ਬੱਸ ਅੱਡੇ ਤੋਂ ਸਿਰਫ ਇੱਕ ਕਿਲੋਮੀਟਰ ਦੂਰ ਹੈ, ਇਸੇ ਤਰ੍ਹਾਂ ਹੋਰ ਸਰਕਾਰੀ ਦਫਤਰ ਇਸ ਇਲਾਕੇ ਵਿੱਚ ਹੀ ਹਨ| ਇਸ ਇਲਾਕੇ ਵਿੱਚ ਹੀ ਬਹੁਤ ਨਾਮੀ ਹਸਪਤਾਲ, ਡੀ ਐਸ ਪੀ ਦਫਤਰ, ਪੰਚਾਇਤ ਵਿਭਾਗ, ਗਮਾਡਾ, ਮੈਡੀਕਲ ਵਿਦਿਆ ਭਵਨ, ਨਰਸਿੰਗ ਕੌਂਸਲ, ਐਕਸਾਇਜ, ਅਧੀਨ ਸੇਵਾਵਾਂ ਚੋਣ ਬੋਰਡ, ਮੰਡੀਕਰਨ ਬੋਰਡ, ਡੀ ਪੀ ਆਈ ਦਫਤਰ, ਸਟੇਟ ਵਿਜੀਲੈਂਸ ਦਫਤਰ, ਸ਼ਿਕਾਇਤ ਨਿਵਾਰਨ ਕਮਿਸ਼ਨ, ਕਮਿਸ਼ਨਰ ਨਗਰ ਨਿਗਮ ਮੁਹਾਲੀ, ਲਾਅ ਕਾਲਜ ਮੁਹਾਲੀ, ਖੇਡ ਸਟੇਡੀਅਮ, ਪਸ਼ੂ ਪਾਲਣ ਵਿਭਾਗ ਵੀ ਹਨ|
ਉਹਨਾਂ ਕਿਹਾ ਕਿ ਅਸਲ ਵਿੱਚ ਫੇਜ਼ 6 ਦਾ ਨਵਾਂ ਬੱਸ ਅੱਡਾ ਬਣਿਆ ਹੀ ਸ਼ਹਿਰ ਤੋਂ ਬਾਹਰ ਹੈ, ਜਿਸ ਕਰਕੇ ਉਸ ਇਲਾਕੇ ਵਿੱਂਚ ਕੋਈ ਵੀ ਵਿਅਕਤੀ ਜਾ ਕੇ ਰਾਜੀ ਨਹੀਂ| ਲੋਕਾਂ ਨੂੰ ਫੇਜ਼ 6 ਦੇ ਨਵੇ ਂਬੱਸ ਅੱਡੇ ਜਾਣ ਦੀ ਥਾਂ ਚੰਡੀਗੜ੍ਹ ਦੇ ਸੈਕਟਰ 43 ਵਾਲੇ ਬੱਸ ਅੱਡੇ ਜਾਣਾ ਵਧੇਰੇ ਸਹੂਲੀਅਤ ਭਰਿਆ ਲੱਗਦਾ ਹੈ|
ਉਹਨਾਂ ਕਿਹਾ ਕਿ ਫੇਜ਼ 6 ਦੇ ਨਵੇਂ ਬੱਸ ਅੱਡੇ ਨੂੰ ਵੀ ਚਾਲੂ ਰੱਖਿਆ ਜਾ ਸਕਦਾ ਹੈ ਪਰ ਸਥਾਨਕ ਫੇਜ਼ 8 ਵਿੱਚ ਸਥਿਤ ਪੁਰਾਣੇ ਬੱਸ ਅੱਡੇ ਨੂੰ ਵੀ ਚਾਲੂ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਇਹਨਾਂ ਇਲਾਕਿਆਂ ਵਿੱਚ ਸਥਿਤ ਸਰਕਾਰੀ ਦਫਤਰਾਂ ਦੇ ਵਿੱਚ ਕੰਮ ਕਰਕੇ ਮੁਲਾਜਮਾਂ, ਕੰਮ ਧੰਦੇ ਆਉਂਦੇ ਲੋਕਾਂ ਅਤੇ ਇਲਾਕਾ ਨਿਵਾਸੀਆ ਨੂੰ ਕੋਈ ਪ੍ਰੇਸ਼ਾਨੀ ਨਾ ਆ ਸਕੇ|
ਇਸ ਮੌਕੇ ਸਥਾਨਕ ਫੇਜ਼ 8 ਵਿੱਚ ਸਥਿਤ ਬੱਸ ਅੱਡੇ ਦੇ ਬਾਹਰ ਹੀ ਖੜੀਆਂ ਬੱਸਾਂ ਕੋਲ ਖੜੇ ਸਫਰ ਕਰਨ ਵਾਲੇ ਅਨੇਕਾਂ ਲੋਕਾਂ ਨੇ ਕਿਹਾ ਕਿ ਉਹਨਾਂ ਨੂੰ ਫੇਜ਼ 6 ਦਾ ਬੱਸ ਅੱਡਾ ਬਹੁਤ ਦੂਰ ਪੈਂਦਾ ਹੈ ਅਤੇ ਉਹ ਇਲਾਕਾ ਸੁੰਨਸਾਨ ਜਿਹਾ ਹੋਣ ਕਾਰਨ ਉਸ ਪਾਸੇ ਜਾਣ ਤੋਂ ਆਮ ਸ਼ਰੀਫ ਲੋਕ ਝਿਜਕਦੇ ਹਨ| ਔਰਤਾਂ ਨੂੰ ਵੀ ਉਸ ਇਲਾਕੇ ਵਿੱਚ ਹਨੇਰਾ ਹੋਣ ਉਪਰੰਤ ਆਪਣੀ ਸੁਰਖਿਆ ਦਾ ਖਤਰਾ ਪੈਦਾ ਹੋ ਸਕਦਾ ਹੈ| ਉਹਨਾਂ ਕਿਹਾ ਕਿ ਭਾਵੇਂ ਫੇਜ਼ 6 ਦੇ ਨਵੇਂ ਬੱਸ ਅੱਡੇ ਵਿੱਚ ਸਿਕਿਓਰਟੀ ਦਾ ਪ੍ਰਬੰਧ ਹੁੰਦਾ ਹੈ ਪਰ ਉਸ ਅੱਡੇ ਨੂੰ ਆਉਂਦੇ ਜਾਂਦੇ ਰਾਹ ਤਾਂ ਸੁੰਨ ਮੁਸੰਨੇ ਹੁੰਦੇ ਹਨ, ਜਿਸ ਕਰਕੇ ਇਕੱਲੀਆਂ ਔਰਤਾਂ ਨੂੰ ਉਸ ਪਾਸੇ ਜਾਣ ਤੋਂ ਡਰ ਲੱਗਦਾ ਹੈ, ਜਦੋਂ ਕਿ ਫੇਜ਼ 8 ਵਿਚਲਾ ਪੁਰਾਣਾ ਬੱਸ ਅੱਡਾ ਸ਼ਹਿਰ ਦੇ ਬਿਲਕੁਲ ਵਿਚਾਲੇ ਸਥਿਤ ਹੈ, ਜਿਸ ਕਰਕੇ ਇਥੇ ਆਉਣਾ ਹਰ ਵਿਅਕਤੀ ਖਾਸ ਕਰਕੇ ਔਰਤਾਂ ਲਈ ਸੁਵਿਧਾਪੂਰਨ ਹੁੰਦਾ ਹੈ|
ਉਹਨਾਂ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਮੁਹਾਲੀ ਹਲਕੇ ਤੋਂ ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ ਤੋਂ ਮੰਗ ਕੀਤੀ ਕਿ ਫੇਜ਼ 8 ਵਿਚਲੇ ਇਸ ਪੁਰਾਣੇ ਬੱਸ ਅੱਡੇ ਨੂੰ ਮੁੜ ਚਾਲੂ ਕੀਤਾ ਜਾਵੇ ਅਤੇ ਇਸ ਪੁਰਾਣੇ ਬੱਸ ਅੱਡੇ ਵਿੱਚ ਬੁਨਿਆਦੀ ਸਹੂਲਤਾਂ ਮੁਹਈਆ ਕਰਵਾਈਆਂ ਜਾਣ|
ਇਸ ਮੌਕੇ ਪੁਰਾਣੇ ਬੱਸ ਅੱਡੇ ਦੇ ਬਾਹਰ ਖੜੇ ਪ੍ਰਾਈਵੇਟ ਬੱਸਾਂ ਦੇ ਚਾਲਕਾਂ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਨੂੰ ਸਵਾਰੀਆਂ ਹੀ ਇਸ ਪੁਰਾਣੇ ਬੱਸ ਅੱਡੇ ਵਿੱਚ ਆਉਣ ਲਈ ਮਜਬੂਰ ਕਰਦੀਆਂ ਹਨ| ਉਹਨਾਂ ਕਿਹਾ ਕਿ ਜਦੋਂ ਉਹ ਦੂਸਰੇ ਸ਼ਹਿਰਾਂ ਵਿਚੋਂ ਮੁਹਾਲੀ ਲਈ ਬੱਸ ਭਰਕੇ ਚਲਦੇ ਹਨ ਤਾਂ ਮੁਹਾਲੀ ਆਉਣ ਵਾਲੇ ਲੋਕ ਪਹਿਲਾਂ ਹੀ ਇਹ ਪੁੱਛਦੇ ਹਨ ਕਿ ਜੇ ਫੇਜ਼ 8 ਦੇ ਪੁਰਾਣੇ ਬੱਸ ਅੱਡੇ ਛੱਡ ਕੇ ਆਉਗੇ ਤਾਂ ਹੀ ਉਹ ਬੈਠਣਗੇ| ਉਹਨਾਂ ਕਿਹਾ ਕਿ ਇਸ ਤਰ੍ਹਾਂ ਸਵਾਰੀਆਂ ਦੀ ਜਿੱਦ ਕਾਰਨ ਉਹਨਾਂ ਨੂੰ ਫੇਜ਼8 ਦੇ ਇਸ ਪੁਰਾਣੇ ਬੱਸ ਅੱਡੇ ਵਿੱਚ ਹੀ ਆਉਣਾ ਮਜਬੂਰੀ ਬਣ ਗਿਆ ਹੈ| ਉਹਨਾਂ ਕਿਹਾ ਕਿ ਫੇਜ਼ 6 ਦੇ ਨਵੇਂ ਬੱਸ ਅੱਡੇ ਤੋਂ ਉਹਨਾਂ ਨੂੰ ਕੋਈ ਸਵਾਰੀ ਹੀ ਨਹੀਂ ਮਿਲਦੀ, ਤੇ ਬੱਸਾਂ ਖਾਲੀ ਹੀ ਘੁੰਮਾਉਣੀਆਂ ਪੈ ਜਾਂਦੀਆਂ ਹਨ, ਜਿਸ ਕਰਕੇ ਉਹ ਸਵਾਰੀਆਂ ਲੈਣ ਲਈ ਇਸ ਪੁਰਾਣੇ ਬੱਸ ਅੱਡੇ ਵਿੱਚ ਹੀ ਆਉਣ ਨੂੰ ਮਜਬੂਰ ਹਨ

Leave a Reply

Your email address will not be published. Required fields are marked *