ਦਿਨੋਂ ਦਿਨ ਵੱਧਦੀ ਤੇਲ ਦੀ ਕੀਮਤ ਕਾਰਨ ਵਧੀ ਮਹਿੰਗਾਈ

ਦੇਸ਼ ਵਿੱਚ ਜਿਸ ਤਰੀਕੇ ਨਾਲ ਆਏ ਦਿਨ ਪੈਟਰੋਲ ਅਤੇ ਡੀਜਲ ਦੀ ਕੀਮਤ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਉਸਨੇ ਆਮ ਜਨਤਾ ਵਿੱਚ ਹਾਹਾਕਾਰ ਮਚਾ ਦਿੱਤੀ ਹੈ| ਇਸ ਤਰ੍ਹਾਂ ਲਗਦਾ ਹੈ ਕਿ ਜੇ ਤੇਲ ਕੀਮਤਾਂ ਵਿੱਚ ਇਸ ਤਰ੍ਹਾਂ ਹੀ ਵਾਧਾ ਹੁੰਦਾ ਰਿਹਾ ਤਾਂ ਜਲਦੀ ਹੀ ਪੈਟਰੋਲ ਦੀ ਕੀਮਤ 100 ਰੁ. ਪ੍ਰਤੀ ਲੀਟਰ ਤਕ ਪਹੁੰਚ ਜਾਵੇਗੀ| ਇਸ ਵੇਲੇ ਪੈਟਰੋਲ ਦੀ ਕੀਮਤ 85 ਰੁਪਏ ਪ੍ਰਤੀ ਲੀਟਰ ਦੇ ਆਸ ਪਾਸ ਪਹੁੰਚ ਚੁੱਕੀ ਹੈ ਅਤੇ ਛੇਤੀ ਹੀ ਸੈਂਕੜਾ ਮਾਰਨ ਦੀ ਤਿਆਰੀ ਵਿੱਚ ਨਜਰ ਆ ਰਹੀ ਹੈ|
ਪੈਟਰੋਲ ਅਤੇ ਡੀਜਲ ਦੀ ਕੀਮਤ ਵਿੱਚ ਹੋਣ ਵਾਲੇ ਇਸ ਲਗਾਤਾਰ ਵਾਧੇ ਕਾਰਨ ਮਹਿੰਗਾਈ ਵਿੱਚ ਵੀ ਭਾਰੀ ਵਾਧਾ ਹੋ ਰਿਹਾ ਹੈ ਅਤੇ ਪੈਟਰੋਲ ਅਤੇ ਡੀਜਲ ਦੀ ਕੀਮਤ ਵਿੱਚ ਹੋ ਰਹੇ ਲਗਾਤਾਰ ਵਾਧੇ ਕਾਰਨ ਮਹਿੰਗਾਈ ਵੀ ਛੜੱਪੇ ਮਾਰ ਕੇ ਵੱਧ ਗਈ ਹੈ ਜਿਸ ਕਾਰਨ ਲੋਕਾਂ ਦਾ ਜਿਉਣਾ ਤਕ ਦੂਭਰ ਹੋ ਗਿਆ ਹੈ| ਤੇਲ ਕੀਮਤਾਂ ਵਿੱਚ ਵਾਧੇ ਕਾਰਨ ਜਿੱਥੇ ਬੱਸਾਂ ਦੇ ਕਿਰਾਏ ਵਧ ਗਏ ਹਨ, ਉੱਥੇ ਟਰੱਕਾਂ ਅਤੇ ਹੋਰ ਵਪਾਰਕ ਵਾਹਨਾਂ ਦੇ ਕਿਰਾਏ ਵਿੱਚ ਵਾਧਾ ਹੋਣ ਕਾਰਨ ਸਾਮਾਨ ਦੀ ਢੋਆ ਢੁਆਈ ਦਾ ਖਰਚਾ ਵੀ ਵੱਧ ਗਿਆ ਹੈ| ਇਸ ਕਾਰਨ ਜਿੱਥੇ ਰੋਜਾਨਾ ਸਫਰ ਕਰਨ ਵਾਲੇ ਲੋਕਾਂ ਉਪਰ ਜਿਆਦਾ ਆਰਥਿਕ ਬੋਝ ਪੈ ਰਿਹਾ ਹੈ ਉੱਥੇ ਸਾਮਾਨ ਦੀ ਢੋਆ ਢੁਆਈ ਉੱਪਰ ਹੋਣ ਵਾਲੇ ਖਰਚੇ ਵਿੱਚ ਵਾਧੇ ਨਾਲ ਹਰੇਕ ਸਾਮਾਨ ਦੀ ਕੀਮਤ ਵਿੱਚ ਵੀ ਵਾਧਾ ਹੋ ਗਿਆ ਹੈ|
ਆਮ ਆਦਮੀ ਦੀ ਮੁਸ਼ਕਿਲ ਇਹ ਹੈ ਕਿ ਉਸਨੇ ਆਪਣੀ ਲੋੜ ਦਾ ਹਰ ਛੋਟਾ ਵੱਡਾ ਸਾਮਾਨ ਬਾਜਾਰ ਤੋਂ ਹੀ ਖਰੀਦਣਾ ਹੁੰਦਾ ਹੈ ਅਤੇ ਇਹ ਸਾਰਾ ਸਮਾਨ ਲਗਾਤਾਰ ਮਹਿੰਗਾ ਅਤੇ ਹੋਰ ਮਹਿੰਗਾ ਹੁੰਦਾ ਜਾ ਰਿਹਾ ਹੈ| ਸਰਕਾਰ ਦੇ ਦਾਅਵੇ ਭਾਵੇਂ ਕੁੱਝ ਵੀ ਹੋਣ ਪਰੰਤੂ ਅਸਲੀਅਤ ਇਹੀ ਹੈ ਕਿ ਪਿਛਲੇ ਇੱਕ ਮਹੀਨੇ ਦੌਰਾਨ ਪੈਟਰੋਲ ਅਤੇ ਡੀਜਲ ਦੀ ਕੀਮਤ ਵਿੱਚ ਹੋਏ ਲਗਭਗ 10 ਫੀਸਦੀ ਵਾਧੇ ਨੇ ਆਮ ਲੋਕਾਂ ਦੀ ਜਿਵੇਂ ਕਮਰ ਹੀ ਤੋੜ ਕੇ ਰੱਖ ਦਿੱਤੀ ਹੈ| ਇਸ ਕਾਰਨ ਆਵਾਜਾਈ ਦੇ ਖਰਚੇ ਤਾਂ ਵਧੇ ਹੀ ਹਨ ਲੋਕਾਂ ਦੀ ਆਮ ਵਰਤੋਂ ਦਾ ਸਾਮਾਨ ਵੀ ਕਾਫੀ ਮਹਿੰਗਾ ਹੋ ਗਿਆ ਹੈ| ਦੂਜੇ ਪਾਸੇ ਲਗਾਤਾਰ ਵੱਧਦੀ ਮਹਿੰਗਾਈ ਦੇ ਅਨੁਪਾਤ ਵਿੱਚ ਆਮ ਲੋਕਾਂ ਦੀ ਕਮਾਈ ਵਿੱਚ ਵਾਧਾ ਨਾ ਹੋਣ ਕਾਰਨ ਆਮ ਲੋਕਾਂ ਲਈ ਆਪਣੇ ਜਰੂਰੀ ਖਰਚੇ ਪੂਰੇ ਕਰਨੇ ਵੀ ਔਖੇ ਹੋ ਗਏ ਹਨ ਅਤੇ ਲੋਕਾਂ ਨੂੰ ਆਪਣੇ ਘਰ ਖਰਚ ਲਈ ਵੀ ਕਰਜਾ ਲੈਣ ਲਈ ਮਜਬੂਰ ਹੋਣਾ ਪੈ ਰਿਹਾ ਹੈ|
ਹਾਲਾਤ ਇਹ ਹਨ ਕਿ ਸਰਕਾਰ ਦੇ ਲੱਖ ਦਾਅਵਿਆਂ ਦੇ ਬਾਵਜੂਦ ਬਾਜਾਰ ਵਿੱਚ ਵਿਕਦੇ ਹਰ ਤਰ੍ਹਾਂ ਦੇ ਸਾਮਾਨ ਦੁੱਧ, ਸਬਜੀ, ਦਾਲਾਂ, ਰਾਸ਼ਨ, ਕਪੜੇ, ਦਵਾਈਆਂ, ਮਕਾਨ ਉਸਾਰੀ ਦਾ ਸਾਮਨ ਗੱਲ ਕੀ ਹਰ ਵਸਤੂ ਦੀ ਕੀਮਤ ਲਗਾਤਾਰ ਵੱਧਦੀ ਜਾ ਰਹੀ ਹੈ ਅਤੇ ਪੈਟਰੋਲ ਅਤੇ ਡੀਜਲ ਦੀ ਕੀਮਤ ਵਿੱਚ ਹੋਣ ਵਾਲੇ ਵਾਧੇ ਨੇ ਇਸ ਵਿੱਚ ਹੋਰ ਵੀ ਵਾਧਾ ਕਰ ਦਿੱਤਾ ਹੈ| ਤੇਲ ਕੀਮਤਾਂ ਵਿੱਚ ਵਾਧੇ ਕਾਰਨ ਹੀ ਹਰ ਸਮਾਨ ਮਹਿੰਗਾ ਅਤੇ ਹੋਰ ਮਹਿੰਗਾ ਹੁੰਦਾ ਜਾ ਰਿਹਾ ਹੈ| ਲਗਾਤਾਰ ਵੱਧਦੀ ਮਹਿੰਗਾਈ ਨੇ ਆਮ ਆਦਮੀ ਦੀ ਰਸੋਈ ਦਾ ਪੂਰਾ ਬਜਟ ਹੀ ਹਿਲਾ ਕੇ ਰੱਖ ਦਿੱਤਾ ਹੈ ਅਤੇ ਜੇਕਰ ਇਹੀ ਹਾਲ ਰਿਹਾ ਤਾਂ ਛੇਤੀ ਹੀ ਆਮ ਲੋਕਾਂ ਲਈ ਫਾਕੇ ਕੱਟਣ ਦੀ ਨੌਬਤ ਆ ਜਾਣੀ ਹੈ|
ਕੇਂਦਰ ਦੀ ਸੱਤਾ ਤੇ ਕਾਬਿਜ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨ ਡੀ ਏ ਸਰਕਾਰ ਸਰਕਾਰ ਤੇਲ ਕੀਮਤਾਂ ਉਪਰ ਕਾਬੂ ਪਾਉਣ ਅਤੇ ਮਹਿੰਗਾਈ ਵਿੱਚ ਹੋ ਰਹੇ ਵਾਧੇ ਨੂੰ ਰੋਕਣ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਈ ਹੈ| ਜਦੋਂ ਭਾਰਤ ਵਿੱਚ ਸ੍ਰ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਸੀ ਉਸ ਵੇਲੇ ਭਾਜਪਾ ਨੇ ਲਗਾਤਾਰ ਵੱਧਦੀਆਂ ਤੇਲ ਕੀਮਤਾਂ ਅਤੇ ਮਹਿੰਗਾਈ ਵਿਰੁੱਧ ਪੂਰੇ ਦੇਸ਼ ਵਿੱਚ ਅੰਦੋਲਨ ਚਲਾਇਆ ਸੀ| ਹੁਣ ਤਾਂ ਭਾਜਪਾ ਦੀ ਖੁਦ ਦੀ ਸਰਕਾਰ ਹੈ ਪਰ ਹੁਣ ਭਾਜਪਾ ਆਗੂਆਂ ਨੇ ਮਹਿੰਗਾਈ ਅਤੇ ਤੇਲ ਕੀਮਤਾਂ ਵਿੱਚ ਹੁੰਦੇ ਵਾਧੇ ਦੇ ਮੁੱਦੇ ਉਪਰ ਅੱਖਾਂ ਬੰਦ ਕਰ ਲਈਆਂ ਹਨ ਅਤੇ ਮੂੰਹ ਬੰਦ ਕਰਕੇ ਬੈਠ ਗਏ ਹਨ| ਸਰਕਾਰ ਚਲਾ ਰਹੀ ਭਾਜਪਾ ਦੇ ਆਗੂਆਂ ਨੂੰ ਨਾ ਤਾਂ ਲਗਾਤਾਰ ਵੱਧ ਰਹੀ ਮਹਿੰਗਾਈ ਅਤੇ ਤੇਲ ਕੀਮਤਾਂ ਵਿੱਚ ਹੁੰਦਾ ਵਾਧਾ ਦਿਖਦਾ ਹੈ ਅਤੇ ਨਾ ਇਹ ਇਸ ਸੰਬੰਧੀ ਕੁੱਝ ਬੋਲ ਰਹੇ ਹਨ|
ਸਰਕਾਰ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਪੈਟਰੋਲ ਅਤੇ ਡੀਜਲ ਦੀ ਲਗਾਤਾਰ ਵੱਧਦੀ ਕੀਮਤ ਤੇ ਕਾਬੂ ਕਰਨ ਲਈ ਪੈਟਰੋਲ ਅਤੇ ਡੀਜਲ ਤੇ ਲਗਾਏ ਜਾਂਦੇ ਬੇਸ਼ੁਮਾਰ ਟੈਕਸਾਂ ਵਿੱਚ ਕਟੌਤੀ ਕਰੇ ਤਾਂ ਜੋ ਇਹਨਾਂ ਦੀ ਕੀਮਤ ਘੱਟ ਹੋਵੇ ਅਤੇ ਆਮ ਲੋਕਾਂ ਨੂੰ ਮਹਿੰਗਾਈ ਵਿੱਚ ਹੋ ਰਹੇ ਲਗਾਤਾਰ ਵਾਧੇ ਤੋਂ ਕੁੱਝ ਰਾਹਤ ਮਿਲੇ| ਸੱਤਾਧਾਰੀ ਆਗੂਆਂ ਨੂੰ ਇਹ ਗੱਲ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਵਾਸਤੇ ਵੋਟਾਂ ਮੰਗਣ ਲਈ ਉਹਨਾਂ ਨੇ ਮੁੜ ਲੋਕਾਂ ਦੇ ਦਰਵਾਜੇ ਤੇ ਜਾਣਾ ਹੈ ਅਤੇ ਮਹਿੰਗਾਈ ਦੀ ਮਾਰ ਹੇਠ ਪਿਸ ਰਹੀ ਜਨਤਾ ਉਹਨਾਂ ਨੂੰ ਜਵਾਬ ਦੇਣ ਲਈ ਤਿਆਰ ਬੈਠੀ ਹੈ|

Leave a Reply

Your email address will not be published. Required fields are marked *