ਦਿਨੋਂ ਦਿਨ ਵੱਧ ਰਹੀ ਮਹਿੰਗਾਈ ਤੋਂ ਲੋਕ ਪ੍ਰੇਸ਼ਾਨ

ਐਸ ਏ ਐਸ ਨਗਰ, 4 ਨਵੰਬਰ  (ਜਗਮੋਹਨ ਸਿੰਘ ਲੱਕੀ )  ਦਿਨੋਂ ਦਿਨ  ਵੱਧ ਰਹੀ ਮਹਿੰਗਾਈ ਤੋਂ ਹਰ ਵਰਗ ਹੀ ਪ੍ਰੇਸ਼ਾਨ ਹੋ ਰਿਹਾ ਹੈ ਪਰ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਵਲੋਂ ਮਹਿੰਗਾਈ ਨੂੰ ਠੱਲ ਪਾਉਣ ਲਈ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਮਹਿੰਗਾਈ  ਸਭ ਹੱਦਾਂ ਬੰਨੇ ਤੋੜ ਕੇ ਵੱਧ ਰਹੀ ਹੈ|
ਹਾਲ ਇਹ ਹੋ ਗਿਆ ਹੈ ਕਿ ਸਵੇਰੇ ਲਈ ਚੀਜ ਦੇ ਹੀ ਸ਼ਾਮ ਤੱਕ ਭਾਅ ਵੱਧ ਜਾਂਦੇ ਹਨ, ਜਿਸ ਕਰਕੇ ਕਈ ਵਾਰ ਆਮ ਲੋਕਾਂ ਅਤੇ ਦੁਕਾਨਦਾਰਾਂ ਵਿਚਾਲੇ ਬਹਿਸ ਵੀ ਹੋ ਜਾਂਦੀ ਹੈ| ਇਸ ਤੋਂ ਇਲਾਵਾ ਪੈਟਰੋਲ, ਡੀਜਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਹੋ ਰਹੇ ਲਗਾਤਾਰ ਵਾਧੇ ਕਾਰਨ ਵੀ ਲੋਕ ਬਹੁਤ ਹੀ ਪ੍ਰੇਸ਼ਾਨ ਹਨ| ਇਸ ਮਹਿੰਗਾਈ ਕਾਰਨ ਜਿਥੇ ਗਰੀਬ ਲੋਕਾਂ ਦਾ ਜੀਣਾ ਮੁਹਾਲ ਹੋਇਆ ਪਿਆ ਹੈ, ਉਥੇ ਹੀ ਮੱਧ ਵਰਗ ਵੀ ਇਸ ਦੀ ਲਪੇਟ ਵਿਚ ਪੂਰੀ ਤਰਾਂ ਆਇਆ ਹੋਇਆ ਹੈ| ਦਿਨੋਂ ਦਿਨ ਮੱਧ ਵਰਗ ਦੇ ਖਰਚੇ ਵੱਧ ਰਹੇ ਹਨ ਪਰ ਆਮਦਨੀ ਘੱਟ ਰਹੀ ਹੈ ਉਤੋਂ ਵੱਧ ਰਹੀ ਮਹਿੰਗਾਈ ਲੋਕਾਂ ਦਾ ਕੰਚੂਮਰ ਕੱਢ ਰਹੀ ਹੈ|
ਪੰਜਾਬ ਵਿਚ ਚੰਡੀਗੜ੍ਹ ਤੇ ਹਰਿਆਣਾ ਨਾਲੋਂ ਪਹਿਲਾਂ ਹੀ ਪੈਟਰੋਲ ਅਤੇ ਡੀਜਲ ਮਹਿੰਗੇ ਮਿਲਦੇ ਹਨ ਇਸ ਕਾਰਨ ਵੀ ਪੰਜਾਬ ਵਿਚ ਮਹਿੰਗਾਈ ਜਿਆਦਾ ਹੈ| ਇਸ ਤੋਂ ਇਲਾਵਾ ਪੰਜਾਬ ਵਿਚ ਹੁਣ ਸਰਕਾਰ ਨੇ ਬਿਜਲੀ ਦਰਾਂ ਵਿਚ ਵੀ ਵਾਧਾ ਕਰ ਦਿਤਾ ਹੈ, ਇਸ ਤੋਂ ਇਲਾਵਾ ਮਿਉਂਸਪਲ ਖੇਤਰ ਦੇ ਬਿਜਲੀ ਖਪਤਕਾਰਾਂ ਉਪਰ ਵੀ ਵੱਖਰਾ ਟੈਕਸ ਲਗਾ ਦਿਤਾ ਗਿਆ ਹੈ, ਜਿਸ ਕਾਰਨ ਲੋਕਾਂ ਉਪਰ ਬਿਜਲੀ ਮਹਿਕਮੇ ਨੇ ਹੀ ਬਹੁਤ ਭਾਰੀ ਬੋਝ ਪਾ ਦਿਤਾ ਹੈ|
ਚੰਡੀਗੜ੍ਹ ਵਿਚ ਪ੍ਰਸ਼ਾਸਨ ਨੇ ਪੈਟਰੋਲ ਅਤੇ ਡੀਜਲ ਤੋਂ ਕੁਝ ਫੀਸਦੀ ਵੈਟ ਘੱਟ ਕਰ ਦਿਤਾ ਹੈ, ਜਿਸ ਕਾਰਨ ਉਥੇ ਪੈਟਰੋਲ ਅਤੇ ਡੀਜਲ ਦੀ ਕੀਮਤ ਕੁੱਝ ਘੱਟ ਗਈ ਹੈ ਪਰ ਪੰਜਾਬ ਵਿਚ ਪੈਟਰੋਲ ਡੀਜਲ ਉਪਰ ਵੈਟ ਬਹੁਤ ਜਿਆਦਾ ਹੈ, ਜਿਸ ਕਾਰਨ ਪੰਜਾਬ ਵਿਚ ਪੈਟਰੋਲ ਡੀਜਲ ਚੰਡੀਗੜ੍ਹ ਤੇ ਹਰਿਆਣਾਂ ਦੇ ਮੁਕਾਬਲੇ ਕਾਫੀ ਮਹਿੰਗਾ ਹੈ ਜਿਸਦਾ ਸਿੱਧਾ ਬੋਝ ਆਮ ਲੋਕਾਂ ਦੀ ਜੇਬ ਉਪਰ ਹੀ ਪੈਂਦਾ ਹੈ|
ਅੱਜ ਕਲ ਸਰਦੀਆਂ ਦੇ ਦਿਨਾ ਕਾਰਨ ਲੋਕਾਂ ਨੂੰ ਮੋਟੇ ਤੇ ਗਰਮ ਕਪੜੇ ਪਾਉਣੇ ਪੈ ਰਹੇ ਹਨ, ਜਿਹੜੇ ਲੋਕਾਂ ਨੂੰ ਨਵੇਂ ਗਰਮ ਕਪੜੇ ਖਰੀਦਣੇ ਪੈ ਰਹੇ ਹਨ ਉਹਨਾਂ ਉਪਰ ਵੱਖਰਾ ਆਰਥਿਕ ਬੋਝ ਪੈ ਗਿਆ ਹੈ| ਗਰਮ ਕਪੜੇ ਵੀ ਬਹੁਤ ਹੀ ਮਹਿੰਗੇ ਭਾਅ ਵਿਕ ਰਹੇ ਹਨ, ਜਿਸ ਕਾਰਨ ਆਮ ਲੋਕ ਇਹਨਾਂ ਕਪੜਿਆਂ ਨੁੰ ਖਰੀਦਣ ਤੋਂ ਬੇਬਸ ਦਿਖਾਈ ਦੇ ਰਹੇ ਹਨ ਪਰ ਆਪਣੇ ਬਚਿਆਂ ਲਈ ਉਹਨਾਂ ਨੂੰ ਜਰੂਰ ਇਹ ਗਰਮ ਕਪੜੇ ਖਰੀਦਣੇ ਪੈ ਰਹੇ ਹਨ|  ਇਸ ਤੋਂ ਇਲਾਵਾ ਫਲ ਸਬਜੀਆਂ ਵੀ ਬਹੁਤ ਮਹਿੰਗੇ ਹੋ ਗਏ ਹਨ| ਟਮਾਟਰ 60 ਰੁਪਏ ਕਿਲੋ ਵਿਕ ਰਿਹਾ ਹੈ, ਪਿਆਜ ਦਾ ਭਾਅ ਵੀ ਪੰਜਾਹ ਰੁਪਏ ਪ੍ਰਤੀ ਕਿਲੋ ਤੋਂ ਉਪਰ ਹੀ ਹੈ, ਇਸੇ ਤਰਾਂ ਹੋਰ ਸਬਜੀਆਂ ਵੀ ਬਹੁਤ ਮਹਿੰਗੀਆਂ ਵਿਕ ਰਹੀਆਂ ਹਨ|
ਆਮ ਲੋਕਾਂ ਦੀ ਮੰਗ ਹੈ ਕਿ ਸਰਕਾਰ ਮਹਿੰਗਾਈ ਨੂੰ ਠੱਲ ਪਾਉਣ ਲਈ ਠੋਸ ਉਪਰਾਲੇ ਕਰੇ ਤਾਂ ਕਿ ਲੋਕਾਂ ਨੂੰ ਮਹਿੰਗਾਈ ਤੋਂ ਨਿਜਾਤ ਮਿਲੇ|

Leave a Reply

Your email address will not be published. Required fields are marked *