ਦਿਨ ਢਲਣਸਾਰ ਹੋਣ ਵਾਲੇ ਨਾਜਾਇਜ ਕਬਜਿਆਂ ਤੇ ਕਾਬੂ ਕਰਨਾ ਨਿਗਮ ਦੀ ਜਿੰਮੇਵਾਰੀ

ਜਿਵੇਂ ਜਿਵੇਂ ਸਰਦੀ ਦਾ ਮੌਸਮ ਜੋਰ ਫੜ ਰਿਹਾ ਹੈ ਦਿਨ ਵੀ ਛੋਟੇ ਹੋਣ ਲੱਗ ਪਏ ਹਨ| ਅੱਜ ਕੱਲ ਸ਼ਾਮ ਨੂੰ ਛੇ ਵੱਜਦਿਆਂ ਹੀ ਇੰਨਾ ਹਨੇਰਾ ਹੋ ਜਾਂਦਾ ਹੈ ਜਿਵੇਂ ਰਾਤ ਹੋ ਗਈ ਹੋਵੇ| ਸਰਦੀ ਦਾ ਜੋਰ ਵਧਣ ਦੇ ਨਾਲ ਨਾਲ ਸ਼ਹਿਰ ਵਿੱਚ ਦਿਨ ਢਲਣਸਾਰ ਹੋਣ ਵਾਲੇ ਨਾਜਾਇਜ ਕਬਜਿਆਂ ਦੀ ਗਿਣਤੀ ਵਿੱਚ ਵੀ ਕਾਫੀ ਵਾਧਾ ਹੋ ਗਿਆ ਹੈ| ਸ਼ਹਿਰ ਵਿੱਚ ਲਗਭਗ ਸਾਰੀਆਂ ਹੀ ਮੁੱਖ ਸੜਕਾਂ ਦੇ ਕਿਨਾਰੇ ਕਿਸੇ ਨਾ ਕਿਸੇ ਮੋੜ ਨੇੜੇ ਜਾਂ ਫਿਰ ਮਾਰਕੀਟਾਂ ਦੀਆਂ ਪਾਰਿਕੰਗਾਂ ਦੇ ਕੋਨਿਆਂ ਵਿੱਚ ਸ਼ਾਮ ਢਲਦਿਆਂ ਹੀ ਅਜਿਹੀਆਂ ਕਈ ਰੇਹੜੀਆਂ ਸਜਣ ਲੱਗ ਗਈਆਂ ਹਨ ਜਿਹਨਾਂ ਵਲੋਂ ਖਰੌੜਿਆਂ ਦਾ ਸੂਪ, ਉਬਲੇ ਅੰਡੇ, ਚਿਕਨ, ਮੱਛੀ ਅਤੇ ਖਾਣ ਪੀਣ ਦਾ ਅਜਿਹਾ ਹੋਰ ਸਾਮਾਨ ਵੇਚਿਆ ਜਾਂਦਾ ਹੈ ਅਤੇ ਇਹ ਰੇਹੜੀਆਂ ਹੁਣ ਪੱਕੇ ਕਬਜਿਆਂ ਵਿੱਚ ਤਬਦੀਲ ਹੋਣ ਲੱਗ ਗਈਆਂ ਹਨ|
ਦਿਨ ਢਲਣਸਾਰ ਲੱਗਣ ਵਾਲੀਆਂ ਇਹਨਾਂ ਰੇਹੜੀਆਂ ਦੇ ਗ੍ਰਾਹਕਾਂ ਵਿੱਚ ਵੱਡੀ ਗਿਣਤੀ ਉਹਨਾਂ ਨੌਜਵਾਨਾਂ ਦੀ ਹੀ ਹੁੰਦੀ ਹੈ ਜਿਹੜੇ ਸ਼ਹਿਰ ਵਿੱਚ ਪੇਇੰਗ ਗੈਸਟਾਂ ਦੇ ਰੂਪ ਵਿੱਚ ਰਹਿੰਦੇ ਹਨ ਅਤੇ ਇਹਨਾਂ ਵਿੱਚ ਜਿਹੜੇ ਨੌਜਵਾਨ ਪੀਣ ਪਿਲਾਉਣ ਦਾ ਸ਼ੌਂਕ ਵੀ ਰੱਖਦੇ ਹਨ, ਉਹ ਆਪਣਾ ਸ਼ੌਂਕ ਪੂਰਾ ਕਰਨ ਲਈ ਖਾਸ ਤੌਰ ਤੇ ਇਹਨਾਂ ਰੇਹੜੀਆਂ ਤੇ ਇਕੱਠੇ ਹੁੰਦੇ ਹਨ| ਇਸਦਾ ਇੱਕ ਕਾਰਨ ਇਹ ਵੀ ਹੈ ਕਿ ਇਹਨਾਂ ਰੇਹੜੀਆਂ ਤੇ ਵਿਕਣ ਵਾਲਾ ਖਾਣ ਪੀਣ ਦਾ ਸਾਮਾਨ ਸ਼ੋਰੂਮਾਂ ਅਤੇ ਅਹਾਤਿਆਂ ਦੇ ਮੁਕਾਬਲੇ ਕਾਫੀ ਸਸਤਾ ਪੈਂਦਾ ਹੈ| ਇਹਨਾਂ ਰੇਹੜੀਆਂ ਵਾਲਿਆਂ ਵਿੱਚੋਂ ਜਿਆਦਾਤਰ ਅਜਿਹੇ ਹਨ ਜਿਹੜੇ ਆਪਣੇ ਗ੍ਰਾਹਕਾਂ ਦੀ ਸੁਵਿਧਾ ਲਈ ਉਹਨਾਂ ਨੂੰ ਗਿਲਾਸ ਅਤੇ ਪਾਣੀ ਵੀ ਮੁਹਈਆ ਕਰਵਾਉਂਦੇ ਹਨ ਅਤੇ ਅਜਿਹਾ ਹੋਣ ਨਾਲ ਉਹਨਾਂ ਦੇ ਗ੍ਰਾਹਕਾਂ ਨੂੰ ਸ਼ਰਾਬ ਅਤੇ ਕਬਾਬ ਦੋਵਾਂ ਦਾ ਮਜਾ ਇਕਠਾ ਮਿਲ ਜਾਂਦਾ ਹੈ|
ਸ਼ਾਮ ਵੇਲੇ ਲਗਦੀਆਂ ਖਾਣ ਪੀਣ ਦੇ ਸਾਮਾਨ ਦੀਆਂ ਇਹ ਰੇਹੜੀਆਂ ਦੇਰ ਰਾਤ ਤਕ ਲੱਗਦੀਆਂ ਹਨ ਅਤੇ ਇਸ ਦੌਰਾਨ ਇਹਨਾਂ ਰੇਹੜੀਆਂ ਫੜੀਆਂ ਦੇ ਆਸਪਾਸ ਅਕਸਰ ਖਾਣ ਪੀਣ ਦੇ ਸ਼ੌਕੀਨ ਮੰਡਲੀਆਂ ਬਣਾ ਕੇ ਇਕੱਠੇ ਹੋ ਜਾਂਦੇ ਹਨ| ਸ਼ਰਾਬ ਪੀਣ ਦੇ ਸ਼ੌਕੀਨ ਅਜਿਹੇ ਨੌਜਵਾਨ ਜਦੋਂ ਲੋਰ ਵਿੱਚ ਆਉਂਦੇ ਹਨ ਤਾਂ ਅਕਸਰ ਖਰਮਸਤੀਆਂ ਤੇ ਉਤਾਰੂ ਹੋ ਜਾਂਦੇ ਹਨ, ਜਿਸ ਕਾਰਨ ਸ਼ਹਿਰ ਦੀ ਕਾਨੂੰਨ ਵਿਵਸਥਾ ਦੀ ਹਾਲਤ ਵੀ ਪ੍ਰਭਾਵਿਤ ਹੁੰਦੀ ਹੈ| ਸ਼ਰਾਬ ਦੇ ਨਸ਼ੇ ਵਿੱਚ ਮਸਤ ਹੋਏ ਅਜਿਹੇ ਸ਼ੋਹਦਿਆਂ ਵਲੋਂ ਮਾਰਕੀਟਾਂ ਵਿੱਚ ਖਰੀਦਦਾਰੀ ਕਰਨ ਆਉਣ ਵਾਲੀਆਂ ਮਹਿਲਾਵਾਂ ਨਾਲ ਛੇੜਖਾਨੀ ਦੀਆਂ ਸ਼ਿਕਾਇਤਾਂ ਵੀ ਆਮ ਹਨ ਜਿਸ ਕਾਰਨ ਸ਼ਹਿਰ ਦਾ ਮਾਹੌਲ ਵੀ ਖਰਾਬ ਹੁੰਦਾ ਹੈ|
ਜੇਕਰ ਇਸ ਸੰਬੰਧੀ ਪ੍ਰਸ਼ਾਸ਼ਨ ਦੀ ਕਾਰਗੁਜਾਰੀ ਦੀ ਗੱਲ ਕਰੀਏ ਤਾਂ ਨਾ ਤਾਂ ਉਸਦਾ ਇਹਨਾਂ ਰੇਹੜੀਆਂ ਤੇ ਵਿਕਣ ਵਾਲੇ ਖਾਣ ਪੀਣ ਦੇ ਸਾਮਾਨ ਦੀ ਕੁਆਲਟੀ ਉੱਪਰ ਕੋਈ ਕਾਬੂ ਹੈ ਅਤੇ ਨਾ ਹੀ ਉਸ ਵਲੋਂ ਇਹਨਾਂ ਰੇਹੜੀਆਂ ਤੇ ਇਕੱਠੇ ਹੋਣ ਵਾਲੇ ਅਜਿਹੇ ਸ਼ੋਹਦਿਆਂ ਤੇ ਕਾਬੂ ਕਰਨ ਲਈ ਕੋਈ ਅਸਰਦਾਰ ਕਾਰਵਾਈ ਕੀਤੀ ਜਾਂਦੀ ਹੈ| ਨਗਰ ਨਿਗਮ ਵਲੋਂ ਸ਼ਹਿਰ ਵਿੱਚ ਲਗਣ ਵਾਲੀਆਂ ਰੇਹੜੀਆਂ ਫੜੀਆਂ ਦੇ ਖਿਲਾਫ ਜਿਹੜੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਂਦੀ ਹੈ ਉਹ ਵੀ ਦਫਤਰੀ ਸਮੇਂ ਦੇ ਦੌਰਾਨ ਹੀ ਹੁੰਦੀ ਹੈ ਅਤੇ ਦਿਨ ਢਲਣ ਤੋਂ ਬਾਅਦ ਹੋਣ ਵਾਲੇ ਇਹਨਾਂ ਕਬਜਿਆਂ ਤੇ ਕਾਬੂ ਕਰਨ ਲਈ ਨਿਗਮ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ| ਇਸ ਗੱਲ ਦੀ ਚਰਚਾ ਵੀ ਆਮ ਹੈ ਕਿ ਦਿਨ ਢਲਣ ਤੋਂ ਬਾਅਦ ਹੋਣ ਵਾਲੇ ਇਹਨਾਂ ਨਾਜਾਇਜ ਕਬਜਿਆਂ ਦੀ ਆੜ ਵਿੱਚ ਭ੍ਰਿਸ਼ਟਾਚਾਰ ਦੀ ਵੱਡੀ ਖੇਡ ਖੇਡੀ ਜਾਂਦੀ ਹੈ ਅਤੇ ਸ਼ਹਿਰ ਵਾਸੀਆਂ ਵਲੋਂ ਇਹ ਆਮ ਇਲਜਾਮ ਲਗਾਇਆ ਜਾਂਦਾ ਹੈ ਕਿ ਇਹ ਰੇਹੜੀਆਂ ਵਾਲੇ ਨਗਰ ਨਿਗਮ ਦੇ ਫੀਲਡ ਸਟਾਫ ਦੇ ਕਰਮਚਾਰੀਆਂ ਤੋਂ ਲੈ ਕੇ ਮਾਰਕੀਟਾਂ ਦੀ ਸੁਰਖਿਆ ਲਈ ਜਿੰਮੇਵਾਰ ਬੀਟ ਸਟਾਫ ਤਕ ਦੀ ‘ਸੇਵਾ’ ਕਰਦੇ ਹਨ ਅਤੇ ਇਸੇ ਕਾਰਨ ਇਹਨਾਂ ਨਾਜਾਇਜ ਕਬਜਿਆਂ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਹੁੰਦੀ|
ਦਿਨ ਢਲਣਸਾਰ ਹੋਣ ਵਾਲੇ ਇਹਨਾਂ ਨਾਜ਼ਾਇਜ਼ ਕਬਜਿਆਂ ਤੇ ਕਾਬੂ ਕਰਨ ਲਈ ਜਰੂਰੀ ਹੈ ਕਿ ਨਗਰ ਨਿਗਮ ਵਲੋਂ ਇਹਨਾਂ ਦੇ ਖਿਲਾਫ ਵਿਸ਼ੇਸ਼ ਮੁਹਿੰਮ ਆਰੰਭ ਕੀਤੀ ਜਾਵੇ ਅਤੇ ਇਸ ਮੁਹਿੰਮ ਨੂੰ ਲਗਾਤਾਰ ਅਤੇ ਪੂਰੀ ਤਰ੍ਹਾਂ ਨਿਰੱਪਖ ਤਰੀਕੇ ਨਾਲ ਜਾਰੀ ਰੱਖਿਆ ਜਾਵੇ| ਇਸਦੇ ਨਾਲ ਨਾਲ ਇਸ ਸੰਬੰਧੀ ਨਗਰ ਨਿਗਮ ਦੇ ਨਾਜ਼ਾਇਜ਼ ਕਬਜੇ ਹਟਾਉਣ ਵਾਲੇ ਸਟਾਫ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਣੀ  ਚਾਹੀਦੀ ਹੈ ਅਤੇ ਉਹਨਾਂ ਦੇ ਖਿਲਾਫ ਕਾਰਵਾਈ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ| ਨਗਰ ਨਿਗਮ ਦੇ ਮੇਅਰ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਪਾਸੇ ਧਿਆਨ ਦੇਣ ਅਤੇ ਇਸ ਸਮੱਸਿਆ ਦੇ ਹਲ ਲਈ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਉਣ ਤਾਂ ਜੋ ਇਸ ਸਮੱਸਿਆ ਨੂੰ ਹਲ ਕੀਤਾ ਜਾ ਸਕੇ|

Leave a Reply

Your email address will not be published. Required fields are marked *