ਦਿਲ, ਦਿਮਾਗ ਅਤੇ ਸ਼ਰੀਰ ਨੂੰ ਹਮੇਸ਼ਾ ਤੰਦਰੁਸਤ ਰੱਖਦੀ ਹੈ ਕਬੱਡੀ : ਮਲੂਕਾ

ਐਸ. ਏ. ਐਸ. ਨਗਰ , 7 ਸਤੰਬਰ (ਸ.ਬ.) ਪੰਜਾਬ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਦੇ ਦਲਦਲ ਵਿੱਚ ਧੱਸਦੀ ਜਾ ਰਹੀ ਹੈ ਜਿਸ ਨੂੰ ਬਚਾਉਣ ਲਈ ਨੌਜਵਾਨ ਪੀੜ੍ਹੀ ਦਾ ਖੇਡਾਂ ਵੱਲ ਰੁਝਾਨ ਵਧਾਉਣ ਦੀ ਲੋੜ ਹੈ| ਕਬੱਡੀ ਇੱਕ ਅਜਿਹਾ ਖੇਡ ਹੈ ਜਿਸ ਵਿੱਚ ਦਿਲ, ਦਿਮਾਗ ਅਤੇ ਸਰੀਰ ਹਮੇਸ਼ਾ ਤੰਦਰੁਸਤ ਰਹਿੰਦਾ ਹੈ| ਇਹ ਗੱਲ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਖੇਡ ਦਿਵਸ ਤੇ ਰਾਸ਼ਟਰਪਤੀ ਵਲੋਂ ਮੇਜਰ ਧਿਆਨ ਚੰਦ ਅਵਾਰਡ ਨਾਲ ਨਵਾਜੇ ਗਏ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮਨਪ੍ਰੀਤ ਸਿੰਘ ਮਾਨਾ ਨੂੰ ਸਨਮਾਨਿਤ ਕਰਨ ਲਈ ਸਥਾਨਕ ਫੇਜ਼ 3 ਏ ਵਿਖੇਆਯੋਜਿਤ ਇੱਕ ਪ੍ਰੋਗਰਾਮ ਦੌਰਾਨ ਆਖੀ| ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵਲੋਂ ਪੰਜਾਬ ਵਿੱਚ ਇੰਟਰਨੈਸ਼ਨਲ ਪੱਧਰ ਦੇ ਕਬੱਡੀ ਟੂਰਨਾਮੈਂਟ ਕਰਵਾਏ ਗਏ ਪਰ ਜਦੋਂ ਦੀ ਕਮਾਨ ਕਾਂਗਰਸ ਸਰਕਾਰ ਦੇ ਹੱਥ ਵਿੱਚ ਆਈ ਹੈ ਉਸ ਦਿਨ ਤੋਂ ਬਾਅਦ ਕਬੱਡੀ ਖੇਡ ਦਾ ਰੁਤਬਾ ਵਿਦੇਸ਼ਾਂ ਵਿੱਚ ਹੀ ਨਹੀਂ ਸਗੋਂ ਪੰਜਾਬ ਵਿੱਚ ਵੀ ਘੱਟਦਾ ਜਾ ਰਿਹਾ ਹੈ|
ਇਸ ਮੌਕੇ ਦਵਿੰਦਰ ਸਿੰਘ ਬਾਜਵਾ ਵਲੋਂ ਮੁੱਖ ਸ਼ਖਸ਼ੀਅਤਾਂ ਮਨਪ੍ਰੀਤ ਸਿੰਘ ਮਾਨਾ ਅਤੇ ਦੇ ਪਹੁੰਚਣ ਤੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ| ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆ ਕਬੱਡੀ ਖਿਡਾਰੀ ਮਨਪ੍ਰੀਤ ਮਾਨਾ ਨੇ ਦੱਸਿਆ ਕਿ ਉਹਨਾਂ ਨੂੰ ਇਹ ਸਨਮਾਨ ਮਿਲਣ ਨਾਲ ਉਹਲਾਂ ਦੀ ਆਪਣੀ ਮਾਂ-ਖੇਡ ਸਬੰਧੀ ਜਿੰਮੇਵਾਰੀ ਹੋਰ ਵੀ ਵੱਧ ਗਈ ਹੈ| ਉਹਨਾਂ ਦੱਸਿਆ ਕਿ ਪਿੰਡ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਉਸਦਾ ਸੁਪਨਾ ਹੈ ਅਤੇ ਉਹ ਨੌਜਵਾਨਾਂ ਨਾਲ ਮਿਲਕੇ ਇਸਨੂੰ ਸਾਕਾਰ ਕਰਨ ਲਈ ਲੱਗੇ ਹੋਏ ਹਨ|
ਇਸ ਮੌਕੇ ਸ੍ਰ. ਮਲੂਕਾ ਨੇ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਡਾਂਵਾਡੋਲ ਹੈ ਇਸੇ ਲਈ ਆਏ ਦਿਨ ਕਤਲ, ਚੋਰੀ ਡਕੈਤੀ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ ਜਿਸਦੀ ਮਿਸਾਲ ਬੀਤੀ 30 ਅਗਸਤ ਨੂੰ ਗੁਰਮੇਜ ਸਿੰਘ ਉਰਫ ਪੱਪੀ ਭਗਵਾਨਪੁਰ ਦਾ 6 ਨੌਜਵਾਨਾਂ ਵਲੋਂ ਕੀਤਾ ਗਿਆ ਕਤਲ ਹੈ ਅਤੇ ਇਸਦੇ ਨਾਲ ਹੀ ਕੁੱਝ ਦਿਨ ਪਹਿਲਾਂ ਬਠਿੰਡਾ ਵਿੱਚ ਅਕਾਲੀ ਲੀਡਰ ਸੁਖਨ ਸੰਧੂ ਦਾ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ|
ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਉਹ ਵੀ ਕਬੱਡੀ ਖਿਡਾਰੀ ਮਨਪ੍ਰੀਤ ਮਾਨਾ ਵਾਂਗੂੰ ਪੰਜਾਬ ਲਈ ਖੇਡਾਂ ਵਿੱਚ ਨਾਂ ਰੌਸ਼ਨ ਕਰਨ ਅਤੇ ਨਸ਼ੇ ਵਰਗੀ ਨਾ-ਮੁਰਾਦ ਬਿਮਾਰੀ ਤੋਂ ਦੂਰ ਰਹਿਣ| ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਦਵਿੰਦਰ ਸਿੰਘ ਬਾਜਵਾ, ਜਰਨਲ ਸਕੱਤਰ ਅਮਨਪ੍ਰੀਤ ਸਿੰਘ ਮੱਲਖ਼ੀ, ਭਾਰਤੀ ਕਬੱਡੀ ਟੀਮ ਦੇ ਕੋਚ ਹਰਪ੍ਰੀਤ ਸਿੰਘ ਬਾਬਾ ਸਮੇਤ ਹੋਰ ਮੈਂਬਰ ਹਾਜ਼ਿਰ ਸਨ|

Leave a Reply

Your email address will not be published. Required fields are marked *