ਦਿਵਾਲੀ ਤੋਂ ਬਾਅਦ ਸ਼ਹਿਰ ਦੀਆਂ ਮਾਰਕੀਟਾਂ ਵਿੱਚ ਸਫਾਈ ਦਾ ਬੁਰਾ ਹਾਲ, ਗੰਦਗੀ ਦੇ ਲੱਗੇ ਢੇਰ

ਦਿਵਾਲੀ ਤੋਂ ਬਾਅਦ ਸ਼ਹਿਰ ਦੀਆਂ ਮਾਰਕੀਟਾਂ ਵਿੱਚ ਸਫਾਈ ਦਾ ਬੁਰਾ ਹਾਲ, ਗੰਦਗੀ ਦੇ ਲੱਗੇ ਢੇਰ
ਵਪਾਰ ਮੰਡਲ ਦੇ ਪ੍ਰਧਾਨ ਨੇ ਨਿਗਮ ਕਮਿਸ਼ਨਰ ਨੂੰ ਪੱਤਰ ਲਿਖ ਕੇ ਸਫਾਈ ਕਰਵਾਉਣ ਦੀ ਕੀਤੀ ਮੰਗ
ਐਸ ਏ ਐਸ ਨਗਰ, 10 ਨਵੰਬਰ (ਸ.ਬ.) ਵਪਾਰ ਮੰਡਲ ਮੁਹਾਲੀ ਦੇ ਪ੍ਰਧਾਨ ਸ੍ਰੀ ਵਿਨੀਤ ਵਰਮਾ ਨੇ ਨਗਰ ਨਿਗਮ ਮੁਹਾਲੀ ਦੇ ਕਮਿਸ਼ਨਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸ਼ਹਿਰ ਦੀਆਂ ਮਾਰਕੀਟਾਂ ਵਿੱਚ ਪਿਛਲੇ ਦਿਨਾਂ ਦੌਰਾਨ ਲੱਗੇ ਗੰਦਗੀ ਦੇ ਢੇਰਾਂ ਨੂੰ ਚੁਕਵਾਇਆ ਜਾਵੇ ਅਤੇ ਮਾਰਕੀਟਾਂ ਵਿੱਚ ਸਫਾਈ ਦੇ ਲੋੜੀਂਦੇ ਪ੍ਰਬੰਧ ਕੀਤੇ ਜਾਣ|
ਆਪਣੇ ਪੱਤਰ ਵਿੱਚ ਸ੍ਰੀ ਵਿਨੀਤ ਵਰਮਾ ਨੇ ਲਿਖਿਆ ਹੈ ਕਿ ਦਿਵਾਲੀ ਦਾ ਤਿਉਹਾਰ ਬੀਤ ਜਾਣ ਤੋਂ ਬਾਅਦ ਮੁਹਾਲੀ ਸ਼ਹਿਰ ਦੀਆਂ ਲਗਭਗ ਸਾਰੀਆਂ ਹੀ ਮਾਰਕੀਟਾਂ ਵਿੱਚ ਗੰਦਗੀ ਦੇ ਢੇਰ ਲੱਗ ਗਏ ਹਨ ਅਤੇ ਸਫਾਈ ਦਾ ਮੰਦਾ ਹਾਲ ਹੈ| ਮਾਰਕੀਟਾਂ ਵਿੱਚ ਲੱਗੇ ਕੂੜੇਦਾਨ (ਜੋ ਕਿ ਨਿਗਮ ਵਲੋਂ ਸ਼ੋ ਰੂਮਾਂ ਦੇ ਸਾਮ੍ਹਣੇ ਲਗਵਾਏ ਗਏ ਹਨ) ਪੂਰੀ ਤਰ੍ਹਾਂ ਭਰ ਚੁੱਕੇ ਹਨ ਅਤੇ ਉਹਨਾਂ ਦੇ ਆਸ ਪਾਸ ਵੀ ਕੂੜਾ ਖਿਲਰ ਰਿਹਾ ਹੈ|
ਉਹਨਾਂ ਕਿਹਾ ਕਿ ਦਿਵਾਲੀ ਵਾਲੇ ਦਿਨ ਤੋਂ ਹੀ ਮਾਰਕੀਟਾ ਦੀ ਸਫਾਈ ਦਾ ਕੰਮ ਬੰਦ ਪਿਆ ਹੈ ਜਿਸ ਕਾਰਨ ਹਰ ਪਾਸੇ ਗੰਦਗੀ ਅਤੇ ਕੂੜੇ ਕਬਾੜ ਦੇ ਢੇਰ ਹੀ ਨਜਰ ਆ ਰਹੇ ਹਨ|
ਉਹਨਾਂ ਲਿਖਿਆ ਹੈ ਕਿ ਮੁਹਾਲੀ ਸ਼ਹਿਰ ਦੀ ਸਫਾਈ ਦਾ ਕੰਮ ਇਕ ਠੇਕੇਦਾਰ ਦੇ ਅਧੀਨ ਹੈ ਅਤੇ ਇਸ ਠੇਕੇਦਾਰ ਵਲੋਂ ਆਪਣੇ ਸਫਾਈ ਸੇਵਕਾਂ ਨੂੰ ਤਨਖਾਹਾਂ ਨਾ ਦੇਣ ਕਾਰਨ ਇਸ ਠੇਕੇਦਾਰ ਅਧੀਨ ਕੰਮ ਕਰਦੇ ਸਾਰੇ ਸਫਾਈ ਕਰਮਚਾਰੀ ਹੜਤਾਲ ਉਪਰ ਚਲੇ ਗਏ ਹਨ, ਜਿਸ ਕਾਰਨ ਦਿਵਾਲੀ ਤੋਂ ਬਾਅਦ ਮਾਰਕੀਟਾਂ ਦੀ ਸਫਾਈ ਨਾ ਹੋਣ ਕਾਰਨ ਵਪਾਰੀਆਂ ਨੂੰ ਭਾਰੀ ਪ੍ਰੇਸ਼ਾਨੀ ਹੋ ਰਹੀ ਹੈ| ਮਾਰਕੀਟਾਂ ਵਿੱਚ ਫੈਲੀ ਗੰਦਗੀ ਵੇਖ ਕੇ ਲੋਕ ਮਾਰਕੀਟਾਂ ਵਿੱਚ ਆਉਣ ਤੋਂ ਗੁਰੇਜ ਕਰ ਰਹੇ ਹਨ, ਜਿਸ ਕਾਰਨ ਦੁਕਾਨਦਾਰਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ|
ਉਹਨਾਂ ਲਿਖਿਆ ਹੈ ਕਿ ਨਗਰ ਨਿਗਮ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਸ਼ਹਿਰ ਵਿੱਚ ਸਫਾਈ ਵਿਵਸਥਾ ਨੂ ੰਸਹੀ ਢੰਗ ਨਾਲ ਲਾਗੂ ਕਰੇ| ਜੇ ਸਫਾਈ ਠੇਕੇਦਾਰ ਵਲੋਂ ਸਫਾਈ ਸੇਵਕਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਤਾਂ ਇਸ ਦਾ ਖਮਿਆਜਾ ਦੁਕਾਨਦਾਰ ਅਤੇ ਆਮ ਸ਼ਹਿਰ ਵਾਸੀ ਕਿਉਂ ਭੁਗਤਣ|
ਉਹਨਾਂ ਮੰਗ ਕੀਤੀ ਹੈ ਕਿ ਨਗਰ ਨਿਗਮ ਨੂੰ ਇਸ ਸਬੰਧੀ ਤੁਰੰਤ ਧਿਆਨ ਦੇ ਕੇ ਸ਼ਹਿਰ ਵਿੱਚ ਸਾਫ ਸਫਾਈ ਕਰਵਾਉਣ ਦੇ ਬਦਲਵੇਂ ਪ੍ਰਬੰਧ ਤੁਰੰਤ ਕਰਨੇ ਚਾਹੀਦੇ ਹਨ|

Leave a Reply

Your email address will not be published. Required fields are marked *