ਦਿਵਾਲੀ ਮੌਕੇ ਦੁਕਾਨਦਾਰਾਂ ਨੂੰ ਦੁਕਾਨਾਂ ਦੇ ਬਾਹਰ ਸਮਾਨ ਰੱਖਣ ਦੀ ਆਗਿਆ ਦਿੱਤੀ ਜਾਵੇ : ਜੇ ਪੀ ਸਿੰਘ

ਐਸ ਏ ਐਸ ਨਗਰ, 1 ਨਵੰਬਰ (ਸ.ਬ.) ਮਾਰਕੀਟ ਵੈਲਫੇਅਰ ਐਸੋਸੀਏਸ਼ਨ ਫੇਜ਼ 3 ਬੀ 2 ਦੇ ਪ੍ਰਧਾਨ ਸ੍ਰ ਜਤਿੰਦਰਪਾਲ ਸਿੰਘ ਜੇ ਪੀ ਨੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਇਕ ਮੰਗ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਦਿਵਾਲੀ ਦੇ ਤਿਉਹਾਰ ਨੂੰ ਵੇਖਦਿਆਂ ਦੁਕਾਨਦਾਰਾਂ ਨੂੰ ਉਹਨਾਂ ਦੀਆਂ ਦੁਕਾਨਾਂ ਦੇ ਬਾਹਰ ਸਾਮਾਨ ਰੱਖਣ ਅਤੇ ਸਟਾਲ ਲਗਾਉਣ ਦੀ ਆਗਿਆ ਦਿੱਤੀ ਜਾਵੇ ਅਤੇ ਮਾਰਕੀਟਾਂ ਵਿੱਚ ਨਜਾਇਜ ਲੱਗਦੀਆਂ ਰੇਹੜੀਆਂ ਫੜੀਆਂ ਨੂੰ ਕਿਸੇ ਹੋਰ ਥਾਂ ਤਬਦੀਲ ਕੀਤਾ ਜਾਵੇ| ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਜੇ ਪੀ ਸਿੰਘ ਨੇ ਕਿਹਾ ਕਿ ਦਿਵਾਲੀ ਦੇ ਤਿਉਹਾਰ ਮੌਕੇ ਹੀ ਦੁਕਾਨਦਾਰਾਂ ਨੇ ਸਾਰੇ ਸਾਲ ਦੀ ਕਮਾਈ ਕਰਨੀ ਹੁੰਦੀ ਹੈ| ਦੁਕਾਨਦਾਰਾਂ ਵਲੋਂ ਆਪਣਾ ਸਮਾਨ ਦੁਕਾਨਾਂ ਦੇ ਬਾਹਰ ਸਜਾ ਕੇ ਰਖਿਆ ਜਾਂਦਾ ਹੈ, ਪਰੰਤੂ ਨਗਰ ਨਿਗਮ ਦੀ ਟੀਮ ਵਲੋਂ ਨਾਜਾਇਜ ਕਬਜੇ ਹਟਾਉਣ ਦੀ ਆੜ ਵਿੱਚ ਦੁਕਾਨਦਾਰਾਂ ਦਾ ਸਮਾਨ ਚੁਕਵਾ ਦਿੱਤਾ ਜਾਂਦਾ ਹੈ|
ਉਹਨਾਂ ਕਿਹਾ ਕਿ ਦਿਵਾਲੀ ਮੌਕੇ ਗਾਹਕਾਂ ਨੂੰ ਪ੍ਰਭਾਵਿਤ ਕਰਨ ਲਈ ਦੁਕਾਨਦਾਰਾਂ ਨੂੰ ਦੁਕਾਨਾਂ ਦੇ ਬਾਹਰ ਸਮਾਨ ਰੱਖਣ ਅਤੇ ਸਟਾਲ ਲਗਾਉਣ ਦੀ ਜਰੂਰਤ ਪੈਂਦੀ ਹੈ ਅਤੇ ਦੁਕਾਨਦਾਰਾਂ ਨੂੰ ਇਸਦੀ ਇਜਾਜਤ ਦਿੱਤੀ ਜਾਣੀ ਚਾਹੀਦੀ ਹੈ|
ਉਹਨਾਂ ਕਿਹਾ ਕਿ ਮਾਰਕੀਟਾ ਵਿੱਚ ਦੁਕਾਨਾਂ ਦੇ ਬਾਹਰ ਰੇਹੜੀਆਂ ਫੜੀਆਂ ਵਾਲੇ ਨਜਾਇਜ ਕਬਜਾ ਕਰਕੇ ਆਪਣਾ ਸਮਾਨ ਰੱਖ ਲੈਂਦੇ ਹਨ ਅਤੇ ਘਟੀਆ ਕੁਆਲਟੀ ਦਾ ਸਸਤਾ ਸਮਾਨ ਵੇਚਦੇ ਹਨ| ਇਹ ਫੜੀਆਂ ਵਾਲੇ ਆਪਣਾ ਸਾਮਾਨ ਖਿਲਾਰ ਕੇ ਦੁਕਾਨਾਂ ਦਾ ਰਾਹ ਤਕ ਰੋਕ ਦਿੰਦੇ ਹਨ ਅਤੇ ਆਮ ਗ੍ਰਾਹਕ ਇਹਨਾਂ ਫੜੀਆਂ ਤੋਂ ਹੀ ਸਮਾਨ ਖਰੀਦਦੇ ਰਹਿੰਦੇ ਹਨ| ਉਹਨਾਂ ਕਿਹਾ ਕਿ ਇਹਨਾਂ ਰੇਹੜੀਆਂ ਫੜੀਆਂ ਕਾਰਨ ਦੁਕਾਨਦਾਰਾਂ ਦਾ ਕੰਮ ਪ੍ਰਭਾਵਿਤ ਹੁੰਦਾ ਹੈ, ਇਸ ਲਈ ਨਜਾਇਜ ਲੱਗੀਆਂ ਰੇਹੜੀਆਂ ਫੜੀਆਂ ਨੂੰ ਮਾਰਕੀਟਾਂ ਵਿੱਚੋਂ ਹਟਾ ਕੇ ਦੁਸਹਿਰਾ ਗ੍ਰਾਉਂਡ ਅਤੇ ਹੋਰ ਖਾਲੀ ਥਾਵਾਂ ਉਪਰ ਲਗਾਇਆ ਜਾ ਸਕਦਾ ਹੈ ਤਾਂ ਕਿ ਮਾਰਕੀਟਾਂ ਦੇ ਦੁਕਾਨਦਾਰਾਂ ਦਾ ਕੰਮ ਪ੍ਰਭਾਵਿਤ ਨਾ ਹੋਵੇ ਅਤੇ ਰੇਹੜੀਆਂ ਫੜੀਆਂ ਵਾਲੇ ਵੀ ਕੰਮ ਕਰ ਸਕਣ|

Leave a Reply

Your email address will not be published. Required fields are marked *