ਦਿਵਾਲੀ ਮੌਕੇ ਦੁਲਹਣ ਵਾਂਗ ਸਜੀਆਂ ਦੁਕਾਨਾਂ, ਮਾਰਕੀਟਾਂ ਵਿੱਚ ਮੇਲੇ ਵਰਗਾ ਮਾਹੌਲ


ਐਸ ਏ ਐਸ ਨਗਰ, 13 ਨਵੰਬਰ (ਸ.ਬ.) ਦਿਵਾਲੀ ਦੇ ਤਿਉਹਾਰ ਮੌਕੇ ਮੁਹਾਲੀ ਦੀਆਂ ਵੱਖ- ਵੱਖ ਮਾਰਕੀਟਾਂ ਵਿੱਚ ਸਥਿਤ ਦੁਕਾਨਾਂ ਦੁਲਹਣ ਵਾਂਗ ਸਜ ਗਈਆਂ ਹਨ| ਇਸ ਦੋਰਾਨ ਮਾਰਕੀਟਾਂ ਵਿੱਚ ਲੜੀਆਂ ਆਦਿ ਲਗਾ ਕੇ ਕਾਫੀ ਸਜਾਵਟ ਅਤੇ ਜਗਮਗ ਵੀ ਕੀਤੀ ਗਈ ਹੈ ਅਤੇ ਵੱਖ ਵੱਖ ਮਾਰਕੀਟਾਂ ਵਿੱਚ ਦੁਕਾਨਦਾਰਾਂ ਵਲੋਂ ਸਾਂਝੇ ਤੌਰ ਤੇ ਕੀਤੀ ਇਹ ਸਜਾਵਟ ਕਾਫੀ ਪ੍ਰਭਾਵਸ਼ਾਲੀ ਹੋ ਗਈ ਹੈ| 
ਦਿਵਾਲੀ ਤੋਂ ਇੱਕ ਦਿਨ ਪਹਿਲਾਂ ਮਾਰਕੀਟਾਂ ਵਿੱਚ ਭੀੜ ਵੀ ਕਾਫੀ ਹੈ ਅਤੇ ਸਾਰੀਆਂ ਮਾਰਕੀਟਾਂ ਵਿੱਚ ਲੋਕਾਂ ਦੀ ਕਾਫੀ ਭੀੜ ਖਰੀਦਦਾਰੀ ਕਰਦੀ ਅਤੇ ਘੁੰਮਦੀ ਨਜਰ ਆ ਰਹੀ ਹੈ| ਇਸ ਦੌਰਾਨ ਸ਼ੋਰੂਮਾਂ ਅਤੇ ਬੂਥਾਂ ਵਾਲਿਆਂ ਵਲੋਂ ਟੈਂਟ ਲਗਾ ਕੇ ਆਪਣਾ ਸਮਾਨ ਦੁਕਾਨਾਂ ਦੇ ਬਾਹਰ ਸਜਾਇਆ ਗਿਆ ਹੈ, ਜਿਸ ਕਾਰਨ ਗ੍ਰਾਹਕਾਂ ਦੇ ਆਉਣ ਜਾਣ ਅਤੇ ਘੁੰਮਣ ਲਈ ਥਾਂ ਕਾਫੀ ਤੰਗ ਹੋ ਗਈ ਹੈ ਪਰੰਤੂ ਫਿਰ ਵੀ ਲੋਕ ਖਰੀਦਦਾਰੀ ਕਰਦੇ ਨਜਰ ਆ ਰਹੇ ਹਨ|
ਇਸ ਦੌਰਾਨ ਗ੍ਰਾਹਕਾਂ ਵਲੋਂ ਖਰੀਦਦਾਰੀ ਕਰਨ ਕਾਰਨ ਦੁਕਾਨਦਾਰ ਵੀ ਕੁੱਝ ਹੱਦ ਤਕ ਖੁਸ਼ ਨਜਰ ਆ ਰਹੇ ਹਨ ਅਤੇ ਉਹਨਾਂ ਨੂੰ ਆਸ ਬਣਦੀ ਦਿਖ ਰਹੀ ਹੈ ਕਿ ਉਹਨਾਂ ਦਾ ਸਾਮਾਨ ਵਿਕਣ ਨਾਲ ਦਿਵਾਲੀ ਮੌਕੇ ਕਮਾਈ ਹੋ ਜਾਵੇਗੀ| ਵੱਖ ਵੱਖ ਦੁਕਾਨਾਂ ਉਪਰ ਇਸ ਸਮੇਂ ਰੰਗ ਬਿਰੰਗੀਆਂ ਲੜੀਆਂ, ਸਜਾਵਟੀ ਸਮਾਨ, ਤਸਵੀਰਾਂ ਅਤੇ ਹੋਰ ਕਈ ਤਰਾਂ ਦਾ ਸਮਾਨ ਵਿਕ ਰਿਹਾ ਹੈ, ਉੱਥੇ ਮਿਠਾਈਆਂ ਅਤੇ ਡਰਾਈ ਫਰੂਟਸ ਦੀਆਂ ਦੁਕਾਨਾਂ ਉਪਰ ਵੱਖ ਵੱਖ ਤਰਾਂ ਦਾ ਖਾਣ ਪੀਣ ਦਾ ਸਮਾਨ ਵੇਚਿਆ ਜਾ ਰਿਹਾ ਹੈ| 
ਇਸ ਦੌਰਾਨ ਦੂਜੇ ਪਾਸੇ ਸ਼ਹਿਰ ਦੀਆਂ ਵੱਖ ਵੱਖ ਮਾਰਕੀਟਾਂ ਵਿੱਚ           ਰੇਹੜੀਆਂ ਫੜੀਆਂ ਵਾਲਿਆਂ ਨੇ ਮਿੱੱਟੀ ਦੇ ਦੀਵੇ, ਮਿੱਟੀ ਦੇ ਹੋਰ ਸਮਾਨ ਅਤੇ ਹੋਰ ਕਈ ਤਰਾਂ ਦਾ ਸਮਾਨ ਵੇਚਣ ਵਾਲੀਆਂ ਫੜੀਆਂ ਵੀ ਸਜ ਗਈਆਂ ਹਨ ਅਤੇ ਇਹਨਾ ਕਾਰਨ ਮਾਰਕੀਟਾਂ ਵਿੱਚ ਵਾਹਨਾਂ ਦੀ ਪਾਰਕਿੰਗ ਲਈ ਥਾਂ ਘੱਟ ਗਈ ਹੈ ਅਤੇ ਮਾਰਕੀਟਾਂ ਵਿੱਚ ਭੀੜ ਹੋਣ ਕਾਰਨ ਹਰ ਪਾਸੇ ਵਾਹਨਾਂ ਦਾ ਘੜਮੱਸ ਵੇਖਣ ਨੂੰ ਮਿਲ ਰਿਹਾ ਹੈ| 
ਮਾਰਕੀਟਾਂ ਵਿੱਚ ਜਿਸ ਤਰੀਕੇ ਨਾਲ ਲੋਕਾਂ ਦੀ ਆਮਦ ਵੇਖੀ ਜਾ ਰਹੀ ਹੈ, ਉਸ ਤੋਂ ਲਗਦਾ ਹੈ ਕਿ ਜਿਵੇਂ ਲੋਕਾਂ ਵਿਚੋਂ ਕੋਰੋਨਾ ਮਹਾਂਮਾਰੀ ਦਾ ਡਰ ਨਿਕਲ ਗਿਆ ਹੋਵੇ| ਇਸ ਦੌਰਾਨ ਨਾ ਤਾਂ ਕੋਈ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਦਾ ਦਿਖਦਾ ਹੈ ਅਤੇ ਨਾ ਹੀ ਲੋਕ ਮਾਸਕ ਲਗਾ ਰਹੇ ਹਨ ਜਿਸ ਕਾਰਨ ਕੋਰੋਨਾ ਦੀ ਮਹਾਮਾਰੀ ਦਾ ਖਤਰਾ ਵੀ ਵੱਧ ਗਿਆ ਹੈ ਪਰੰਤੂ ਪ੍ਰਸ਼ਾਸ਼ਨ ਵਲੋਂ ਇਸ ਪਾਸੇ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ|

Leave a Reply

Your email address will not be published. Required fields are marked *