ਦਿਵਾਲੀ ਮੌਕੇ ਦੁਲਹਣ ਵਾਂਗ ਸਜੀਆਂ ਦੁਕਾਨਾਂ, ਮਾਰਕੀਟਾਂ ਵਿਚ  ਲੱਗੀਆਂ ਰੌਣਕਾਂ

ਐਸ ਏ ਐਸ ਨਗਰ, 14 ਅਕਤੂਬਰ (ਜਗਮੋਹਨ ਸਿੰਘ ਲੱਕੀ) ਦਿਵਾਲੀ ਦਾ ਤਿਉਹਾਰ ਜਿਵੇਂ ਜਿਵੇਂ ਨੇੜੇ ਆ ਰਿਹਾ ਹੈ, ਉਵੇਂ ਹੀ ਸ਼ਹਿਰ ਦੀਆਂ ਵੱਖ ਵੱਖ ਮਾਰਕੀਟਾਂ ਵਿਚ ਰੌਣਕਾਂ ਲੱਗ ਗਈਆਂ ਹਨ| ਸ਼ਹਿਰ ਦੀਆਂ ਵੱਡੀ ਗਿਣਤੀ ਦੁਕਾਨਾਂ ਨੂੰ ਦੁਲਹਣ ਵਾਂਗ ਸਜਾਇਆ ਗਿਆ ਹੈ| ਇਸਦੇ ਨਾਲ ਹੀ ਵੱਡੀ ਗਿਣਤੀ ਦੁਕਾਨਾਂ ਵਾਲਿਆਂ ਵਲੋਂ ਆਪਣਾ ਸਮਾਨ ਦੁਕਾਨਾਂ ਦੇ ਅੱਗੇ ਟੈਂਟ ਲਗਾ ਕੇ , ਬਹੁਤ ਸੋਹਣੇ ਤਰੀਕੇ ਨਾਲ ਸਜਾ ਕੇ ਰਖਿਆ ਗਿਆ ਹੈ| ਸਾਰੇ ਹੀ ਬਾਜਾਰਾਂ ਵਿਚ ਲੋਕਾਂ ਦੀ ਕਾਫੀ ਚਹਿਲ ਪਹਿਲੀ ਦੇਖੀ ਜਾ ਰਹੀ ਹੈ| ਨੌਜਵਾਨ ਮੁੰਡੇ ਕੁੜੀਆਂ ਵੀ ਗੱਲਾਂ ਮਾਰਦੇ ਹਰ ਮਾਰਕੀਟ ਵਿਚ ਹੀ ਦੁਕਾਨਾਂ ਦਾ ਸਮਾਨ ਵੇਖਦੇ ਹੋਏ ਘੁੰਮਦੇ ਨਜਰ ਆ ਰਹੇ ਹਨ| ਇਸਦੇ ਨਾਲ ਹੀ ਡਰਾਈਫਰੂਟਸ ਅਤੇ ਮਿਠਾਈ ਦੀਆਂ ਦੁਕਾਨਾਂ ਦੇ ਨਾਲ ਨਾਲ ਗਿਫਟ ਆਈਟਮ ਵੇਚਣ ਵਾਲੀਆਂ ਦੁਕਾਨਾਂ ਉਪਰ ਵੀ ਲੋਕਾਂ ਦੀ ਭੀੜ ਨਜਰ ਆ ਰਹੀ ਹੈ| ਇਸਦੇ ਨਾਲ ਹੀ ਲੋਕ ਆਪਣੇ ਘਰਾਂ ਤੇ ਵਾਹਨਾਂ ਨੂੰ ਸਜਾਉਣ  ਲਈ ਸਜਾਵਟੀ ਸਮਾਨ ਵੀ ਖਰੀਦਦੇ ਵੇਖੇ ਜਾ ਰਹੇ ਹਨ|
ਹਰ ਵਰਗ ਦੇ ਲੋਕਾਂ ਵਿਚ ਹੀ ਦਿਵਾਲੀ ਦੇ ਤਿਉਹਾਰ ਸਬੰਧੀ ਕਾਫੀ ਉਤਸ਼ਾਹ ਪਾਇਆ ਜਾ ਰਿਹਾ  ਹੈ| ਬੱਚੇ ਵੀ ਆਪਣੇ ਮਾਪਿਆਂ ਨਾਲ ਮਾਰਕੀਟਾਂ ਵਿਚ ਸਜੀਆਂ ਦੁਕਾਨਾਂ ਵੇਖਦੇ ਹੋਏ ਮੌਜ ਮਸਤੀ ਕਰਦੇ ਵੇਖੇ ਜਾ ਰਹੇ ਹਨ| ਇਸ  ਤੋਂ ਇਲਾਵਾ ਵੱਡੀ ਗਿਣਤੀ ਦੁਕਾਨਾਂ ਉਪਰ ਬਿਜਲੀ ਦੀਆਂ ਰੰਗ ਬਿੰਰੰਗੀਆਂ ਲੜੀਆਂ ਲਾ ਕੇ ਦੁਕਾਨਾਂ ਨੂੰ ਸਜਾਇਆ ਗਿਆ ਹੈ, ਰਾਤ ਸਮੇਂ ਚਲਦੀਆਂ ਇਹ ਬਿਜਲਈ ਲੜੀਆਂ ਬਹੁਤ ਸੁੰਦਰ ਨਜਾਰਾ ਪੇਸ਼ ਕਰਦੀਆਂ ਹਨ|
ਭਾਵੇਂ ਕਿ ਦਿਵਾਲੀ ਦੇ ਤਿਉਹਾਰ ਉਪਰ ਵੀ ਨੋਟਬੰਦੀ ਦਾ ਕੁਝ ਅਸਰ ਦਿਖਾਈ ਦੇ ਰਿਹਾ ਹੈ,ਪਰ ਇਸਦੇ ਬਾਵਜੂਦ ਵੱਡੀ ਗਿਣਤੀ ਲੋਕ ਉਤਸ਼ਾਹ ਨਾਲ ਬਾਜਾਰਾਂ ਵਿਚ ਖਰੀਦਦਾਰੀ ਕਰ ਰਹੇ ਹਨ| ਕਈ ਦੁਕਾਨਾਂ ਵਾਲਿਆਂ ਨੇ ਤਾਂ ਦਿਵਾਲੀ ਮੌਕੇ ਰੇਡੀਮੇਡ ਕਪੜਿਆਂ, ਜੁਤਿਆਂ ਅਤੇ ਹੋਰ ਸਮਾਨ ਦੀ ਸੇਲ ਵੀ  ਲਗਾ ਦਿਤੀ ਹੈ| ਸੇਲ ਵਾਲੀਆਂ ਦੁਕਾਨਾਂ ਉਪਰ ਵੀ ਲੋਕਾਂ ਦੀ ਭੀੜ ਨਜਰ ਆ ਰਹੀ ਹੈ|

Converted from Joy

Leave a Reply

Your email address will not be published. Required fields are marked *