ਦਿਵਾਲੀ ਮੌਕੇ ਰੌਣਕਾਂ ਲੱਗੀਆਂ, ਦੁਕਾਨਾਂ ਸਜੀਆਂ, ਗ੍ਰਾਹਕ ਨਦਾਰਦ

ਦਿਵਾਲੀ ਮੌਕੇ ਰੌਣਕਾਂ ਲੱਗੀਆਂ, ਦੁਕਾਨਾਂ ਸਜੀਆਂ, ਗ੍ਰਾਹਕ ਨਦਾਰਦ
ਦੁਕਾਨਾਂ ਉਪਰ ਸਮਾਨ ਦੀ ਵਿਕਰੀ ਘੱਟ ਹੋਣ ਕਾਰਨ ਦੁਕਾਨਦਾਰ ਨਿਰਾਸ਼
ਐਸ ਏ ਐਸ ਨਗਰ, 5 ਨਵੰਬਰ (ਸ.ਬ.) ਦਿਵਾਲੀ ਦਾ ਤਿਉਹਾਰ ਨੇੜੇ ਆਉਣ ਕਾਰਨ ਸ਼ਹਿਰ ਵਿੱਚ ਹਰ ਪਾਸੇ ਰੌਣਕਾਂ ਲਗੀਆਂ ਹੋਈਆਂ ਹਨ| ਹਰ ਇਲਾਕੇ ਦੀਆਂ ਮਾਰਕੀਟਾਂ ਵਿੱਚ ਸਥਿਤ ਦੁਕਾਨਾਂ ਦੁਲਹਣ ਵਾਂਗ ਸਜ ਗਈਆਂ ਹਨ| ਸ਼ਹਿਰ ਦੇ ਬਾਜਾਰਾਂ ਵਿੱਚ ਦਿਵਾਲੀ ਕਾਰਨ ਸਾਰਾ ਦਿਨ ਹਰ ਪਾਸੇ ਲੋਕਾਂ ਦੀ ਭੀੜ ਵੀ ਨਜਰ ਆ ਰਹੀ ਹੈ, ਦੂਜੇ ਪਾਸੇ ਦੁਕਾਨਾਂ ਸਜਾ ਕੇ ਦਿਵਾਲੀ ਮੌਕੇ ਮੋਟੀ ਕਮਾਈ ਕਰਨ ਦੀ ਉਡੀਕ ਕਰ ਰਹੇ ਵੱਡੀ ਗਿਣਤੀ ਦੁਕਾਨਦਾਰ ਇਸ ਵਾਰ ਵਿਕਰੀ ਘੱਟ ਹੋਣ ਕਾਰਨ ਨਿਰਾਸ਼ ਹਨ| ਦੁਕਾਨਾਂ ਸਜਾਈ ਬੈਠੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਦਿਵਾਲੀ ਕਾਰਨ ਭਾਵੇਂ ਹਰ ਪਾਸੇ ਰੌਣਕਾਂ ਲੱਗੀਆਂ ਹੋਈਆਂ ਹਨ ਤੇ ਲੋਕ ਵੱਡੀ ਗਿਣਤੀ ਵਿੱਚ ਮਾਰਕੀਟਾਂ ਵਿੱਚ ਆ ਵੀ ਰਹੇ ਹਨ ਪਰ ਇਸਦੇ ਬਾਵਜੂਦ ਦੁਕਾਨਾਂ ਉਪਰ ਵਿਕਰੀ ਪਿਛਲੇ ਸਾਲ ਨਾਲੋਂ ਘੱਟ ਹੈ| ਆਮ ਲੋਕ ਰੌਣਕ ਮੇਲਾ ਵੇਖਣ ਲਈ ਬਾਜਾਰਾਂ ਵਿੱਚ ਤਾਂ ਆ ਰਹੇ ਹਨ ਪਰ ਉਹ ਖਰੀਦਦਾਰੀ ਕਰਨ ਤੋਂ ਗੁਰੇਜ ਕਰ ਰਹੇ ਹਨ ਜਾਂ ਫਿਰ ਸਿਰਫ ਜਰੂਰੀ ਸਮਾਨ ਹੀ ਖਰੀਦ ਰਹੇ ਹਨ| ਜਿਸ ਕਾਰਨ ਦੁਕਾਨਦਾਰਾਂ ਨੂੰ ਦਿਵਾਲੀ ਮੌਕੇ ਮੋਟੀ ਕਮਾਈ ਹੋਣ ਦੀ ਆਸ ਮੱਧਮ ਹੋ ਗਈ ਹੈ|
ਦਿਵਾਲੀ ਅਤੇ ਹੋਰ ਤਿਉਹਾਰਾਂ ਮੌਕੇ ਹੀ ਦੁਕਾਨਦਾਰਾਂ ਨੇ ਸਾਲ ਭਰ ਦੀ ਕਮਾਈ ਕਰਨੀ ਹੁੰਦੀ ਹੈ, ਪਰ ਇਸ ਵਾਰੀ ਲਗਭਗ ਸਾਰੇ ਤਿਉਹਾਰਾਂ ਮੌਕੇ ਆਮ ਲੋਕਾਂ ਵਲੋਂ ਸਿਰਫ ਜਰੂਰੀ ਚੀਜਾਂ ਦੀ ਹੀ ਖਰੀਦਦਾਰੀ ਕੀਤੀ ਗਈ| ਦਿਵਾਲੀ ਵਿੱਚ ਸਿਰਫ ਇਕ ਦੋ ਦਿਨ ਹੀ ਰਹਿ ਜਾਣ ਕਾਰਨ ਭਾਵੇਂ ਹਰ ਪਾਸੇ ਹੀ ਰੌਣਕਾਂ ਲੱਗੀਆਂ ਹੋਈਆਂ ਹਨ ਪਰ ਫਿਰ ਵੀ ਦੁਕਾਨਾਂ ਉਪਰ ਗ੍ਰਾਹਕਾਂ ਘੱਟ ਹਨ| ਜਿਹਨਾਂ ਦੁਕਾਨਾਂ ਉਪਰ ਗਾਹਕ ਦਿਖਦੇ ਵੀ ਹਨ ਉੱਥੇ ਵੀ ਲੋਕ ਸਿਰਫ ਜਰੂਰੀ ਸਮਾਨ ਹੀ ਖਰੀਦਦੇ ਦਿਖਾਈ ਦੇ ਰਹੇ ਹਨ|
ਦੂਜੇ ਪਾਸੇ ਆਮ ਲੋਕਾਂ ਦਾ ਕਹਿਣਾ ਹੈ ਕਿ ਬਾਜਾਰਾਂ ਵਿੱਚ ਵਿਕਣ ਲਈ ਪਿਆ ਸਮਾਨ ਬਹੁਤ ਮਹਿੰਗਾ ਹੈ, ਜਿਸ ਕਰਕੇ ਇਹ ਸਮਾਨ ਉਹਨਾਂ ਦੀ ਪਹੁੰਚ ਤੋਂ ਬਾਹਰ ਹੀ ਹੋ ਗਿਆ ਹੈ| ਦਿਵਾਲੀ ਮੌਕੇ ਲੋਕਾਂ ਵਲੋਂ ਪਾਠ ਪੂਜਾ ਕਰਨ ਲਈ ਹਰ ਸਾਲ ਦੇਵੀ ਦੇਵਤਿਆਂ ਅਤੇ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਨਵੀਆਂ ਹੀ ਖਰੀਦੀਆਂ ਜਾਂਦੀਆਂ ਹਨ ਪਰ ਇਸ ਵਾਰੀ ਇਹ ਤਸਵੀਰਾਂ ਬਹੁਤ ਜਿਆਦਾ ਮਹਿੰਗੀਆਂ ਹੋਣ ਕਾਰਨ ਲੋਕ ਇਹਨਾਂ ਤਸਵੀਰਾਂ ਨੂੰ ਵੀ ਖਰੀਦਣ ਤੋਂ ਗੁਰੇਜ ਕਰ ਰਹੇ ਹਨ|
ਦੁਕਾਨਦਾਰਾਂ ਨੇ ਧਾਰਮਿਕ ਤਸਵੀਰਾਂ ਦੇ ਨਾਲ ਨਾਲ ਸੀਨਰੀਆਂ ਅਤੇ ਹੋਰ ਕਈ ਤਰਾਂ ਦੀਆਂ ਤਸਵੀਰਾਂ ਅਤੇ ਹੋਰ ਸਮਾਨ ਵੀ ਦੁਕਾਨਾਂ ਦੇ ਬਾਹਰ ਸਜਾ ਕੇ ਰੱਖਿਆ ਹੈ, ਕਈ ਦੁਕਾਨਦਾਰਾਂ ਨੇ ਤਾਂ ਆਪਣਾ ਸਮਾਨ ਵੇਚਣ ਲਈ ਸੇਲ ਵੀ ਲਗਾਈ ਹੋਈ ਹੈ, ਪਰ ਫਿਰ ਵੀ ਲੋਕ ਸਮਾਨ ਦੀ ਖਰੀਦਦਾਰੀ ਘੱਟ ਅਤੇ ਲੋੜ ਮੁਤਾਬਕ ਹੀ ਕਰ ਰਹੇ ਹਨ| ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜੇ ਮੋਦੀ ਸਰਕਾਰ ਦੇ ਇਹ ਹੀ ਅੱਛੇ ਦਿਨ ਹਨ ਤਾਂ ਮਾੜੇ ਦਿਨਾਂ ਦੌਰਾਨ ਤਾਂ ਫਾਕੇ ਕਟਣ ਦੀ ਨੌਬਤ ਆ ਜਾਵੇਗੀ|

Leave a Reply

Your email address will not be published. Required fields are marked *