ਦਿੱਲੀ-ਉੱਤਰ ਭਾਰਤ ਵਿੱਚ ਬਰਫ਼ੀਲੀਆਂ ਹਵਾਵਾਂ ਦਾ ਕਹਿਰ ਜਾਰੀ

ਨਵੀਂ ਦਿੱਲੀ, 25 ਜਨਵਰੀ (ਸ.ਬ.) ਦੇਸ਼ ਦੇ ਉੱਤਰੀ ਹਿੱਸੇ ਵਿੱਚ ਕੜਾਕੇ ਦੀ ਠੰਡ, ਸੰਘਣੀ ਧੁੰਦ ਅਤੇ ਸ਼ੀਤ ਲਹਿਰ ਦਾ ਕਹਿਰ ਜਾਰੀ ਹੈ। ਪਹਿਲਾਂ ਹੀ ਕੜਾਕੇ ਦੀ ਠੰਡ ਅਤੇ ਸ਼ੀਤ ਲਹਿਰ ਕਾਰਨ ਕਈ ਸ਼ਹਿਰਾਂ ਦਾ ਪਾਰਾ ਡਿੱਗਿਆ ਹੋਇਆ ਹੈ। ਉੱਥੇ ਹੀ ਹੁਣ ਪਹਾੜੀ ਇਲਾਕਿਆਂ ਵਿੱਚ ਹੋ ਰਹੀ ਬਰਫਬਾਰੀ ਨਾਲ ਮੈਦਾਨੀ ਇਲਾਕਿਆਂ ਵਿੱਚ ਬਰਫੀਲੀਆਂ ਹਵਾਵਾਂ ਕਹਿਰ ਢਾਹ ਰਹੀਆਂ ਹਨ। ਪਿਛਲੇ ਕਈ ਦਿਨਾਂ ਤੋਂ ਹਰਿਆਣਾ, ਉੱਤਰ ਪ੍ਰਦੇਸ਼, ਦਿੱਲੀ ਸਮੇਤ ਜ਼ਿਆਦਾਤਰ ਸੂਬਿਆਂ ਵਿੱਚ ਸਵੇਰੇ-ਸ਼ਾਮ ਸੰਘਣੀ ਧੁੰਦ ਪੈ ਰਹੀ ਹੈ, ਜਿਸ ਕਾਰਨ ਲੋਕਾਂ ਦੀਆਂ ਪ੍ਰੇਸ਼ਾਨੀਆਂ ਵੱਧ ਰਹੀਆਂ ਹਨ।

ਮੌਸਮ ਵਿਗਿਆਨ ਵਿਭਾਗ (ਆਈ. ਐਮ. ਡੀ.) ਅਨੁਸਾਰ, ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ ਅਤੇ ਦਿੱਲੀ-ਐਨ. ਸੀ. ਆਰ. ਵਿੱਚ 26 ਜਨਵਰੀ ਤੱਕ ਕੜਾਕੇ ਦੀ ਠੰਡ ਪਵੇਗੀ ਜਦਕਿ 27 ਜਨਵਰੀ ਤੱਕ ਉੱਤਰੀ ਰਾਜਸਥਾਨ, ਪੰਜਾਬ, ਹਰਿਆਣਾ, ਚੰਡੀਗੜ੍ਹ, ਪੱਛਮੀ ਉੱਤਰ ਪ੍ਰਦੇਸ਼ ਅਤੇ ਪੱਛਮੀ ਮੱਧ ਪ੍ਰਦੇਸ਼ ਵਿੱਚ ਸ਼ੀਤ ਲਹਿਰ ਦਾ ਦੌਰ ਜਾਰੀ ਰਹੇਗਾ। ਅਜਿਹਾ ਅੱਜ ਤੋਂ ਜੰਮੂ ਕਸ਼ਮੀਰ ਤੋਂ ਪੱਛਮੀ ਗੜਬੜੀ ਦੇ ਉੱਤਰ-ਪੂਰਬ ਵੱਲ੍ਹ ਵੱਧਣ ਕਾਰਨ ਹੋਵੇਗਾ। ਇਸਦੇ ਅਸਰ ਨਾਲ ਮੈਦਾਨੀ ਇਲਾਕਿਆਂ ਵਿੱਚ ਸਰਦ ਹਵਾਵਾਂ ਚੱਲਣਗੀਆਂ।

ਮੌਸਮ ਵਿਭਾਗ ਅਨੁਸਾਰ ਅੱਜ ਸਵੇਰ ਤੋਂ ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਮੱਧ ਪ੍ਰਦੇਸ਼, ਬਿਹਾਰ, ਦਿੱਲੀ, ਆਸਾਮ, ਮੇਘਾਲਿਆ, ਤ੍ਰਿਪੁਰਾ, ਉੜੀਸਾ ਅਤੇ ਸਿੱਕਮ ਵਿੱਚ ਸੰਘਣੀ ਧੁੰਦ ਛਾਈ ਹੋਈ ਹੈ। ਬਨਾਰਸ, ਮਾਲਦਾ, ਬਾਲਾਸੋਰ, ਪਾਰਾਦੀਪ ਵਿੱਚ ਅੱਜ ਸਵੇਰੇ 5:30 ਵਜੇ 25 ਮੀਟਰ ਦੀ ਦ੍ਰਿਸ਼ਤਾ ਦਰਜ ਕੀਤੀ ਗਈ। ਉੱਥੇ ਹੀ ਚੰਡੀਗੜ੍ਹ, ਬਹਿਰਾਈਚ, ਲਖਨਊ, ਸੁਲਤਾਨਪੁਰ, ਗਯਾ, ਭਾਗਲਪੁਰ, ਪੂਰਨੀਆ, ਅਗਰਤਲਾ ਵਿੱਚ 50 ਮੀਟਰ ਦ੍ਰਿਸ਼ਤਾ ਦਰਜ ਕੀਤੀ ਗਈ ਜਦਕਿ ਪਟਿਆਲਾ, ਹਿਸਾਰ, ਗਵਾਲੀਅਰ, ਗੋਰਖਪੁਰ, ਚੰਦਬਲੀ, ਕੈਲਾਸ਼ਹਿਰ, ਤੇਜ਼ਪੁਰ ਵਿੱਚ 200 ਮੀਟਰ ਦੀ ਦ੍ਰਿਸ਼ਤਾ ਰਹੀ। ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਅਜਿਹਾ ਮੌਸਮ ਬਣੇ ਰਹਿਣ ਦਾ ਖਦਸ਼ਾ ਜਤਾਇਆ ਹੈ। ਇਹੀ ਨਹੀਂ ਧੁੰਦ, ਬਰਫ਼ਬਾਰੀ ਅਤੇ ਸ਼ੀਤ ਲਹਿਰ ਵਿਚਾਲੇ ਯੂ.ਪੀ. ਅਤੇ ਝਾਰਖੰਡ ਸਮੇਤ ਦੇਸ਼ ਦੇ ਕਈ ਸੂਬਿਆਂ ਵਿੱਚ ਮੀਂਹ ਦਾ ਖਦਸ਼ਾ ਵੀ ਜਤਾਇਆ ਜਾ ਰਿਹਾ ਹੈ।

Leave a Reply

Your email address will not be published. Required fields are marked *