ਦਿੱਲੀ ਏਮਜ਼ ਦੇ ਰੈਜੀਡੈਂਟ ਡਾਕਟਰਾਂ ਦੀ ਅਣਮਿੱਥੇ ਸਮੇਂ ਲਈ ਹੜਤਾਲ, ਸੀਨੀਅਰ ਨੇ ਮਾਰਿਆ ਸੀ ਥੱਪੜ

ਨਵੀਂ ਦਿੱਲੀ, 27 ਅਪ੍ਰੈਲ (ਸ.ਬ.) ਦਿੱਲੀ ਏਮਜ਼ ਦੇ ਰੇਜੀਡੈਂਟ ਡਾਕਟਰ ਐਸੋਸੀਏਸ਼ਨ ਨੇ ਅਣਮਿੱਥੇ ਸਮੇਂ ਦੀ ਹੜਤਾਲ ਦਾ ਐਲਾਨ ਕੀਤਾ ਹੈ| ਏਮਜ਼ ਦੇ ਆਰ.ਪੀ. ਸੈਂਟਰ ਦੇ ਮੁੱਖ ਡਾਕਟਰ ਅਤੁੱਲ ਕੁਮਾਰ ਨੇ ਬੀਤੇ ਦਿਨੀਂ ਰੇਜੀਡੈਂਟ ਡਾਕਟਰ ਨੂੰ ਥੱਪੜ ਮਾਰ ਦਿੱਤਾ ਸੀ| ਇਸੇ ਮਾਮਲੇ ਦੇ ਵਿਰੋਧ ਵਿੱਚ ਰੈਜੀਡੈਂਟ ਡਾਕਟਰਜ਼ ਐਸੋਸੀਏਸ਼ਨ (ਆਰ.ਡੀ.ਏ.) ਨੇ ਅਣਮਿੱਥੇ ਸਮੇਂ ਦੀ ਹੜਤਾਲ ਦਾ ਐਲਾਨ ਕੀਤਾ| ਐਸੋਸੀਏਸ਼ਨ ਦੇ ਚੇਅਰਮੈਨ ਨੇ ਦੱਸਿਆ ਕਿ ਅਸੀਂ ਸਿਰਫ ਐਮਰਜੈਂਸੀ ਅਤੇ ਆਈ.ਸੀ.ਯੂ. ਸੇਵਾਵਾਂ ਨੂੰ ਬਣਾਈ ਰੱਖਾਂਗੇ| ਇਹ ਹੜਤਾਲ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਦੋਸ਼ੀ ਡਾਕਟਰ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਇਆ ਨਹੀਂ ਜਾਂਦਾ ਹੈ| ਜ਼ਿਕਰਯੋਗ ਹੈ ਕਿ ਦੇਰ ਸ਼ਾਮ ਏਮਜ਼ ਦੇ ਰੈਜੀਡੈਂਟ ਡਾਕਟਰਜ਼ ਐਸੋਸੀਏਸ਼ਨ (ਆਰ.ਡੀ.ਏ.) ਨੇ ਨਿਰਦੇਸ਼ਕ ਡਾ. ਰਣਦੀਪ ਗੁਲੇਰੀਆ ਨਾਲ ਬੈਠਕ ਨੂੰ ਅਸਫ਼ਲ ਦੱਸਦੇ ਹੋਏ ਹੜਤਾਲ ਦਾ ਐਲਾਨ ਕੀਤਾ| ਦੂਜੇ ਪਾਸੇ ਇਸ ਘਟਨਾ ਦਰਮਿਆਨ ਮਰੀਜ਼ਾਂ ਨੂੰ ਇਲਾਜ ਨਹੀਂ ਮਿਲ ਰਿਹਾ ਹੈ| ਏਮਜ਼ ਆਰ.ਡੀ.ਏ. ਦੇ ਚੇਅਰਮੈਨ ਡਾ. ਹਰਜੀਤ ਸਿੰਘ ਭੱਟੀ ਨੇ ਦੱਸਿਆ ਕਿ ਡਾਕਟਰ ਰਾਜੇਂਦਰ ਪ੍ਰਸਾਦ ਨੇਤਰਵਿਗਿਆਨ ਕੇਂਦਰ (ਆਰ.ਪੀ. ਸੈਂਟਰ) ਦੇ ਮੁੱਖ ਡਾਕਟਰ ਅਤੁੱਲ ਕੁਮਾਰ ਬੀਤੀ ਸਵੇਰ ਨਿਰੀਖਣ ਕਰ ਰਹੇ ਸਨ| ਇਸ ਦੌਰਾਨ ਉਨ੍ਹਾਂ ਨੇ ਇਕ ਰੈਜੀਡੈਂਟ ਡਾਕਟਰ ਨੂੰ ਕਿਸੇ ਗੱਲ ਤੇ ਥੱਪੜ ਮਾਰ ਦਿੱਤਾ| ਇਸ ਦੌਰਾਨ ਮਰੀਜ਼ਾਂ ਤੋਂ ਲੈ ਕੇ ਰਿਸ਼ਤੇਦਾਰ ਅਤੇ ਹੋਰ ਡਾਕਟਰ ਵੀ ਮੌਜੂਦ ਸਨ| ਘਟਨਾ ਦੇ ਸਮੇਂ ਪੀੜਤ ਰੈਜੀਡੈਂਟ ਕਾਫੀ ਡਰ ਗਿਆ ਅਤੇ ਘਰ ਚਲਾ ਗਿਆ ਪਰ ਹੋਰ ਚਸ਼ਮਦੀਦ ਡਾਕਟਰਾਂ ਤੋਂ ਸੂਚਨਾ ਮਿਲਣ ਤੋਂ ਬਾਅਦ ਅੱਜ ਇਹ ਮਾਮਲਾ ਪੂਰੀ ਸੰਸਥਾ ਵਿੱਚ ਫੈਲ ਗਿਆ| ਆਰ.ਡੀ.ਏ. ਨੇ ਇਸ ਮਾਮਲੇ ਵਿੱਚ ਨਿਰਦੇਸ਼ਕ ਡਾਕਟਰ ਰਣਦੀਪ ਗੁਲੇਰੀਆ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਪਰ ਸ਼ਾਮ ਕਰੀਬ 4.30 ਵਜੇ ਏਮਜ਼ ਨਿਰਦੇਸ਼ਕ ਦਫ਼ਤਰ ਵਿੱਚ ਰੈਜੀਡੈਂਟ ਡਾਕਟਰਾਂ ਦੀ ਭੀੜ ਇਕੱਠੀ ਹੋਣ ਲੱਗੀ| ਡਾ. ਹਰਜੀਤ ਦਾ ਕਹਿਣਾ ਹੈ ਕਿ ਏਮਜ਼ ਦੇ ਰੈਜੀਡੈਂਟ ਡਾਕਟਰਾਂ ਨੇ ਇਸ ਮਾਮਲੇ ਵਿੱਚ ਤੁਰੰਤ ਠੋਸ ਕਾਰਵਾਈ ਦੀ ਮੰਗ ਕੀਤੀ ਹੈ| ਡਾਕਟਰ ਅਤੁੱਲ ਕੁਮਾਰ ਨੂੰ ਜਦੋਂ ਤੱਕ ਅਹੁਦੇ ਤੋਂ ਨਹੀਂ ਹਟਾਇਆ ਜਾਵੇਗਾ, ਉਹ ਹੜਤਾਲ ਜਾਰੀ ਰੱਖਣਗੇ| ਸਿਰਫ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਹੋਰ ਸਾਰੀਆਂ ਥਾਂਵਾਂ ਤੇ ਰੈਜੀਡੈਂਟ ਡਾਕਟਰ ਸੇਵਾਵਾਂ ਨਹੀਂ ਦੇਣਗੇ|
ਨਿਰਦੇਸ਼ਕ ਨੂੰ ਦਿੱਤੀ ਸ਼ਿਕਾਇਤ ਵਿੱਚ ਡਾਕਟਰਾਂ ਨੇ ਮੁੱਖ ਰੂਪ ਨਾਲ ਚਾਰ ਮੰਗਾਂ ਕੀਤੀਆਂ ਹਨ| ਇਨ੍ਹਾਂ ਵਿੱਚ ਡਾ. ਅਤੁੱਲ ਨੂੰ ਤੁਰੰਤ ਸਸਪੈਂਡ ਕੀਤਾ ਜਾਵੇ, ਉਨ੍ਹਾਂ ਤੋਂ ਸੁਪਰਵਾਈਜਰ ਦਾ ਅਧਿਕਾਰ ਵਾਪਸ ਲਿਆ ਜਾਵੇ, ਲਿਖਤੀ ਵਿੱਚ ਡਾਕਟਰਾਂ ਤੋਂ ਮੁਆਫ਼ੀ ਲਈ ਜਾਵੇ ਅਤੇ ਏਮਜ਼ ਪ੍ਰਬੰਧਨ ਨੂੰ ਇਸ ਘਟਨਾ ਤੋਂ ਬਾਅਦ ਫੈਕਲਟੀ ਲਈ ਇਕ ਕੋਡ ਆਫ ਕੰਡਕਟ ਬਣਾਉਣਾ ਚਾਹੀਦਾ ਤਾਂ ਕਿ ਫਿਰ ਕਿਸੇ ਵੀ ਰੈਜੀਡੈਂਟ ਡਾਕਟਰ ਨਾਲ ਇਸ ਤਰ੍ਹਾਂ ਦਾ ਵਤੀਰਾ ਫੈਕਲਟੀ ਮੈਂਬਰ ਨਾ ਕਰਨ| ਏਮਜ਼ ਆਰ.ਡੀ.ਏ. ਦਾ ਕਹਿਣਾ ਹੈ ਕਿ ਆਰ.ਪੀ. ਸੈਂਟਰ ਦੇ ਕਰੀਬ 15 ਰੈਜੀਡੈਂਟ ਡਾਕਟਰਾਂ ਨਾਲ ਹੁਣ ਤੱਕ ਗਲਤ ਵਤੀਰਾ ਕੀਤਾ ਜਾ ਚੁਕਿਆ ਹੈ| ਸੀਨੀਅਰ ਡਾਕਟਰ ਰੈਜੀਡੈਂਟਸ ਨੂੰ ਪ੍ਰੀਖਿਆਵਾਂ ਵਿੱਚ ਫੇਲ ਕਰਨ ਦੀਆਂ ਧਮਕੀਆਂ ਦਿੰਦੇ ਹਨ| ਆਰ.ਡੀ.ਏ. ਨੇ ਏਮਜ਼ ਨਿਰਦੇਸ਼ਕ ਤੋਂ ਇਸ ਅਨਿਆਂ ਨੂੰ ਰੋਕਣ ਲਈ ਠੋਸ ਕਦਮ ਚੁੱਕਣ ਦੀ ਮੰਗ ਕੀਤੀ ਹੈ| ਏਮਜ਼ ਨਿਰਦੇਸ਼ਕ ਵੱਲੋਂ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ ਗਈ| ਉਥੇ ਹੀ ਆਰ.ਪੀ. ਸੈਂਟਰ ਦੇ ਮੁੱਖ ਡਾਕਟਰ ਅਤੁੱਲ ਕੁਮਾਰ ਦੇ ਦਫ਼ਤਰ ਵਿੱਚ ਜਦੋਂ ਸੰਪਰਕ ਕੀਤਾ ਤਾਂ ਰੁਝੇ ਹੋਣ ਦਾ ਹਵਾਲਾ ਦੇ ਕੇ ਜਵਾਬ ਦੇਣ ਤੋਂ ਮਨ੍ਹਾ ਕਰ ਦਿੱਤਾ|

Leave a Reply

Your email address will not be published. Required fields are marked *