ਦਿੱਲੀ ਦੀ ਆਬੋ-ਹਵਾ ਹੋਈ ਹੋਰ ਖਰਾਬ


ਨਵੀਂ ਦਿੱਲੀ, 13 ਅਕਤੂਬਰ (ਸ.ਬ.) ਦਿੱਲੀ ਦੀ ਆਬੋ-ਹਵਾ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ| ਅੱਜ ਸਵੇਰੇ ਹਵਾ ਦੀ ਗੁਣਵੱਤਾ ‘ਬਹੁਤ ਖਰਾਬ’ ਸ਼੍ਰੇਣੀ ਵਿਚ ਦਰਜ ਕੀਤੀ ਗਈ| ਦੱਸ ਦੇਈਏ ਕਿ ਦਿੱਲੀ ਵਿੱਚ ਹਵਾ ਗੁਣਵੱਤਾ ਸੂਚਕਾਂਕ (ਏਅਰ ਕੁਆਲਿਟੀ ਇੰਡੈਕਸ) 332 ਤੱਕ ਚੱਲਾ ਗਿਆ ਹੈ, ਜੋ ਕਿ ਬਹੁਤ ਖਰਾਬ ਸ਼੍ਰੇਣੀ ਹੈ| ਅਨੁਮਾਨ ਹੈ ਕਿ ਦਿੱਲੀ ਦੀ ਹਵਾ ਅਜੇ ਹੋਰ ਵੀ ਖਰਾਬ ਸਥਿਤੀ ਵਿੱਚ ਪਹੁੰਚ ਸਕਦੀ ਹੈ| ਸਥਾਨਕ ਲੋਕਾਂ ਦੀ ਮੰਨੀਏ ਤਾਂ ਉਨ੍ਹਾਂ ਨੂੰ ਅੱਖਾਂ ਵਿੱਚ ਜਲਣ ਹੋਣ ਲੱਗੀ ਹੈ| ਸੋਮਵਾਰ ਨੂੰ ਵੀ ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ 240 ਤੇ ਸੀ, ਜੋ ਕਿ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ| ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਮੁਤਾਬਕ ਸਵੇਰੇ ਦਿੱਲੀ-ਐਨ. ਸੀ. ਆਰ. ਵਿਚ ਪੀਐਮ-10 ਦਾ ਪੱਧਰ 332 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਰਿਹਾ, ਜੋ ਇਸ ਮੌਸਮ ਵਿੱਚ ਹੁਣ ਤੱਕ ਦਾ ਵਧੇਰੇ ਹੈ|
ਸਰਦੀਆਂ ਸ਼ੁਰੂ ਹੋਣ ਵਾਲੀਆਂ ਹਨ ਅਤੇ ਧੁੰਦ ਦੇ ਨਾਲ-ਨਾਲ ਦੂਸ਼ਿਤ ਹਵਾ ਤੋਂ ਦਿੱਲੀ ਵਾਸੀਆਂ ਨੂੰ ਦੋ-ਚਾਰ ਹੋਣਾ ਪਵੇਗਾ| ਕੋਰੋਨਾ ਮਹਾਮਾਰੀ ਕਾਰਨ ਲਾਗੂ ਤਾਲਾਬੰਦੀ ਵਿਚ ਦਿੱਲੀ ਦੀ ਹਵਾ ਵਿੱਚ ਵੱਡਾ ਸੁਧਾਰ ਵੇਖਣ ਨੂੰ ਮਿਲਿਆ ਸੀ| ਦਿੱਲੀ ਵਿਚ ਹਵਾ ਪ੍ਰਦਸ਼ਣ ਦਾ ਸਭ ਤੋਂ ਵੱਡਾ ਕਾਰਨ ਗੱਡੀਆਂ ਦੀ ਵਧੇਰੇ ਆਵਾਜਾਈ ਹੈ, ਜਿਸ ਤੋਂ ਨਿਕਲਣ ਵਾਲਾ ਜ਼ਹਿਰੀਲਾ ਧੂੰਆਂ ਸ਼ਹਿਰ ਨੂੰ ਗੰਦਲਾ ਕਰ ਰਿਹਾ ਹੈ| ਜਿਸ ਕਾਰਨ ਲੋਕਾਂ ਨੂੰ ਅੱਖਾਂ ਵਿੱਚ ਜਲਣ, ਸਾਹ ਘੁੱਟਣ ਅਤੇ ਖੰਘ ਆਦਿ ਦੀਆਂ ਪਰੇਸ਼ਾਨੀਆਂ ਨਾਲ ਜੂਝਣਾ ਪੈਂਦਾ ਹੈ|
ਜਿਕਰਯੋਗ ਹੈ ਕਿ ਦਿੱਲੀ ਵਿਚ ਹਵਾ ਦੀ ਗੁਣਵੱਤਾ 0 ਤੋਂ 50 ਦਰਮਿਆਨ ਹੋਵੇ ਤਾਂ ਉਸ ਨੂੰ ਚੰਗੀ ਸ਼੍ਰੇਣੀ ਵਿੱਚ ਗਿਣਿਆ ਜਾਂਦਾ ਹੈ| ਇਸ ਤੋਂ ਬਾਅਦ 51 ਤੋਂ 100 ਤੱਕ ‘ਤਸੱਲੀਬਖਸ਼’, 101 ਤੋਂ 200 ਤੱਕ ‘ਮੱਧ ਸ਼੍ਰੇਣੀ’, 201 ਤੋਂ 300 ਤੱਕ ‘ਖਰਾਬ’, 301 ਤੋਂ 400 ਤੱਕ ‘ਬਹੁਤ ਖਰਾਬ ਸ਼੍ਰੇਣੀ’ ਅਤੇ 401 ਤੋਂ 500 ਦਰਮਿਆਨ ‘ਗੰਭੀਰ’ ਮੰਨੀ ਜਾਂਦੀ ਹੈ| ਦੱਸ ਦੇਈਏ ਕਿ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿਚ ਪਾਰਲੀ ਸਾੜੇ ਜਾਣ ਕਾਰਨ ਦਿੱਲੀ ਦੀ ਆਬੋ-ਹਵਾ ਪ੍ਰਭਾਵਿਤ ਹੋਈ ਹੈ|

Leave a Reply

Your email address will not be published. Required fields are marked *