ਦਿੱਲੀ : ਦੁਕਾਨ ਵਿੱਚੋਂ ਮਿਲੇ ਸੀਕ੍ਰੇਟ ਲਾਕਰ, 25 ਕਰੋੜ ਬਰਾਮਦ

ਨਵੀਂ ਦਿੱਲੀ, 3 ਦਸੰਬਰ (ਸ.ਬ.) ਇਨਕਮ ਟੈਕਸ ਵਿਭਾਗ ਨੇ ਦਿੱਲੀ ਦੇ ਚਾਂਦਨੀ ਚੌਕ ਇਲਾਕੇ ਵਿਚ ਛਾਪਾ ਮਾਰ ਕੇ ਹਵਾਲਾ ਕਾਰੋਬਾਰ ਨਾਲ ਜੁੜੇ ਇਕ ਵੱਡੇ ਰੈਕੇਟ ਦਾ ਖੁਲਾਸਾ ਕੀਤਾ ਹੈ| ਵਿਭਾਗ ਮੁਤਾਬਕ 100 ਤੋਂ ਜ਼ਿਆਦਾ ਲਾਕਰ ਬਰਾਮਦ ਹੋਏ ਹਨ, ਜਿਨ੍ਹਾਂ ਵਿੱਚੋਂ 25 ਕਰੋੜ ਦੀ ਨਕਦੀ ਬਰਾਮਦ ਹੋਈ ਹੈ| ਇਹ ਲਾਕਰ ਚਾਂਦਨੀ ਚੌਕ ਵਿਚ ਦੁਕਾਨ ਦੀ ਬੈਸਮੈਂਟ ਵਿਚੋਂ ਮਿਲੇ ਹਨ| ਦੱਸਿਆ ਜਾ ਰਿਹਾ ਹੈ ਕਿ ਇਹ ਲਾਕਰ ਐੱਨ. ਸੀ. ਆਰ. ਵਿੱਚ ਕੈਮੀਕਲ, ਤੰਬਾਕੂ ਅਤੇ ਮੇਵਿਆਂ ਦੇ ਕਾਰੋਬਾਰ ਨਾਲ ਜੁੜੇ ਹਾਈ ਪ੍ਰੋਫਾਈਲ ਲੋਕਾਂ ਦੇ ਹਨ|
ਇਨ੍ਹਾਂ ਲਾਕਰਾਂ ਤੋਂ ਬਰਾਮਦ ਨਕਦੀ ਦੀ ਗਿਣਤੀ ਕਰਨ ਲਈ ਇਨਕਮ ਟੈਕਸ ਵਿਭਾਗ ਦੇ ਅਫਸਰਾਂ ਨੂੰ ਕਈ ਰਾਤਾਂ ਦੁਕਾਨਾਂ ਵਿਚ ਗੁਜਾਰਨੀਆਂ ਪਈਆਂ| ਇਹ ਅਫਸਰ ਦੁਕਾਨ ਵਿਚ ਹੀ ਸੌਂਦੇ, ਰਹਿੰਦੇ ਅਤੇ ਖਾਂਦੇ ਰਹੇ ਜਿਸ ਨਾਲ ਕਿ ਛੇਤੀ ਤੋਂ ਛੇਤੀ ਲਾਕਰ ਤੋਂ ਮਿਲੀ ਨਕਦੀ ਦੀ ਗਿਣਤੀ ਕੀਤੀ ਜਾ ਸਕੇ| ਸੂਤਰਾਂ ਦੀ ਮੰਨੀਏ ਤਾਂ ਹੁਣ ਵੀ ਨਕਦੀ ਦੀ ਗਿਣਤੀ ਜਾਰੀ ਹੈ, ਕਿਉਂਕਿ ਸਾਰੇ ਲਾਕਰਾਂ ਨੂੰ ਖੋਲ੍ਹਿਆ ਨਹੀਂ ਜਾ ਸਕਿਆ ਹੈ|
ਸ਼ੁਰੂਆਤੀ ਜਾਣਕਾਰੀ ਮੁਤਾਬਕ ਹਵਾਲਾ ਕਾਰੋਬਾਰੀਆਂ ਨੇ ਆਪਣੇ ਪੈਸੇ ਰੱਖਣ ਲਈ ਇਹ ਲਾਕਰ ਲਏ ਸਨ| ਇਸ ਦਾ ਨਾਅਤਾ ਦੁਬਈ ਦੇ ਹਵਾਲਾ ਕਾਰੋਬਾਰੀ ਪੰਕਜ ਕਪੂਰ ਨਾਲ ਜੁੜ ਰਿਹਾ ਹੈ| ਲਾਕਰ ਆਪਰੇਸ਼ਨ ਦੀ ਇਹ ਤੀਜੀ ਵੱਡੀ ਕਾਰਵਾਈ ਹੈ| ਸਤੰਬਰ ਵਿਚ ਦੁਬਈ ਨਾਲ ਜੁੜੇ 700 ਕਰੋੜ ਹਵਾਲਾ ਰੈਕਟ ਵਿੱਚ ਇਨਫੋਰਸਮੈਂਟ ਡਾਇਰੈਕਟਰ (ਈ.ਡੀ.) ਨੇ 29 ਲੱਖ ਨਕਦੀ ਅਤੇ ਦਸਤਾਵੇਜ਼ ਬਰਾਮਦ ਕੀਤੇ ਸਨ| ਓਧਰ ਸਥਾਨਕ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਵਿਕਰੀ ਤੋਂ ਬਾਅਦ ਜ਼ਿਆਦਾਤਰ ਲੋਕ ਆਪਣੀ ਨਕਦੀ ਇਨ੍ਹਾਂ ਪ੍ਰਾਈਵੇਟ ਲਾਕਰ ਵਿਚ ਰੱਖਦੇ ਸਨ|

Leave a Reply

Your email address will not be published. Required fields are marked *