ਦਿੱਲੀ ਦੇ ਹੋਟਲ ਵਿੱਚ ਅੱਗ ਲੱਗਣ ਕਾਰਨ 17 ਵਿਅਕਤੀਆਂ ਦੀ ਮੌਤ

ਨਵੀਂ ਦਿੱਲੀ, 12 ਫਰਵਰੀ (ਸ.ਬ.) ਦਿੱਲੀ ਦੇ ਕਰੋਲ ਬਾਗ ਖੇਤਰ ਵਿੱਚ ਸਥਿਤ ਅਰਪਿਤ ਪੈਲੇਸ ਹੋਟਲ ਵਿੱਚ ਲੱਗੀ ਅੱਗ ਨੇ ਨੀਂਦ ਵਿੱਚ ਸੁੱਤੇ 17 ਵਿਅਕਤੀਆਂ ਦੀ ਜਿੰਦਗੀ ਖੋਹ ਲਈ| ਅੱਜ ਤੜਕੇ ਚਾਰ ਵਜੇ ਲੱਗੀ ਅੱਗ ਨੇ ਲੋਕਾਂ ਨੂੰ ਸੰਭਲਣ ਤੱਕ ਦਾ ਮੌਕਾ ਨਹੀਂ ਦਿੱਤਾ| ਅੱਗ ਜਿਵੇਂ ਹੀ ਚੌਥੀ ਮੰਜਿਲ ਉੱਤੇ ਫੈਲੀ, ਲੋਕ ਬਦਹਵਾਸ ਹੋ ਗਏ| ਇਸ ਦੌਰਾਨ ਕੋਈ ਤਾਰ ਦੇ ਸਹਾਰੇ ਹੋਟਲ ਦੇ ਹੇਠਾਂ ਉਤਰਨ ਦੀ ਕੋਸ਼ਿਸ਼ ਕਰਨ ਲੱਗਿਆ ਤਾਂ ਕੋਈ ਸਿਰਹਾਣਿਆਂ ਦੇ ਸਹਾਰੇ ਜਾਨ ਬਚਾਉਣ ਲਈ ਛਾਲ ਮਾਰਨ ਲੱਗ ਪਿਆ| ਇੱਕ ਵਿਅਕਤੀ ਹੋਟਲ ਤੋਂ ਹੇਠਾਂ ਡਿੱਗਦਾ ਵੀ ਦਿਖਾਈ ਦਿੱਤਾ| ਇਸ ਦੌਰਾਨ ਇੱਕ ਮਹਿਲਾ ਅਤੇ ਇੱਕ ਬੱਚੇ ਦੀ ਪੰਜਵੀ ਮੰਜਿਲ ਤੋਂ ਛਾਲ ਮਾਰਨ ਦੀ ਕੋਸ਼ਿਸ਼ ਦੌਰਾਨ ਮੌਤ ਹੋ ਗਈ|
ਮੌਕੇ ਤੇ ਮੌਜੂਦ ਪ੍ਰਤੱਖ ਦਰਸ਼ੀਆਂ ਅਨੁਸਾਰ ਉੱਥੇ ਦਾ ਮੰਜਰ ਬਹੁਤ ਭਿਆਨਕ ਸੀ| ਮੌਕੇ ਤੇ ਮੌਜੂਦ ਹੋਰਨਾਂ ਵਿਅਕਤੀਆਂ ਦੇ ਮੁਤਾਬਕ ਅੱਗ ਲੱਗਣ ਦੇ ਦੌਰਾਨ ਕੁਲ ਚਾਰ – ਪੰਜ ਵਿਅਕਤੀਆਂ ਨੇ ਬਿਲਡਿੰਗ ਤੋਂ ਛਲਾਂਗ ਲਗਾ ਦਿੱਤੀ| ਇਸੇ ਦੌਰਾਨ ਅੱਗ ਦੀਆਂ ਲਪਟਾਂ ਦੇ ਡਰ ਕਾਰਨ ਇੱਕ ਵਿਦੇਸ਼ੀ ਔਰਤ ਨੇ ਤਾਰ ਫੜਕੇ ਹੋਟਲ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ, ਪਰ ਉਹ ਹੇਠਾਂ ਸੜਕ ਉੱਤੇ ਆ ਡਿੱਗੀ ਜਿਸਨੂੰ ਹਸਪਤਾਲ ਭੇਜਿਆ ਗਿਆ|
ਹੋਟਲ ਨੂੰ ਲੱਗੀ ਅੱਗ ਨੂੰ ਬੁਝਾਉਣ ਵਿੱਚ ਦੇਰੀ ਦੀ ਗੱਲ ਵੀ ਸਾਹਮਣੇ ਆਈ ਹੈ| ਇੱਕ ਚਸ਼ਮਦੀਦ ਨੇ ਦਸਿਆ ਕਿ ਅੱਗ ਬੁਝਾਉਣ ਵਾਲੀ ਵੱਡੀ ਗੱਡੀ ਦੀ ਪੌੜੀ ਅਟਕ ਗਈ ਸੀ, ਜਿਸਦੀ ਵਜ੍ਹਾ ਨਾਲ ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀਆਂ ਨੂੰ ਹੋਟਲ ਵਿੱਚ ਜਾਣ ਵਿੱਚ ਦੇਰੀ ਹੋਈ| ਇੱਕ ਹੋਰ ਚਸ਼ਮਦੀਦ ਨੇ ਦੱਸਿਆ ਕਿ ਐਂਬੁਲੈਂਸ ਦੇ ਆਉਣ ਤੱਕ ਅੱਗ ਲੱਗਭੱਗ ਬੁਝ ਚੁੱਕੀ ਸੀ ਅਤੇ ਸਿਰਫ ਧੂੰੁਆਂ ਬਚਿਆ ਸੀ|
ਮਰਨ ਵਾਲਿਆਂ ਵਿੱਚ ਜਿਆਦਾਤਰ ਦਿੱਲੀ ਆਏ ਟੂਰਿਸਟ ਅਤੇ ਹੋਰ ਲੋਕ ਸਨ| ਮਿਆਂਮਾਰ ਅਤੇ ਕੌਚੀ ਤੋਂ ਆਏ ਲੋਕ ਵੀ ਇਹਨਾਂ ਵਿੱਚ ਸ਼ਾਮਿਲ ਹਨ| ਇਸ ਘਟਨਾ ਵਿੱਚ ਜਿਆਦਾਤਰ ਮੌਤਾਂ ਧੂੰਏ ਕਾਰਨ ਸਾਹ ਘੁਟਣ ਦੇ ਕਾਰਨ ਹੋਈਆਂ ਹਨ| ਹੋਟਲ ਦੇ ਏ ਸੀ ਕਮਰਿਆਂ ਦੀਆਂ ਖਿੜਕੀਆਂ ਫਿਕਸ ਸਨ ਜਿਸ ਕਾਰਨ ਧੂੰਆਂ ਇਮਾਰਤ ਤੋਂ ਬਾਹਰ ਨਹੀਂ ਨਿਕਲ ਸਕਿਆ ਅਤੇ ਕਮਰਿਆਂ ਵਿੱਚ ਭਰਦਾ ਗਿਆ| ਡੂੰਘੀ ਨੀਂਦ ਵਿੱਚ ਹੋਣ ਕਾਰਨ ਹੋਟਲ ਵਿੱਚ ਠਹਿਰੇ ਵਿਅਕਤੀ ਧੁੰਏ ਅਤੇ ਅੱਗ ਦੀ ਲਪੇਟ ਵਿੱਚ ਆਉਂਦੇ ਗਏ| ਪ੍ਰਾਪਤ ਜਾਣਕਾਰੀ ਦੇ ਮੁਤਾਬਕ ਮਰਨ ਵਾਲੇ ਵਿਅਕਤੀਆਂ ਵਿੱਚੋਂ 3 ਵਿਅਕਤੀ ਕੇਰਲ ਤੋਂ ਹਨ ਜਦੋਂਕਿ 2 ਵਿਅਕਤੀ ਮਿਆਂਮਾਰ ਤੋਂ ਆਏ ਹੋਏ ਸਨ|
ਹੋਟਲ ਅਰਪਿਤ ਪੈਲੇਸ ਦੇ ਕਰਮਚਾਰੀ ਹਰੀ ਸਿੰਘ ਨੇ ਦੱਸਿਆ ਕਿ ਇਸ ਹੋਟਲ ਵਿੱਚ ਕੁਲ 65 ਕਮਰੇ ਹਨ| ਇਹਨਾਂ ਵਿੱਚ ਕੁਲ 120 ਵਿਅਕਤੀ ਰੁਕੇ ਹੋਏ ਸਨ ਅਤੇ 30 ਵਿਅਕਤੀ ਸਟਾਫ ਦੇ ਮੌਜੂਦ ਸਨ| ਘਟਨਾ ਸਬੰਧੀਮੁੱਖ ਫਾਇਰ ਅਫਸਰ ਅਤੁਲ ਗਰਗ ਨੇ ਦੱਸਿਆ ਕਿ ਉਨ੍ਹਾਂ ਨੇ ਸਵੇਰੇ ਕਰੀਬ 8 ਵਜੇ ਤੱਕ ਅੱਗ ਉੱਤੇ ਕਾਬੂ ਪਾ ਲਿਆ ਸੀ| ਉਨ੍ਹਾਂ ਨੇ ਕੁਲ 35 ਵਿਅਕਤੀਆਂ ਨੂੰ ਜਿਉਂਦਾ ਬਾਹਰ ਕੱਢਣ ਦੀ ਗੱਲ ਵੀ ਕਹੀ|

Leave a Reply

Your email address will not be published. Required fields are marked *