ਦਿੱਲੀ ਪ੍ਰਦੂਸ਼ਣ : ਆਬੋ-ਹਵਾ ਅਜੇ ਵੀ ‘ਬੇਹੱਦ ਖਰਾਬ’


ਨਵੀਂ ਦਿੱਲੀ, 12 ਨਵੰਬਰ (ਸ.ਬ.)  ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਅੱਜ ਹਵਾ ਗੁਣਵੱਤਾ ‘ਬੇਹੱਦ ਖਰਾਬ’ ਸ਼੍ਰੇਣੀ ਵਿੱਚ ਦਰਜ ਕੀਤੀ ਗਈ ਹੈ| ਮਾਹਿਰਾਂ ਦਾ ਕਹਿਣਾ ਹੈ ਕਿ ਸਥਿਤੀ ਦੋ ਦਿਨ ਪਹਿਲਾਂ ਦੀ ਤੁਲਨਾ ਵਿਚ ਕਾਫੀ ਬਿਹਤਰ ਹੈ, ਜਦੋਂ ਪ੍ਰਦੂਸ਼ਣ ਦਾ ਪੱਧਰ ‘ਐਮਰਜੈਂਸੀ’ ਤੋਂ ਵੀ ਉਪਰ ਪਹੁੰਚ ਗਿਆ ਸੀ| ਸਰਕਾਰੀ ਏਜੰਸੀਆਂ ਅਤੇ ਮੌਸਮ ਮਾਹਿਰਾਂ ਨੇ ਦੱਸਿਆ ਕਿ ਹਵਾ ਦੀ ਦਿਸ਼ਾ ਉੱਤਰ-ਪੱਛਮੀ ਤੋਂ ਬਦਲ ਕੇ ਉਤਰ-ਉਤਰੀ-ਪੂਰਬੀ ਵੱਲ ਹੋਣ ਨਾਲ ਪ੍ਰਦੂਸ਼ਣ ਪੱਧਰ ਵਿਚ ਗਿਰਾਵਟ ਦਰਜ ਕੀਤੀ ਗਈ, ਕਿਉਂਕਿ ਹਵਾ ਦੀ ਦਿਸ਼ਾ ਕਰ ਕੇ ਪਰਾਲੀ ਸਾੜਨ ਨਾਲ ਦਿੱਲੀ ਵਿਚ ਪ੍ਰਦੂਸ਼ਣ ਦੀ ਹਿੱਸੇਦਾਰੀ ਵਿੱਚ ਜ਼ਿਕਰਯੋਗ ਕਮੀ ਆਈ ਹੈ| 
ਦਿੱਲੀ ਦਾ ਹਵਾ ਗੁਣਵੱਤਾ ਸੂਚਕਾਂਕ (ਏ. ਕਿਊ. ਆਈ.) ਸਵੇਰੇ 9 ਵਜੇ 315 ਦਰਜ ਕੀਤਾ ਗਿਆ| ਬੁੱਧਵਾਰ ਅਤੇ ਮੰਗਲਵਾਰ ਨੂੰ 24 ਘੰਟਿਆਂ ਦਾ ਔਸਤ ਸੂਚਕਾਂਕ 344 ਅਤੇ 476 ਦਰਜ ਹੋਇਆ ਸੀ| ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ ਦਿੱਲੀ ਵਿਚ ਲਗਾਤਾਰ 6 ਦਿਨਾਂ ਤੱਕ 4 ਨਵੰਬਰ ਤੋਂ 9 ਨਵੰਬਰ ਦਰਮਿਆਨ ਪ੍ਰਦੂਸ਼ਣ ਦਾ ਪੱਧਰ ‘ਗੰਭੀਰ ਸ਼੍ਰੇਣੀ’ ਵਿਚ ਬਣਿਆ ਹੋਇਆ ਸੀ| ਰਾਸ਼ਟਰੀ ਰਾਜਧਾਨੀ ਖੇਤਰ ਵਿਚ ਦਿੱਲੀ ਦੇ ਗੁਆਂਢੀ ਸ਼ਹਿਰਾਂ ਵਿੱਚ ਹਵਾ ਪ੍ਰਦੂਸ਼ਣ ਸੂਚਕਾਂਕ ਫਰੀਦਾਬਾਦ ਵਿਚ 306, ਗਾਜ਼ੀਆਬਾਦ ਵਿੱਚ 336, ਨੋਇਡਾ ਵਿੱਚ 291, ਗ੍ਰੇਟਰ ਨੋਇਡਾ ਵਿਚ 322, ਗੁਰੂਗ੍ਰਾਮ ਵਿਚ 261 ਦਰਜ ਕੀਤਾ ਗਿਆ|

Leave a Reply

Your email address will not be published. Required fields are marked *