ਦਿੱਲੀ ਮੋਰਚੇ ਤੋਂ ਪਰਤ ਰਹੇ ਮੰਡੀ ਕਲਾਂ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ


ਬਾਲਿਆਂਵਾਲੀ, 6 ਜਨਵਰੀ (ਸ.ਬ.) ਜ਼ਿਲ੍ਹਾ ਬਠਿੰਡਾ ਦੇ ਪਿੰਡ ਮੰਡੀ ਕਲਾਂ ਦੇ ਇਕ ਨੌਜਵਾਨ ਦੀ ਦਿੱਲੀ ਮੋਰਚੇ ਵਿੱਚੋਂ ਵਾਪਸ ਮੁੜਦੇ ਹੋਏ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਨਪ੍ਰੀਤ ਸਿੰਘ (24) ਆਪਣੇ ਮਾਂ ਬਾਪ ਦਾ ਇਕਲੌਤਾ ਪੁੱਤਰ ਸੀ ਅਤੇ ਹਾਲੇ ਕੁਆਰਾ ਸੀ। ਪਿਛਲੇ 9-10 ਦਿਨਾਂ ਤੋਂ ਮਨਪ੍ਰੀਤ ਸਿੰਘ ਦਿੱਲੀ ਕਿਸਾਨ ਅੰਦੋਲਨ ਵਿੱਚ ਟਰੈਕਟਰ ਟਰਾਲੀ ਤੇ ਗਿਆ ਹੋਇਆ ਸੀ।
ਬੀਤੀ ਰਾਤ ਉਹ ਆਪਣੇ ਕੁਝ ਸਾਥੀਆਂ ਨਾਲ ਵਾਪਸ ਆਪਣੇ ਪਿੰਡ ਮੰਡੀ ਕਲਾਂ ਨੂੰ ਆ ਰਿਹਾ ਸੀ ਤਾਂ ਮੌੜ ਮੰਡੀ ਨੇੜੇ ਉਸ ਨੂੰ ਅਚਾਨਕ ਹਾਰਟ ਅਟੈਕ ਆ ਗਿਆ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਇਕਾਈ ਪ੍ਰਧਾਨ ਸੁਰਜੀਤ ਸਿੰਘ ਰੋਮਾਣਾ, ਮੀਤ ਪ੍ਰਧਾਨ ਬਲਜਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਉਕਤ ਨੌਜਵਾਨ ਸੰਘਰਸ਼ ਦੌਰਾਨ ਸ਼ਹੀਦ ਹੋਇਆ ਹੈ। ਇਸ ਲਈ ਸਰਕਾਰ ਮਿ੍ਰਤਕ ਨੌਜਵਾਨ ਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਵੇ ਅਤੇ ਪਰਿਵਾਰ ਸਿਰ ਚੜਿ੍ਹਆ ਸਾਰਾ ਕਰਜ਼ਾ ਮੁਆਫ ਕਰ ਕੇ ਵੱਧ ਤੋਂ ਵੱਧ ਆਰਥਿਕ ਸਹਾਇਤਾ ਕਰੇ। ਇਸ ਸਬੰਧੀ ਥਾਣਾ ਬਾਲਿਆਂਵਾਲੀ ਦੇ ਮੁਖੀ ਜਸਵੀਰ ਸਿੰਘ ਨੇ ਕਿਹਾ ਕਿ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ 174 ਦੀ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *