ਦਿੱਲੀ ਮੋਰਚੇ ਵਿੱਚ ਟਰਾਲੀ ਨੂੰ ਲਗਾਈ ਅੱਗ

ਨਵੀਂ ਦਿੱਲੀ, 22 ਜਨਵਰੀ (ਸ.ਬ.)ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਖਿਲਾਫ ਸਿੰਘੂ ਬਾਰਡਰ ਉੱਤੇ ਅੰਦੋਲਨ ਕਰ ਰਹੇ ਕਿਸਾਨਾਂ ਵੱਲੋਂ ਇੱਕ ਟਰਾਲੀ ਨੂੰ ਅੱਗ ਲਗਾਉਣ ਵਾਲੇ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਸਿੰਘੂ ਮੋਰਚੇ ਉੱਤੇ ਡਟੇ ਕਿਸਾਨ ਜਦੋਂ ਰਾਤ ਨੂੰ ਸੌਂ ਗਏ ਤਾਂ ਅੱਧੀ ਰਾਤ ਇੱਕ ਵਿਅਕਤੀ ਨੇ ਇਕ ਟਰਾਲੀ ਨੂੰ ਅੱਗ ਲਗਾ ਦਿੱਤੀ।

ਫਿਲਹਾਲ ਕਿਸਾਨਾਂ ਵੱਲੋਂ ਕਾਬੂ ਕੀਤੇ ਗਏ ਵਿਅਕਤੀ ਨੂੰ ਪੁਲੀਸ ਹਵਾਲੇ ਕਰ ਦਿੱਤਾ ਗਿਆ ਹੈ। ਕਾਬੂ ਕੀਤੇ ਗਏ ਵਿਅਕਤੀ ਦਾ ਮਾਨਸਿਕ ਸੰਤੁਲਨ ਖਰਾਬ ਦੱਸਿਆ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਉਹ ਰਾਤ ਵੇਲੇ ਸਰਗਰਮ ਨਾ ਹੁੰਦੇ ਤਾਂ ਬਹੁਤ ਵੱਡਾ ਹਾਦਸਾ ਹੋ ਸਕਦਾ ਸੀ।

ਕਿਸਾਨਾਂ ਨੇ ਦੱਸਿਆ ਕਿ ਰਾਤ ਦੇ ਕਰੀਬ 2.30 ਵਜੇ ਅਜੇ ਉਹ ਸੁੱਤੇ ਹੀ ਸਨ ਕਿ ਉਕਤ ਵਿਅਕਤੀ ਲੰਗਰ ਵਾਲੇ ਪਾਸੇ ਗਿਆ ਅਤੇ ਉੱਥੋਂ ਸਮੱਗਰੀ ਇਕੱਠੀ ਕਰਕੇ ਅੱਗ ਲਗਾ ਦਿੱਤੀ, ਜਿਸਤੋਂ ਬਾਅਦ ਉੱਥੇ ਮੌਜੂਦ ਕਿਸਾਨਾਂ ਨੇ ਉਕਤ ਵਿਅਕਤੀ ਨੂੰ ਕਾਬੂ ਕਰ ਲਿਆ। ਉਕਤ ਵਿਅਕਤੀ ਕੈਥਲ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।

ਜਾਣਕਾਰੀ ਅਨੁਸਾਰ ਮਾਨਸਿਕ ਤੌਰ ਉੱਤੇ ਬਿਮਾਰ ਹੋਣ ਕਾਰਨ ਉਸਦੀ ਪਿਛਲੇ ਕਈ ਸਾਲਾਂ ਤੋਂ ਦਵਾਈ ਚੱਲ ਰਹੀ ਹੈ। ਫਿਲਹਾਲ ਪੁਲੀਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਕਿਸਾਨ ਲਗਾਤਾਰ ਸਿੰਘੂ ਅਤੇ ਟਿੱਕਰੀ ਬਾਰਡਰਾਂ ਉੱਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਧਰਨੇ ਉੱਤੇ ਬੈਠੇ ਹੋਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਹੁਣ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਘਰਾਂ ਨੂੰ ਵਾਪਸ ਮੁੜਾਂਗੇ।

Leave a Reply

Your email address will not be published. Required fields are marked *